Thursday, June 11, 2026

ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਹੋਵੇਗਾ 2018 ਦਾ ਦਿੱਲੀ ਫਤਹਿ ਦਿਵਸ ਸਮਾਗਮ

PPN2512201703 ਨਵੀਂ ਦਿੱਲੀ, 25 ਦਸੰਬਰ (ਪੰਜਾਬ ਪੋਸਟ ਬਿਊਰੋ) –  ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਾਇਆ ਗਿਆ। ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਏ ਸਮਾਗਮ ਦੌਰਾਨ ਕੀਰਤਨੀ ਜਥਿਆਂ, ਪ੍ਰਚਾਰਕਾਂ ਅਤੇ ਕਵੀ ਸਾਹਿਬਾਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਸੰਗਤਾਂ ਨੂੰ ਬੇਨਤੀ ਕੀਤੀ।ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਗੁਰੂ ਸਾਹਿਬ ਦੇ ਜੀਵਨ ਕਾਲ ’ਤੇ ਚਾਨਣਾ ਪਾਇਆ।
ਕਾਲਕਾ ਨੇ ਕਮੇਟੀ ਵੱਲੋਂ ਕੱਲ ਸਜਾਏ ਗਏ ਨਗਰ ਕੀਰਤਨ ਨੂੰ ਸੰਗਤਾਂ ਪਾਸੋਂ ਮਿਲੇ ਹਾਂ ਪੱਖੀ ਹੁੰਗਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼ ਪ੍ਰ੍ਰਚਾਰ ਕਰਨ ਵਾਲੇ ਸਿਆਸੀ ਲੋਕਾਂ ਨੂੰ ਸ਼ੀਸ਼ਾ ਵਿਖਾਉਣ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ। ਕਾਲਕਾ ਨੇ ਕਿਹਾ ਕਿ ਬੇਸ਼ਕ ਪ੍ਰਕਾਸ਼ ਪੁਰਬ ਦੇ ਨਾਂ ’ਤੇ ਸੋਸ਼ਲ ਮੀਡੀਆ ਰਾਹੀਂ ਬੜੇ ਭੁਲੇਖੇ ਪੈਦਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਦਿੱਲੀ ਦੀ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰ ਪੁਰਬ ਦੀ ਮਿਤੀ ਨੂੰ ਲੈ ਕੇ ਆਏ ਆਦੇਸ਼ ਨੂੰ ਸਰਬਉਚ ਮੰਨਿਆ। ਦਿੱਲੀ ਕਮੇਟੀ ਨੂੰ ਲਗਾਤਾਰ ਦਿੱਲੀ ਦੀ ਸੰਗਤ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਜਤਾਉਂਦੇ ਹੋਏ ਕਾਲਕਾ ਨੇ ਇਸ ਵਾਰ ਦਾ ਦਿੱਲੀ ਫਤਹਿ ਦਿਵਸ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ।PPN2512201704
ਫਤਹਿ ਨਗਰ ਨੇ ਕਮੇਟੀ ਵੱਲੋਂ ਸਟਾਫ਼ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਨਗਰ ਕੀਰਤਨ ਦੇ ਸਮੇਂ ਸਿਰ ਫਤਹਿ ਨਗਰ ਪੁੱਜਣ ਲਈ ਸਟਾਫ ਦੀ ਪਿੱਠ ਵੀ ਥਾਪੜੀ।ਹਿੱਤ ਨੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਚਮਕੌਰ ਦੀ ਜੰਗ ਤਕ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਦੇ ਹੋਏ ਦੇਸ਼ ਅਤੇ ਕੌਮ ਦੀ ਖ਼ਾਤਰ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਪੋਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵੱਲੋਂ ਸ਼ਹਾਦਤਾਂ ਦੇਣ ਨੂੰ ਦਾਦੇ ਦੀ ਲੀਕ ’ਤੇ ਤੁਰਣ ਦੇ ਤੌਰ ਦੇ ਪਰਿਭਾਸ਼ਿਤ ਕੀਤਾ।
ਡਾ. ਜਸਪਾਲ ਸਿੰਘ ਨੇ ਇਤਿਹਾਸਿਕ ਹਵਾਲੇ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਪੱਖੀ ਸਖਸ਼ੀਅਤ ਦਾ ਸ਼ਬਦਾ ਰਾਹੀਂ ਰੇਖਾਂਕਨ ਕੀਤਾ।ਗੁਰੂ ਸਾਹਿਬ ਵੱਲੋਂ ਲਿੱਖੇ ਗਏ ਜ਼ਫ਼ਰਨਾਮਹ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਮਹਾਨ ਲਿਖਾਰੀ ਅਤੇ ਮਹਾਦਾਨੀ ਵੀ ਦੱਸਿਆ।ਰਾਣਾ ਨੇ ਪੰਥ ਦੀ ਮਹਾਨ ਸੇਵਾਵਾਂ ਕਰਨ ਵਾਲੀਆਂ ਸਖ਼ਸ਼ੀਅਤਾ ਨੂੰ ਸਨਮਾਨਿਤ ਕਰਨ ਲਈ ਦਿੱਲੀ ਕਮੇਟੀ ਵੱਲੋਂ ਰਾਜਾ ਮੇਘਨੀ ਪ੍ਰਕਾਸ਼ ਦੇ ਨਾਂ ’ਤੇ ਐਵਾਰਡ ਸ਼ੁਰੂ ਕਰਨ ਦਾ ਜ਼ਿਕਰ ਕੀਤਾ।
ਇਸ ਮੌਕੇ ਇੰਦਰਾ ਕਤਲਕਾਂਡ ਦੇ ਦੋਸ਼ੀ ਭਾਈ ਸਤਵੰਤ ਸਿੰਘ ਦੇ ਭਰਾ ਭਾਈ ਸਵਰਨ ਸਿੰਘ ਅਤੇ 7.5 ਮਹੀਨੇ ’ਚ ਬੀੜ ਸਾਹਿਬ ਦਾ ਉਤਾਰਾ ਕਰਨ ਵਾਲੀ 90 ਸਾਲਾਂ ਬਜ਼ੂੱਰਗ ਬੀਬੀ ਅਮਰੀਕ ਕੌਰ ਨੂੰ ਸ਼ਾਲ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਬਾਬਾ ਬਚਨ ਸਿੰਘ ਨੇ ਸੰਗਤਾਂ ਨੂੰ ਨਾਮ ਸਿਮਰਣ ਕਰਵਾਉਂਦੇ ਹੋਏ ਇਤਿਹਾਸਿਕ ਗੁਰਦੁਆਰਾ ਸਾਹਿਬਾਨਾ ’ਚ ਚੱਲ ਰਹੀਆਂ ਕਾਰ ਸੇਵਾਵਾਂ ਵਿਚ ਆਪਣਾ ਦਸਵੰਧ ਭੇਟ ਕਰਨ ਦੀ ਸੰਗਤਾਂ ਨੂੰ ਅਪੀਲ ਕੀਤੀ। ਇਸ ਮੌਕੇ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਦਲਜੀਤ ਸਿੰਘ ਸਰਨਾ, ਹਰਜੀਤ ਸਿੰਘ ਜੀ.ਕੇ, ਰਮਿੰਦਰ ਸਿੰਘ ਸਵੀਟਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਵਾਇਸ ਚੇਅਰਮੈਨ ਰਵਿੰਦਰ ਸਿੰਘ ਬਿੱਟੂ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply