Sunday, March 29, 2026

ਹੁੱਕਾ ਬਾਰ ਬਾਰੇ ਜਿਲਾ ਤੇ ਪੁਲਿਸ ਪ੍ਰਸਾਸ਼ਨ ਹੋਟਲ ਮਾਲਕਾਂ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ

PPN2712201711ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਦੇ ਵੱਖ-ਵੱਖ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਚੱਲ ਰਹੇ ਹੁੱਕਾ ਬਾਰ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵ ਵੱਲੋਂ ਇੰਨਾਂ ਦੇ ਮਾਲਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਇਸ ਵਿਚ ਦੋਵਾਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਮੀਟਿੰਗ ਤੰਬਾਕੂ ਦੀਆਂ ਹਾਨੀਆਂ ਦੱਸਣ ਜਾਂ ਸਮਝਾਉਣ ਲਈ ਨਹੀਂ ਰੱਖੀ ਗਈ, ਬਲਕਿ ਤਹਾਨੂੰ ਇਹ ਦੱਸਣ ਲਈ ਕੀਤੀ ਗਈ ਹੈ ਕਿ ਅੱਜ ਤੋਂ ਬਾਅਦ ਜੇਕਰ ਤੁਹਾਡੇ ਹੋਟਲਾਂ ਜਾਂ ਰੈਸਟੋਰੈਂਟਾਂ ਵਿਚ ਹੁੱਕਾ ਬਾਰ ਚੱਲਦੀ ਮਿਲ ਗਈ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ. ਸੰਘਾ ਨੇ ਹੋਟਲ ਮਾਲਕਾਂ ਦੀ ਘੱਟ ਗਿਣਤੀ ਨੂੰ ਵੇਖਦੇ ਸਖਤੀ ਨਾਲ ਕਿਹਾ ਕਿ ਅੱਜ ਮੀਟਿੰਗ ਵਿਚ ਸ਼ਾਮਿਲ ਨਾ ਹੋਣ ਵਾਲੇ ਹੋਟਲ ਮਾਲਕ ਸਾਡੀ ਚੇਤਾਵਨੀ ਸੁਣਨ ਤੋਂ ਬਚ ਸਕਦੇ ਹਨ, ਪਰ ਕਾਰਵਾਈ ਤੋਂ ਨਹੀਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਸ਼ਹਿਰ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹਰ ਤਰਾਂ ਦਾ ਸਹਿਯੋਗ ਅਤੇ ਢੁੱਕਵਾਂ ਵਾਤਾਵਰਣ ਦੇ ਰਹੇ ਹਾਂ, ਪਰ ਹੁੱਕਾ ਬਾਰ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਣਗੇ, ਚਾਹੇ ਉਹ ਕਿਸੇ ਆਮ ਵਿਅਕਤੀ ਦਾ ਹੋਵੇ, ਪਹੁੰਚ ਵਾਲੇ ਦਾ ਹੋਵੇ ਜਾਂ ਸਾਡੇ ਕਿਸੇ ਅਧਿਕਾਰੀ ਦਾ ਹੋਵੇ। ਉਨਾਂ ਦੱਸਿਆ ਕਿ ਅੱਜ ਤੋਂ ਦੋ ਕੁ ਮਹੀਨੇ ਪਹਿਲਾਂ ਵੀ ਹੋਟਲ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਸੀ, ਪਰ ਇਸ ਦਾ ਅਸਰ ਨਹੀਂ ਹੋਇਆ, ਸੋ ਅੱਜ ਦੀ ਚੇਤਾਵਨੀ ਮੀਟਿੰਗ ਤੋਂ ਬਾਅਦ ਕਾਨੂੰਨੀ ਕਾਰਵਾਈ ਹੀ ਹੋਵੇਗੀ।ਉਨਾਂ ਕਿਹਾ ਕਿ ਜੇਕਰ ਤੁਸੀਂ ਹੋਟਲ ਚਲਾਉਣੇ ਹਨ ਤਾਂ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ।
ਮੀਟਿੰਗ ਵਿਚ ਬੋਲਦੇ ਪੁਲਿਸ ਕਮਿਸ਼ਨਰ ਸ੍ਰੀ ਐਸ. ਸ੍ਰੀਵਾਸਤਵ ਨੇ ਕਿਹਾ ਕਿ ਅਕਸਰ ਹੋਟਲ ਮਾਲਕ ਇਹ ਆਖ ਕੇ ਬਚਣ ਦੀ ਕੋਸ਼ਿਸ ਕਰਦੇ ਹਨ ਕਿ ਹੁੱਕਾ ਤਾਂ ਗਾਹਕ ਨਾਲ ਲੈ ਆਇਆ ਸੀ। ਉਨਾਂ ਕਿਹਾ ਕਿ ਜੇਕਰ ਤੁਸੀਂ ਗਾਹਕ ਨੂੰ ਸ਼ਰਾਬ ਜਾਂ ਰੋਟੀ ਘਰੋਂ ਲਿਆ ਕੇ ਖਾਣ ਦੀ ਆਗਿਆ ਨਹੀਂ ਦਿੰਦੇ ਤਾਂ ਹੁੱਕੇ ਦੀ ਵੀ ਨਹੀਂ ਦਿੰਦੇ, ਸੋ ਇਹ ਬਹਾਨਾਬਜ਼ੀ ਨਹੀਂ ਚੱਲਣੀ, ਕਾਰਵਾਈ ਹੋਟਲ ਮਾਲਕ ’ਤੇ ਹੋਵੇਗੀ।ਉਨਾਂ ਕਿਹਾ ਕਿ ਜੇਕਰ ਗਾਹਕ ਤੁਹਾਡੀ ਗੱਲ ਨਹੀਂ ਮੰਨਦਾ ਤਾਂ ਤਰੁੰਤ ਪੁਲਿਸ ਨੂੰ ਸੂਚਿਤ ਕਰਨਾ ਤੁਹਾਡਾ ਫਰਜ਼ ਹੈ।ਉਨਾਂ ਸਾਰੇ ਹੋਟਲ ਮਾਲਕਾਂ ਨੂੰ ਕਿਹਾ ਕਿ ਉਹ ਗਾਹਕਾਂ ਦੀ ਪਹੁੰਚ ਵਾਲੇ ਸਾਰੇ ਥਾਵਾਂ ’ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣ।ਇਸ ਮੌਕੇ ਬੋਲਦੇ ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਕਿਹਾ ਕਿ ਜਿਹੜੇ ਹੋਟਲ ਦੇ ਬਾਹਰ ਜਾਂ ਰਿਸ਼ੈਪਸ਼ਨ ’ਤੇ ਮੋਟੇ ਅੱਖਰਾਂ ਵਿਚ ਤੰਬਾਕੂਨੋਸ਼ੀ ਰਹਿਤ ਖੇਤਰ ਦਾ ਬੋਰਡ ਵੀ ਨਾ ਲੱਗਾ ਹੋਇਆ, ਉਸ ਵਿਰੁੱਧ ਵੀ ਕਾਨੂੰਨੀ  ਕਾਰਵਾਈ ਸਿਹਤ ਵਿਭਾਗ ਵੱਲੋਂ ਕੀਤੀ ਜਾਵੇਗੀ।
ਨਵੇਂ ਸਾਲ ਦੀ ਆਮਦ ਨੂੰ ਵੇਖਦੇ ਪੁਲਿਸ ਕਮਿਸ਼ਨਰ ਨੇ ਹੋਟਲ ਮਾਲਕਾਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਸਮਰੱਥਾ ਤੋਂ ਵੱਧ ਲੋਕਾਂ ਨੂੰ ਆਪਣੇ ਹੋਟਲਾਂ ਵਿਚ ਆਉਣ ਦੀ ਆਗਿਆ ਨਾ ਦਿਉ, ਲੋਕਾਂ ਨੂੰ ਹਥਿਆਰ ਲੈ ਕੇ ਨਾ ਆਉਣ ਦਿਉ ਅਤੇ ਉਚੀ ਅਵਾਜ਼ ਵਿਚ ਸੰਗੀਤ ਨਾ ਵਜਾਓ।ਇਸੇ ਤਰਾਂ ਦੇਰ ਰਾਤ ਚੱਲਣ ਵਾਲੀਆਂ ਪਾਰਟੀਆਂ ਦੇ ਸਮੇਂ ਅਤੇ ਸਥਾਨ ਬਾਰੇ ਪੁਲਿਸ ਨੂੰ ਪਹਿਲਾਂ ਜਾਣਕਾਰੀ ਦਿਓ।ਉਨਾਂ ਕਿਹਾ ਕਿ ਜਿੱਥੇ ਵੀ ਕਾਨੂੰਨ ਦੀ ਉਲੰਘਣਾ ਹੋਈ, ਉਸ ਦੇ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ, ਨਾ ਕਿ ਮੈਨੇਜਰ ਜਾਂ ਅਮਲੇ ਵਿਰੁੱਧ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਸੀ.ਪੀ ਅਮਰੀਕ ਸਿੰਘ ਪਵਾਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਖੁਸ਼ਦੀਪ ਸਿੰਘ ਤੇ ਸ਼ਿਵਰਾਜ ਸਿੰਘ ਬੱਲ (ਪੀ. ਸੀ. ਐਸ.), ਸਿਹਤ ਅਫਸਰ ਸ੍ਰੀ ਰਾਜੂ ਚੌਹਾਨ, ਜਿਲਾ ਸਿਹਤ ਅਧਿਕਾਰੀ ਸ੍ਰੀ ਭਾਗੋਵਾਲੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply