Sunday, March 29, 2026

ਬੱਚਿਆਂ ਨੂੰ ਪਹਿਲੀ ਦਸਤਾਰ ਦੇਵੇਗੀ ਦਿੱਲੀ ਕਮੇਟੀ, ਸ਼ਹੀਦੀ ਜੋੜ ਮੇਲ ’ਤੇ ਪ੍ਰਧਾਨ ਜੀ.ਕੇ ਨੇ ਕੀਤਾ ਐਲਾਨ

PPN2712201714ਨਵੀਂ ਦਿੱਲੀ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਦਸਤਾਰ ਦਾ ਲੰਗਰ ਵਰਤਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਛੋਟੋ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੌਰਾਨ ਇਸ ਗੱਲ ਦਾ ਇਸ਼ਾਰਾ ਕੀਤਾ।
ਜੀ.ਕੇ ਨੇ ਕਿਹਾ ਕਿ ਬਾਬਾ ਫਤਹਿ ਸਿੰਘ ਨੂੰ ਉੱਚੇ ਦੁਮਾਲੇ ਸਜਾਉਣ ਦਾ ਸ਼ੌਕ ਸੀ ਤਾਂਕਿ ਉਹ ਕੱਦ ਕਰਕੇ ਵੱਡੇ ਸਾਹਿਬਜ਼ਾਦਿਆਂ ਦੇ ਬਰਾਬਰ ਨਜ਼ਰ ਆਉਣ।ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਵਿਖੇ ਬਾਬਾ ਫਤਹਿ ਸਿੰਘ ਵਲੋਂ ਉੱਚਾ ਦੁਮਾਲਾ ਸਜਾਉਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਬਾਬਾ ਫਤਹਿ ਸਿੰਘ ਵੱਡੇ ਦੁਮਾਲੇ ਵਾਂਗ ਵੱਡੇ ਕੰਮ ਵੀ ਕਰਨਗੇ।ਜਿਸ ਕਰਕੇ ਅੱਜ ਵੀ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਵਿਖੇ ਸੰਗਤਾਂ ਆਪਣੇ ਬੱਚਿਆਂ ਦੇ ਸਿਰ ’ਤੇ ਪਹਿਲੀ ਦਸਤਾਰ ਸਜਾਉਣ ਦੀ ਅਰਦਾਸ ਕਰਨ ਜਾਂਦੀਆਂ ਹਨ।
ਜੀ.ਕੇ ਨੇ ਕਿਹਾ ਕਿ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਇਸ ਪਵਿੱਤਰ ਸਥਾਨ ’ਤੇ ਕਮੇਟੀ ਵੱਲੋਂ ਛੇਤੀ ਹੀ ਪਹਿਲੀ ਦਸਤਾਰ ਸਜਾਉਣ ਦੀ ਅਰਦਾਸ ਕਰਾਉਣ ਵਾਲੇ ਬੱਚੇ ਨੂੰ ਇੱਕ ਦਸਤਾਰ ਜਾਂ ਦੁਮਾਲਾ ਕਮੇਟੀ ਵੱਲੋਂ ਭੇਟਾ ਰਹਿਤ ਦਿੱਤਾ ਜਾਵੇਗਾ ਤਾਂਕਿ ਸਾਹਿਬਜ਼ਾਦਿਆਂ ਦੀ ਮਾਤਾਵਾਂ ਦੇ ਬੁੱਕਲ ’ਚ ਆ ਕੇ ਆਪਣੀ ਸਰਦਾਰੀ ਸੰਭਾਲਣ ਵਾਲੇ ਬੱਚੇ ਸਿੱਖ ਪੰਥ ਦਾ ਸੁਨਹਿਰਾ ਭਵਿੱਖ ਬਣ ਸਕੇ।ਬੱਚਿਆਂ ਨੂੰ ਦਸਤਾਰ ਅਤੇ ਦੁਮਾਲਾ ਸਜਾਉਣ ਦੀ ਸਿੱਖਲਾਈ ਦੇਣ ਵਾਸਤੇ ਵਿਸ਼ੇਸ਼ ਕੈਂਪ ਵੀ ਗੁਰਦੁਆਰਾ ਮਾਤਾ ਸੰੁਦਰੀ ਸਾਹਿਬ ਵਿਖੇ ਲਗਾਉਣ ਦਾ ਜੀ.ਕੇ ਨੇ ਐਲਾਨ ਕੀਤਾ।
ਜੀ.ਕੇ ਨੇ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਧਰਮ ਯੁੱਧ ਦੀ ਸੰਗਿਆ ਦਿੰਦੇ ਹੋਏ ਕਿਹਾ ਕਿ ਦੂਜੇ ਧਰਮਾਂ ਦੇ ਮਹਾਪੁਰਖਾਂ ਨੇ ਸਿਰਫ਼ ਲੋਕਾਂ ਨੂੰ ਸੱਚੇ ਮਾਰਗ ’ਤੇ ਚਲਣ ਦੀਆਂ ਪ੍ਰੇਰਣਾ ਕੀਤੀਆਂ ਹਨ ਪਰ ਸਿੱਖ ਗੁਰੂਆਂ ਨੇ ਆਪਣੇ ਪਿੰਡੇ ’ਤੇ ਦਰਦ ਹੰਡਾ ਕੇ ਸੱਚ ਨੂੰ ਪ੍ਰਗਟ ਕੀਤਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨੂੰ ਮੁਖ ਕਾਰਨ ਦੱਸਦੇ ਹੋਏ ਜੀ.ਕੇ ਨੇ ਕਿਹਾ ਕਿ ਜਹਾਂਗੀਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਕਰਕੇ ਇਸਲਾਮਿਕ ਕੱਟੜਪੰਥੀਆਂ ਵੱਲੋਂ ਇਸਲਾਮ ਨੂੰ ਖਤਰਾ ਹੋਣ ਦਾ ਖੰਦਸਾ ਪ੍ਰਗਟ ਕੀਤਾ ਗਿਆ ਸੀ। ਜਿਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜਿਕਰ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਉਪਰੰਤ ਚਾਰੋ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਬਾਬਾ ਬੰਦਾ ਸਿੰਘ ਬਹਾਦਰ ਸਣੇ ਵੱਡੀ ਗਿਣਤੀ ’ਚ ਸਿੰਘਾਂ-ਸਿੰਘਾਣਿਆਂ ਅਤੇ ਬੱਚਿਆਂ ਨੇ ਲੜੀਵਾਰ ਸ਼ਹਾਦਤਾਂ ਦੇ ਕੇ ਮੁਗਲ ਰਾਜ ਦੀ ਨੀਂਹ ਹਿਲ੍ਹਾ ਦਿੱਤੀ।ਜੀ.ਕੇ ਨੇ ਸਾਫ਼ ਕਿਹਾ ਕਿ ਜੇਕਰ ਅੱਜ ਮੁਲਕ ਦੇ ਪ੍ਰਧਾਨ ਮੰਤਰੀ ਸਰਕਾਰੀ ਕਾਗਜਾਤਾਂ ’ਤੇ ਦਸਤਖਤ ਕਰਦੇ ਹਨ ਤਾਂ ਉਸਦੇ ਪਿੱਛੇ ਸਿੱਖਾਂ ਦੀਆਂ ਅਨਮੋਲ ਕੁਰਬਾਨੀਆਂ ਹਨ।ਕਿਉਂਕਿ ਦੇਸ਼ ’ਚ ਸਮਾਜਵਾਦ, ਧਰਮਨਿਰਪਖਤਾ ਅਤੇ ਲੋਕਤੰਤਰ ਸਿੱਖਾਂ ਦੀ ਦਿਲੇਰੀ ਕਰਕੇ ਜਿਉਂਦਾ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦਾ ਹਵਾਲਾ ਦੇਣ ਦੌਰਾਨ ਜੀ.ਕੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀਕਲਾ ਵਾਲੀ ਅਵਸਥਾ ਨੂੰ ਇਤਿਹਾਸਿਕ ਕਰਾਰ ਦਿੱਤਾ। ਜੀ.ਕੇ ਨੇ ਕਿਹਾ ਕਿ ਇੱਕ ਪਾਸੇ ਅਯੋਧਿਆਂ ਨਰੇਸ਼ ਦਸ਼ਰਥ ਆਪਣੇ ਪੁੱਤਰ ਰਾਮਚੰਦਰ ਦੇ 14 ਸਾਲ ਦੇ ਵਨਵਾਸ ’ਤੇ ਜਾਣ ਦਾ ਗਮ ਸਹਿਣ ਨਹੀਂ ਕਰ ਪਾਉਂਦੇ ਤੇ ਪੁੱਤਰ ਵਿਓਗ ’ਚ ਸੰਸਾਰ ਹੀ ਛੱਡ ਦਿੰਦੇ ਹਨ।ਪਰ ਦੂਜੇ ਪਾਸੇ ਦੇਸ਼ ਕੌਮ ਦੇ ਲੇਖੇ ਚਾਰੋ ਪੁੱਤਰਾਂ ਨੂੰ ਲਗਾਉਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਉ_ਚੀ ਆਵਾਜ਼ ’ਚ ਜੈਕਾਰੇ ਗਜਾਉਂਦੇ ਹੋਏ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ।
ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਿੱਖ ਇਤਿਹਾਸ ਚੋਂ ਹਵਾਲੇ ਦਿੰਦੇ ਹੋਏ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਲਾਸਾਨੀ ਦੱਸਿਆ।ਸਟੇਜ਼ ਸਕੱਤਰ ਦੀ ਸੇਵਾ ਕਮੇਟੀ ਮੈਂਬਰ ਹਰਿੰਦਰ ਪਾਲ ਸਿੰਘ ਤੇ ਜਤਿੰਦਰ ਪਾਲ ਸਿੰਘ ਗੋਲਡੀ ਵੱਲੋਂ ਨਿਭਾਈ ਗਈ।ਇਸ ਮੌਕੇ ਉਭਰਦੇ ਬਾੱਲੀਬਾਲ ਖਿਡਾਰੀ ਕਾਰਤਿਕ ਤ੍ਰੇਹਨ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਲਈ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਨੇ ਨਾਮ ਸਿਮਰਨ ਕਰਵਾਇਆ।ਇਸ ਮੌਕੇ ਹਜ਼ਾਰਾਂ ਸੰਗਤਾਂ ਨੇ ਬੱਚਿਆਂ ਦੇ ਨਾਲ ਹਾਜ਼ਰੀ ਭਰੀ।ਉੱਘੇ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਵੱਲੋਂ ਸਿੱਖ ਇਤਿਹਾਸ ਨਾਲ ਜੋੜਨ ਦੀ ਸੇਵਾ ਨਿਭਾਈ ਗਈ। ਇਸ ਮੌਕੇ ਦਿੱਲੀ ਕਮੇਟੀ ਦੇ ਸਮੂਹ ਮੈਂਬਰਾਂ ਸਣੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਰਜੀਤ ਸਿੰਘ ਬਾਉਂਸ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply