ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਖਿਆ ਹੈ ਕਿ ਸੂਬਾ
ਸਰਹਿੰਦ ਦੇ ਨਵਾਬ ਵਜ਼ੀਰ ਖਾਨ ਵੱਲੋਂ ਪੋਹ ਮਹੀਨੇ ਦੀ ਹੱਡ ਚੀਰਵੀਂ ਕੜਕਦੀ ਠੰਡ ਵਿਚ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ‘ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਠੰਡੇ ਬੁਰਜ਼ ਵਿਚ ਕੈਦ ਕਰਕੇ ਰੱਖਿਆ ਗਿਆ ਸੀ ਤੇ ਉਸ ਵੱਲੋਂ ਜਾਰੀ ਕੀਤੇ ਫ਼ਤਵੇ ਉਪਰੰਤ 13 ਪੋਹ ਨੂੰ ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਗਰ ‘ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ` ਨੂੰ ਜਲਾਦਾਂ ਵੱਲੋਂ ਸਰਹਿੰਦ ਵਿਖੇ ਸ਼ਹੀਦ ਕੀਤਾ ਗਿਆ।ਇਸ ਲਾਸਾਨੀ ਸ਼ਹਾਦਤ ਨੇ ਸਿੱਖ ਕੌਮ ਅੰਦਰ ਇਕ ਅਦੁੱਤੀ ਮਿਸਾਲ ਕਾਇਮ ਕੀਤੀ ਕਿ ਦੁਨੀਆਂ ਭਰ ਵਿਚ ਵਸਦੇ ਸਮੁਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਆਪਣੇ ਧਰਮ ਪ੍ਰਤੀ ਦ੍ਰਿੜ੍ਹ ਹੋਵੇ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 27 ਦਸੰਬਰ ਨੂੰ ਸ਼ਹੀਦੀ ਸਭਾ ਦਾ ਆਯੋਜਿਨ ਕੀਤਾ ਜਾ ਰਿਹਾ ਹੈ।ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ’ਤੇ ਨਤਮਸਤਕ ਹੋਣ ਲਈ ਪੁਜਦੀਆਂ ਹਨ।
ਆਓ… ਇਸ ਲਾਸਾਨੀ ਸ਼ਹਾਦਤ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਭੇਂਟ ਕਰਨ ਲਈ ਹਰੇਕ ਮਾਈ ਭਾਈ 27 ਦਸੰਬਰ ਨੂੰ ਸਵੇਰੇ 10:00 ਵਜੇ ਘੱਟੋ-ਘੱਟ ਪੰਜ ਮਿੰਟ ਮੂਲ ਮੰਤਰ ਦਾ ਜਾਪ ਕਰਨ ਦਾ ਉਪਰਾਲਾ ਕਰੇ ਅਤੇ ਆਪਣੇ ਬੱਚੇ-ਬੱਚੀਆਂ ਖਾਸ ਕਰਕੇ ਨੌਜਵਾਨ ਪੀੜੀ ਨੂੰ ਅਜਿਹੇ ਸ਼ਹੀਦੀ ਦਿਹਾੜਿਆਂ ਤੇ ਸ਼ਹੀਦਾਂ ਦੀਆਂ ਗਾਥਾਵਾਂ ਤੋਂ ਜਾਣੂੰ ਕਰਵਾਉਣ ਤਾਂ ਕਿ ਉਹ ਨਸ਼ਿਆਂ ਤੇ ਪੱਤਿਤਪੁਣੇ ਦਾ ਤਿਆਗ ਕਰਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਹੋਣ।ਇਹ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ-ਸੁੱਚੀ ਸਰਧਾਂਜਲੀ ਹੋਵੇਗੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media