Tuesday, August 11, 2026

ਕਿਸਾਨ ਰਵਾਇਤੀ ਸੋਚ ਤਿਆਗ ਕੇ ਵਪਾਰਕ ਤੇ ਵਿਗਿਆਨਕ ਸੋਚ ਦੇ ਧਾਰਨੀ ਬਨਣ ਡਾ. ਅਮਰੀਕ ਸਿੰਘ

PPN2512201709ਪਠਾਨਕੋਟ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਪਠਾਨਕੋਟ ਵਲੋਂ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਬਲਾਕ ਪਠਾਨਕੋਟ ਵਿੱਚ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਪਿੰਡ ਨੌਸ਼ਹਿਰਾ ਨਲਬੰਦਾ ਵਿੱਚ ਸਰਪੰਚ ਗਰਾਮ ਪੰਚਾਇਤ ਨੌਸ਼ਹਿਰਾ ਨਲਬੰਦਾ ਸੁਖਜਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਲਗਾਇਆ ਗਿਆ,ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕਤਿੀ।ਡਾ. ਜਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਤਵਿੰਦਰ ਸਿੰਘ ਸਮਾਜ ਸੇਵਕ, ਲਖਵਿੰਦਰ ਸਿੰਘ, ਹਰਭਜਨ ਸਿੰਘ, ਬਚਿੱਤਰ ਸਿੰਘ, ਸਰੂਪ ਸਿੰਘ, ਸਕੱਤਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਲਾਕ ਪਠਾਨਕੋਟ ਵਿੱਚ ਪ੍ਰਤੀ ਹੈਕਟੇਅਰ ਕਣਕ ਦੀ ਪੈਦਾਵਾਰ ਵਿੱਚ ਵਾਧਾ ਕਰਨ ਲਈ ਕਣਕ ਦੀ ਕਟਾਈ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਬਲਾਕ ਪਠਾਨਕੋਟ ਦੇ ਸਮੂਹ ਪਿੰਡਾਂ ਦੇ ਕਿਸਾਨਾਂ ਤੱਕ ਕਿਸਾਨ ਸਿਖਲਾਈ ਕੈਂਪਾਂ, ਪ੍ਰਿੰਟ ਮੀਡੀਆ, ਸ਼ੋਸ਼ਲ ਮੀਡੀਆ (ਵਟਸਐਪ) ਰਾਹੀਂ ਫਸਲਾਂ ਦੀ ਕਾਸ਼ਤ ਸੰਬੰਧੀ ਸੁਧਰੀਆਂ ਨਵੀਨਤਮ ਤਕਨੀਕਾਂ ਪਹੁੰਚਾਈਆਂ ਜਾਣਗੀਆਂ।ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ ਖੇਤ ਵਿੱਚ ਉੱਗੇ ਨਦੀਨਾਂ ਮੁਤਾਬਕ ਸਿਫਾਰਸ਼ ਕੀਤੇ ਨਦੀਨਨਾਸ਼ਕਾਂ ਦਾ ਛਿੜਕਾਅ ਸਹੀ ਤਰੀਕੇ ਅਤੇ ਸਹੀ ਸਮੇਂ `ਤੇ ਕਰਨਾ ਚਾਹੀਦਾ।ਉਨਾਂ ਕਿਹਾ ਕਿਸਾਨਾਂ ਨੂੰ ਰਵਾਇਤੀ ਸੋਚ ਨੂੰ ਤਿਆਗ ਕੇ ਵਿਉਪਾਰਕ ਅਤੇ ਵਿਗਿਆਨਕ ਸੋਚ ਦਾ ਧਾਰਨੀ ਬਨਣਾ ਚਾਹੀਦਾ ਹੈ।
ਡਾ ਜਰਮਨਜੀਤ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜੇਕਰ ਕੋਈ ਸਮੱਸਿਆ ਆਵੇ ਤਾਂ ਖੇਤੀਬਾੜੀ ਦਫਤਰ ਨਾਲ ਸ਼ੰਪਰਕ ਕਰਕੇ ਹੀ ਹੱਲ ਕੀਤਾ ਜਾਵੇ।ਉਨਾਂ ਕਿਹਾ ਕਿ ਪੀਲਕਾਂ, ਬਟਨਬੂਟੀ, ਕਾਇਆਂਕੋਠੀ ਦੀ ਰੋਕਥਾਮ ਲਈ ਵਰਤੀ ਜਾਣ ਵਾਲੀ 20 ਗ੍ਰਾਮ ਕਾਰਪੈਂਟਰਜ਼ੋਲ (ਅਫਿਨਟੀ) ਨਦੀਨਨਾਸ਼ਕ ਦੀ ਵਰਤੋਂ ਲਈ ਪ੍ਰਤੀ ਏਕੜ 200 ਲਿਟਰ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ, ਕਿਉਂਕਿ ਘੱਟ ਪਾਣੀ ਵਰਤਣ ਨਾਲ ਕਣਕ ਉਪਰ ਮਾੜਾ ਪ੍ਰਭਾਵ ਪੈਂਦਾ ਹੈ।
ਅਗਾਂਹਵਧੂ ਕਿਸਾਨ ਅਤੇ ਸਰਪੰਚ ਸੁਖਜਿੰਦਰ ਸਿੰਘ ਆਪਣੇ ਤਜ਼ੱਰਬੇ ਸਾਂਝੇ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਵਿੱਚ ਯੂਰੀਆ ਦੀ ਵਰਤੋਂ ਸਿਫਾਰਸ਼ਾਂ ਤੋਂ ਵੱਧ ਨਹੀਂ ਕਰਨੀ ਚਾਹੀਦੀ।ਉਨਾਂ ਕਿਹਾ ਕਿ ਕਿਸਾਨ ਨੂੰ ਫਸਲ ਪੈਦਾਵਾਰ ਕਰਨ ਦੇ ਨਾਲ ਨਾਲ ਮੰਡੀਕਰਨ ਦੇ ਨੁਕਤਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ।ਉਨਾਂ ਕਿਹਾ ਕਿ ਫਸਲ ਨੂੰ ਪੂਰੀ ਤਰਾਂ ਪੱਕਣ ਤੇ ਕੱਟਣਾ ਚਾਹੀਦਾ ਤਾਂ ਜੋ ਮੰਡੀ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply