ਨਵੀ ਦਿੱਲੀ, 23, ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ ਨਗਰ ਕੀਰਤਨ ਦਾ ਆਯੋਜਨ ਐਤਵਾਰ 24 ਦਸੰਬਰ ਨੂੰ ਕੀਤਾ ਜਾ ਰਿਹਾ ਹੈ, ਜੋ ਸਵੇਰੇ 10 ਵੱਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰੰਭ ਹੋਵੇਗਾ ਅਤੇ ਨਵੀਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀ ਪੁਰ ਡਿਪੂ, ਮੋਤੀ ਨਗਰ, ਕੀਰਤੀ ਨਗਰ, ਰਮੇਸ਼ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸੁਭਾਸ਼ ਨਗਰ ਮੋੜ, ਤਿਲਕ ਨਗਰ, ਜੇਲ੍ਹ ਰੋਡ, ਫਤਿਹ ਨਗਰ ਆਦਿ ਤੋਂ ਹੁੰਦਾ ਹੋਇਆ ਰਾਤ ਦੇਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਏ-ਬਲਾਕ ਫਤਿਹ ਨਗਰ ਵਿਖੇ ਸਮਾਪਤ ਹੋਵੇਗਾ।ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਨਗਰ ਕੀਰਤਨ ਵਿੱਚ ਰਣਜੀਤ ਨਗਾਰਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ (ਪਾਲਕੀ) ਤੋਂ ਪਿੱਛੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬਚਿਆਂ ਦੇ ਬਾਵਰਦੀ ਬੈਂਡ, ਸ਼ਬਦੀ ਜੱਥੇ, ਗਤਕਾ ਪਾਰਟੀਆਂ ਅਤੇ ਸੰਗਤਾਂ ਪੈਦਲ ਕੀਰਤਨੀ ਜੱਥਿਆਂ ਦੇ ਰੂਪ ਵਿੱਚ ਸ਼ਾਮਲ ਹੋ ਨਗਰ ਕੀਰਤਨ ਦੀ ਸ਼ੋਭਾ ਵਧਾਣਗੀਆਂ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ।ਰਾਣਾ ਦਸਿਆ ਕਿ ਇਸੇ ਦਿਨ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸਿੰਘ ਸਭਾ ਫਤਿਹ ਨਗਰ ਵਿੱਖੇ ਦੀਵਾਨ ਸਜੇਗਾ ਜਿਸ ਵਿੱਚ ਪ੍ਰਮੁਖ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨਗੇ।ਰਾਣਾ ਨੇ ਨੌਜਵਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਅਪੀਲ ਕੀਤੀ ਕਿ ਉਹ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰਖਦਿਆਂ ਕਿਸੇ ਕਿਸਮ ਦੀ ਆਤਸ਼ਬਾਜ਼ੀ ਨਾ ਚਲਾਉਣ, ਕਿਉਂਕਿ ਇਸ ਨਾਲ ਸਕੂਲਾਂ ਦੇ ਬਚਿਆਂ ਵਿੱਚ ਭਗਦੜ ਮਚਦੀ ਹੈ ਅਤੇ ਭਗਦੜ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਸਕਦੇ ਹਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media