ਪ੍ਰੋ. ਬਲਦੀਪ ਨੇ ਅਮਰੀਕਾ ਦੀ ਯਾਤਰਾ ਅਤੇ ਕਹਾਣੀਕਾਰ ਸੁਖਜੀਤ ‘ਮੱਥੇ ਦੇ ਵਲ਼’ ਕਹਾਣੀ ਪੇਸ਼ ਕੀਤੀ
ਸਮਰਾਲਾ, 21 ਦਸੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਲੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) ਸਮਰਾਲਾ ਵਿਖੇ ਹੋਈ।ਮੀਟਿੰਗ ਦੇ ਆਰੰਭ ਵਿੱਚ ਸਭਾ ਦੇ ਸਰਪ੍ਰਸਤ ਪ੍ਰੋ. ਬਲਦੀਪ ਦੇ ਪੋਤਰੇ ਅਭੀਦੀਪ ਦੇ ਜਨਮ ਦੀ ਖੁਸ਼ੀ ਲੱਡੂ ਵੰਡ ਕੇ ਸਾਂਝੀ ਕੀਤੀ ਗਈ। ਰਚਨਾਵਾਂ ਦੀ ਸ਼ੁਰੂਆਤ ਸੁਖਜੀਤ ਕੌਰ ਮੰਜਾਲੀਆ ਦੀ ਕਵਿਤਾ ‘ਸੱਚਾਈ ਨੂੰ ਰੱਖੀਏ ਜਿੰਦਾ’ ਨਾਲ ਕੀਤੀ ਗਈ। ਲਾਭ ਸਿੰਘ ਬੇਗੋਵਾਲ ਨੇ ਪਿਛਲੇ ਦਿਨੀਂ ਵਿਛੋੜਾ ਦੇ ਗਈ ਆਪਣੀ ਧਰਮ ਪਤਨੀ ਬਲਜੀਤ ਕੌਰ ਦੀ ਯਾਦ ਵਿੱਚ ਗਜ਼ਲ ‘ਕਾਹਤੋਂ ਛੱਡਕੇ ਤੁਰ ਗਿਆ ਦਿਲਬਰਾ ਓਏ, ਬੁਰਾ ਹਾਲ ਹੋਇਆ ਤੇਰੇ ਜਾਣ ਪਿੱਛੋਂ’ ਪੇਸ਼ ਕੀਤੀ। ਜਿਸ ਦੀ ਸਾਰੇ ਸਰੋਤਿਆਂ ਨੇ ਪ੍ਰਸੰਸਾ ਕੀਤੀ।ਪ੍ਰੋ. ਬਲਦੀਪ ਨੇ ਪਿਛਲੇ ਦਿਨੀਂ ਕੀਤੀ ਅਮਰੀਕਾ ਦੀ ਯਾਤਰਾ ਸਬੰਧੀ ਗੱਲਾਂ ਸਾਂਝੀਆਂ ਕਰਦੇ ਹੋਏ ਉੱਥੇ ਕਾਨੂੰਨ ਵਿਵਸਥਾ, ਸਾਫ ਸਫਾਈ ਅਤੇ ਆਮ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਦਾ ਵਿਸਥਾਰਪੂਰਨ ਹਾਲ ਪੇਸ਼ ਕੀਤਾ ਅਤੇ ਅਮਰੀਕਾ ਵਿੱਚ ਵੱਸਦੇ ਇੱਕ ਕਬੀਲੇ ਮੈਮਸ ਲੋਕਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।ਉੱਘੇ ਗਜ਼ਲ਼ਗੋ ਗੁਰਦਿਆਲ ਦਲਾਲ ਨੇ ਕਵਿਤਾ ‘ਭਲੇ ਦਿਨਾਂ ਦੀ ਧੂੂੜ ਵਿੱਚ ਖੋਏ ਆਪਣੇ ਸੁੱਖ’ ਸੁਣਾ ਕੇ ਵਾਹ-ਵਾਹ ਖੱਟੀ।ਨੌਜਵਾਨ ਕਹਾਣੀਕਾਰ ਸੰਦੀਪ ਸਮਰਾਲਾ ਨੇ ਆਪਣੀਂ ਨਵੀਂ ਕਹਾਣੀ ‘ਲਾਣੇ ਦਾ ਬਲਦ’ ਸੁਣਾਈ, ਜਿਸ ਉੱਤੇ ਨਿੱਠ ਕੇ ਚਰਚਾ ਹੋਈ ਅਤੇ ਕਹਾਣੀਕਾਰ ਸੁਖਜੀਤ ਨੇ ‘ਮੱਥੇ ਦੇ ਵਲ’ ਪੇਸ਼ ਕੀਤੀ। ਜਿਸ ਨੂੰ ਸਾਰਿਆਂ ਵੱਲੋਂ ਬਹੁਤ ਸਰਾਹਿਆ ਗਿਆ।ਦੀਪ ਦਿਲਬਰ ਨੇ ਕਿਤਾਬਾਂ ਬਾਰੇ ਲਿਖਿਆ ਲੇਖ ‘ਪੁਸਤਕਾਂ ਦੀ ਪਾਠਕਾਂ ਤੱਕ ਪਹੁੰਚ’ ਸਭ ਨਾਲ ਸਾਂਝਾ ਕੀਤਾ ਗਿਆ।ਕਵਿਤਾਵਾਂ ਦੇ ਦੌਰ ਵਿੱਚ ਨੌਜਵਾਨ ਕਵੀਆਂ ਨੇ ਹਾਜਰੀ ਲਵਾਉਂਦੇ ਹੋਏ ਆਪੋ ਆਪਣੀ ਕਵਿਤਾ ਪੇਸ਼ ਕੀਤੀ ਜਿੰਨਾਂ ਵਿੱਚ ਬਲਵੰਤ ਮਾਂਗਟ ਨੇ ‘ਸਾਡੇ ਵਿਚਕਾਰ ਜੰਗਲ ਹੈ’ ਅਤੇ ਬਲਬੀਰ ਸਿੰਘ ਬੱਬੀ ਨੇ ‘ਜੀ.ਐਸ.ਟੀ’, ਜਸਵੀਰ ਸਮਰਾਲਾ ਨੇ ‘ਬੈਠ ਕੇ ਵਿਚਾਰੋ’ ਅਤੇ ਗੁਰਦੀਪ ਸਿੰਘ ਜੱਸ ਮਹੌਣ ਨੇ ‘ਦੋ ਫੁੱਲ’ ਕਵਿਤਾਵਾਂ ਪੇਸ਼ ਕੀਤੀਆਂ। ਸੁਣਾਈਆਂ ਗਈਆਂ ਸਾਰੀਆਂ ਰਚਨਾਵਾਂ ਉਤੇ ਉਪਰੋਕਤ ਤੋਂ ਇਲਾਵਾ ਬਿਹਾਰੀ ਲਾਲ ਸੱਦੀ, ਗੁਰਦਿਆਲ ਦਲਾਲ, ਸੁਖਜੀਤ ਕਹਾਣੀਕਾਰ, ਦਰਸ਼ਨ ਸਿੰਘ ਕੰਗ, ਕੇਵਲ ਮੰਜਾਲੀਆਂ, ਪੁਖਰਾਜ ਸਿੰਘ ਘੁਲਾਲ, ਅਮਰ ਆਫਤਾਬ ਨੇ ਆਪਣੇ ਵੱਡਮੁੱਲੇ ਸੁਝਾਅ ਦਿੱਤੇ।ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ। ਅਖੀਰ ਵਿੱਚ ਸ਼ਹਿਰ ਸਮਰਾਲਾ ਦੀਆਂ ਲਾਇਬ੍ਰੇਰੀਆਂ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਨਗਰ ਕੌਂਸ਼ਲ ਸਮਰਾਲਾ ਨੂੰ ਇੱਕ ਮੰਗ ਪੱਤਰ ਦੇਣ ਦਾ ਸੁਝਾਅ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ।
Punjab Post Daily Online Newspaper & Print Media