ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਇਹ ਵਰ੍ਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਪ੍ਰੋ. ਜਸਪਾਲ
ਸਿੰਘ ਸੰਧੂ ਦੀ ਅਗਵਾਈ ਸਦਕਾ ਨਵੀਆਂ ਸ਼ੁਰੂਆਤਾਂ ਅਤੇ ਪ੍ਰਾਪਤੀਆਂ ਵਾਲਾ ਰਿਹਾ। ਯੂਨੀਵਰਸਿਟੀ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਇਸੇ ਵਰ੍ਹੇ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵੱਲੋਂ ਐਮ.ਵਾਈ.ਏ.ਐਸ- ਜੀ.ਐਨ.ਡੀ ਯੂ ਸੈਂਟਰ ਫਾਰ ਸਪੋਰਟਸ ਸਾਇੰਸਜ਼ ਦੀ ਸਥਾਪਨਾ ਕੀਤੀ ਗਈ, ਜਿਸ ਕਾਰਜ ਲਈ ਮਨਿਸਟਰੀ ਵੱਲੋਂ ਪੰਜ ਸਾਲਾਂ ਦੇ ਅਰਸੇ ਦੌਰਾਨ 25 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ।ਭਾਰਤ ਵਿੱਚ ਇਹ ਅਜਿਹਾ ਦੂਜਾ ਸੈਂਟਰ ਹੋਵੇਗਾ।
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ ਅਤੇ ਸੰਕਲਪਾਂ ਨੂੰ ਸਮਰਪਿਤ ਸਥਾਪਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਗਪਗ ਅੱਧੀ ਸਦੀ ਦਾ ਦਮਦਾਰ ਇਤਿਹਾਸ ਸਿਰਜਦੀ ਹੋਈ ਆਧੁਨਿਕ ਪ੍ਰਸੰਗ ਵਿੱਚ ਇਸੇ ਵਰ੍ਹੇ ਆਪਣਾ 48ਵਾਂ ਸਥਾਪਨਾ ਦਿਵਸ ਮਨਾਇਆ ਜਿਸ ਵਿਚ ਪ੍ਰਸਿੱਧ ਵਿਦਵਾਨ ਅਤੇ ਯੂ.ਜੀ.ਸੀ ਦੇ ਚੇਅਰਮੈਨ ਡਾ. ਵੀ.ਐੱਸ. ਚੌਹਾਨ; ਐਸ.ਐਮ.ਵੀ.ਡੀ ਯੂਨੀਵਰਸਿਟੀ ਕਟੜਾ, ਜੰਮੂ ਦੇ ਸਾਬਕਾ ਵਾਈਸ-ਚਾਂਸਲਰ ਪੋ੍ਰ. ਆਰ.ਐਨ.ਕੇ ਬਾਮੇਜ਼ੇਈ ਅਤੇ ਸ਼੍ਰੀ ਚਿਰੰਜੀਵ ਆਈ.ਏ.ਐੱਸ. ਵੱਲੋਂ ਸ਼ਿਰਕਤ ਕੀਤੀ ਗਈ ਅਤੇ ਗਿਆਨ ਭਰਪੂਰ ਭਾਸ਼ਣ ਦਿੱਤੇ ਗਏ।
ਇਸ ਸਾਲ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਸ਼੍ਰੀ ਦਿਲਸ਼ੇਰ ਸਿੰਘ ਕਲਹਾ ਆਈ.ਏ.ਐਸ., ਸਾਬਕਾ ਸਿਖਿਆ ਸਕੱਤਰ, ਸ਼੍ਰੀ ਅਸ਼ੋਕ ਠਾਕੁਰ ਆਈ.ਏ.ਐਸ ਅਤੇ ਸਾਬਕਾ ਡੀ.ਜੀ.ਪੀ. ਸ਼੍ਰੀ ਅਨਿਲ ਕੌਸ਼ਿਕ ਆਈ.ਪੀ.ਐਸ. ਨੂੰ ਯੂਨੀਵਰਸਿਟੀ ਦਾ ਸਟੈਂਡਿੰਗ ਕਮੇਟੀ ਵਿਜ਼ੀਲੈਂਸ ਲਗਾਇਆ ਗਿਆ ਹੈ ਤਾਂ ਜੋ ਪ੍ਰਸ਼ਾਸਨਿਕ ਕਾਰਜਾਂ ਵਿਚ ਵਧੇਰੇ ਅਨੁਕੂਲਤਾ ਅਤੇ ਈਮਾਨਦਾਰੀ ਲਿਆਂਦੀ ਜਾ ਸਕੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ਼੍ਰੀ ਰਾਜੀਵ ਭੱਲਾ ਨੂੰ ਯੂਨੀਵਰਸਿਟੀ ਦੇ ਫੈਕਲਟੀ ਆਫ ਲਾਅ ਦਾ ਡੀਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸਾਬਕਾ ਐਸ.ਪੀ. ਵਿਜੀਲੈਂਸਚਮਨ ਲਾਲ ਨੂੰ ਸਲਾਹਕਾਰ ਵਿਜੀਲੈਂਸ ਲਾਇਆ ਗਿਆ ਹੈ।ਪ੍ਰਸਿੱਧ ਪ੍ਰਸ਼ਾਸਨਿਕ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੇ ਐਡੀਸ਼ਨਲ ਸਕੱਤਰ (ਟੈਕਨੀਕਲ ਐਜੂਕੇਸ਼ਨ) ਆਰ. ਸੁਬਰਾਮਨੀਅਮ ਆਈ.ਏ.ਐਸ, ਨਾਮਵਰ ਖੇਤੀਬਾੜੀ ਅਰਥਸ਼ਾਸਤਰੀ ਅਤੇ ਪਦਮਭੂਸ਼ਣ ਪ੍ਰਾਪਤ, ਡਾ. ਸਰਦਾਰਾ ਸਿੰਘ ਜੌਹਲ ਨੂੰ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਯੂਨੀਵਰਸਿਟੀ ਕੈਂਪਸ ਵਿਦਿਆਰਥੀਆਂ ਨੂੰ ਵਧੀਆ ਵਾਤਾਵਰਨ ਪ੍ਰਦਾਨ ਕਰਨ ਲਈ ‘ਲੈਟਸ ਰੌਕ ਐਕਟੀਵਿਟੀ ਕਲੱਬ’ ਅਧੀਨ 12 ਸੋਸ਼ਲ ਕਲੱਬ ਵਿਦਿਆਰਥੀਆਂ ਲਈ ਖੋਲ੍ਹੇ ਗਏ ਹਨ। ਇਹਨਾਂ ਕਲੱਬਾਂ ਦਾ ਮੁੱਖ ੳੇੁਦੇਸ਼ ਯੁਵਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਕਰਨਾ ਹੈ।ਵਿਦਿਆਰਥੀਆਂ ਦੇ ਮਿਆਰੀ ਅਤੇ ਸਿੱਖਿਆਦਾਇਕ ਮਨੋਰੰਜਨ ਲਈ ਮੂਵੀ ਕਲੱਬ ਵੀ ਗਠਿੱਤ ਕੀਤਾ ਗਿਆ ਹੈ। ਅੰਤਰਰਾਸ਼ਟਰੀ ਪੱਧਰ ਦੇੇ ਸਪਿਕ ਮੈਕੇ ਅਦਾਰੇ ਵੱਲੋਂ ਅੰਤਰ-ਰਾਸ਼ਟਰੀ ਪੱਧਰ ਦੇ ਕਲਾਕਾਰਾਂ ਦੀ ਪੇਸ਼ਕਾਰੀ ਕਰਵਾਉਣਾ ਵੀ ਤਜਵੀਜ਼ ਵੀ ਬਣਾਈ ਗਈ ਹੈ। ਰਿਜ਼ਨਲ ਕੈਂਪਸ ਦੀ ਮਾਸ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਿਸ਼ਟਾਚਾਰ ਅਤੇ ਪਹਿਰਾਵੇ ਸਬੰਧੀ ਛੋਟੇ-ਛੋਟੇ ਵੀਡੀਓ ਤਿਆਰ ਕੀਤੇ ਗਏ ਹਨ, ਜਿਹੜੇ ਵਿਦਿਆਰਥੀਆਂ ਨੂੰ ਇੰਟਰਵਿਊ ਅਤੇ ਆਮ ਜਨ-ਜੀਵਨ ਲਈ ਦਿਸ਼ਾ ਨਿਰਦੇਸ਼ ਦੇਣਗੇ।
ਵਿਦਿਆਰਥੀਆਂ ਨਾਲ ਨਿੱਜੀ ਰਾਬਤਾ ਕਾਇਮ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਜਾਨਣ ਲਈ ਨੋਟਿਸ ਬੋਰਡ ਦੇ ਰੂਪ ਵਿੱਚ ‘ਸਟੂਡੈਂਟ ਵਾਲ’ ਸਥਾਪਤ ਕੀਤੀ ਗਈ ਹੈ, ਜਿਸ ਜਰੀਏ ਉਹ ਆਪਣੀਆਂ ਜਰੂਰਤਾਂ ਅਤੇ ਖਰੀਦੋ-ਫਰੋਖਤ ਸਬੰਧੀ ਜਾਣਕਾਰੀ ਦੇ ਸਕਣਗੇ।ਅਧਿਆਪਕਾਂ ਦੀ ਤਰੱਕੀ, ਇੰਡਕਸ਼ਨ ਕੋਰਸ, ਵਿਦਿਆਰਥੀਆਂ ਦੀ ਸਹੂਲਤ ਲਈ ਸ਼ਨਾਖਤੀ ਕਮ ਡੈਬਿਟ ਕਾਰਡ, ਸਾਇਕਾਲੋਜੀ ਕੌਂਸਲਰ ਦੀ ਨਿਯੁੱਕਤੀ, ਸਵੱਛ ਜਲ ਦੀ ਪ੍ਰਦਾਨਗੀ, ਰੂਫ ਟਾਪ ਸੋਲਰ ਐਨਰਜੀ ਪਲਾਂਟ, ਯੂਨੀਵਰਸਿਟੀ ਨੂੰ ਹਰਾ ਭਰਾ ਕਰਨਾ ਅਤੇ ਸੈਂਟਰ ਸਰਕਾਰ ਹੈਲਥ ਸਕੀਮ ਆਦਿ ਲਾਗੂ ਕਰ ਦਿੱਤੇ ਗਏ ਹਨ ਤਾਂ ਜੋ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਕਰਮਚਾਰੀ ਲਾਹੇਵੰਦ ਹੋ ਸਕਣ।ਇਸੇ ਤਰ੍ਹਾਂ ਯੂਨੀਵਰਸਿਟੀ ਦੇ ਬਹੁਤ ਸਾਰੇ ਖਿਡਾਰੀਆਂ ਨੇ ਹੁਣ ਤਕ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ।ਇਸ ਵਰ੍ਹੇ ਯੂਨੀਵਰਸਿਟੀ ਖਿਡਾਰੀਆਂ ਵੱਲੋਂ ਏਸ਼ੀਅਨ ਕਨੌਏ ਸਲੈਲੋਮ ਚੈਂਪੀਅਨਸ਼ਿਪ, ਆਈ.ਸੀ.ਐਫ ਕਨੈਏ ਸਲੈਲੋਮ ਵਰਲਡ ਕੱਪ1, ਏਸ਼ੀਆ ਕੱਪ ਸਾਇਕਲਿੰਗ ਅਤੇ ਵਰਲਡ ਯੂਨੀਵਰਸਿਟੀ ਗੇਮਜ਼ ਵਿਚ ਭਾਰਤ ਵੱਲੋਂ ਮੇਜ਼ਬਾਨੀ ਅਤੇ ਤਗਮੇ ਹਾਸਲ ਕਰਨ ਤੋਂ ਇਲਾਵਾ ਹੋਰ ਵੀ ਪ੍ਰਾਪਤੀਆਂ ਕੀਤੀਆ ਗਈਆਂ।
ਇਸ ਵਰ੍ਹੇ ਯੂਨੀਵਰਸਿਟੀ ਦੇ ਯੂਵਕ ਮੇਲਿਆਂ ਦੇ ਨਤੀਜਿਆਂ ਵਿਚ ਹੋਰ ਪਾਰਦਰਸ਼ਤਾ ਲਿਆਉਣ ਲਈ ਮੁਕਾਬਲਿਆਂ ਦੇ ਖਤਮ ਹੋਣ ਦੇ ਤੁਰੰਤ ਉਪਰੰਤ ਨਤੀਜਿਆਂ ਦੀ ਘੋਸ਼ਣਾਂ ਕਰ ਦਿੱਤੀ ਜਾਂਦੀ ਰਹੀ ਹੈ ਅਤੇ ਇਸ ਕਾਰਜ ਵਾਸਤੇ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਅਬਜ਼ਰਵਰਾਂ ਦੀ ਵੀ ਨਿਯੁਕਤੀ ਕੀਤੀ ਗਈ ਸੀ। ਯੂਨੀਵਰਸਿਟੀ ਵੱਲੋਂ ਹੁਣ ਤਕ 9 ਵਾਰੀ ਇੰਟਰ ਯੂਨੀਵਰਸਿਟੀ ਨੈਸ਼ਨਲ ਯੁਵਕ ਮੇਲਿਆਂ ਦੀ ਓਵਰਆਲ ਚੈਂਪੀਅਨਸ਼ਿਪ ਪ੍ਰਾਪਤ ਕਰਨ ਤੋਂ ਇਲਾਵਾ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੁਵਕ ਮੇਲਿਆਂ ਵਿਚ 14 ਵਾਰ ਜੇਤੂ ਰਹੀ ਹੈ।
ਇਸ ਤੋਂ ਇਲਾਵਾ ਇਸੇ ਸਾਲ ਪਰਸ ਸਕੀਮ ਅਧੀਨ ਡੀ.ਐਸ.ਟੀ ਵੱਲੋਂ 06 ਕਰੋੜ ਅਤੇ ਰਾਸ਼ਟਰੀ ਉੱਚਤਰ ਸਿਕਸ਼ਾ ਅਭਿਆਨ ਵੱਲੋਂ 04 ਕਰੋੜ ਦੀਆਂ ਗ੍ਰਾਂਟਾਂ ਪ੍ਰਾਪਤ ਹੋ ਚੁੱਕੀਆਂ ਹਨ।ਯੂਨੀਵਰਸਿਟੀ ਦੇ ਸਾਰੇ ਹੀ ਪ੍ਰਸ਼ਾਸਨਿਕ ਕਾਰਜਾਂ ਨੂੰ ਉੱਚ ਪੱਧਰ ’ਤੇ ਲਿਆਉਣ ਲਈ ਭਾਰਤ ਅਤੇ ਪੰਜਾਬ ਸਰਕਾਰ ਦੇ ਜਿੱਥੇ ਸਾਬਕਾ ਉੱਚ ਅਧਿਕਾਰੀਆਂ ਨੂੰ ਵੱਖ-ਵੱਖ ਪੱਧਰਾਂ ਤੇ ਸਲਾਹਕਾਰ ਵਜੋਂ ਨਿਯੁੱਕਤ ਕੀਤਾ ਗਿਆ ਹੈ, ਉੱਥੇ ਸ਼੍ਰੀ ਆਰ ਸੁਬਰਾਮਨੀਅਮ ਆਈ.ਏ.ਐੱਸ. ਅਤੇ ਪਦਮਭੂਸ਼ਣ ਪ੍ਰਾਪਤ ਡਾ. ਸਰਦਾਰਾ ਸਿੰਘ ਜੋਹਲ ਵਰਗੇ ਵਿਦਵਾਨਾਂ ਦੀ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ ਹੈ। ਇਸ ਵਰ੍ਹੇ ਕੈਂਪਸ ਵਿੱਚ ਇੰਟਰਨੈੱਟ ਸਪੀਡ ਵਧਾਉਣ ਦੇ ਨਾਲ-ਨਾਲ ਨਵੇਂ ਰਿਸਰਚ ਪੋਰਟਲ, ਲੀਵ ਪੋਰਟਲ, ਐਡਮਿਸ਼ਨ ਪੋਰਟਲ, ਈ-ਟਰਾਂਸਕਰਿਪਟ ਪੋਰਟਲ, ਕਾਲਜ ਵਿਕਾਸ ਕੌਂਸਲ ਪੋਰਟਲ ਅਤੇ ਈ. ਮੈਗਜ਼ੀਨ ਸ਼ੁਰੂ ਕੀਤੇ ਗਏ ਹਨ।ਵਿਦਿਆਰਥੀਆਂ ਦੇ ਫੀਡ ਬੈਕ ਲੈਣ ਅਤੇ ਸਾਬਕਾ ਵਿਦਿਆਰਥੀਆਂ ਨੂੰ ਜੋੜਨ ਲਈ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ ਹੈ ਅਤੇ ਵੱਖ-ਵੱਖ ਪ੍ਰਭਾਵੀ ਅਦਾਰਿਆਂ ਨਾਲ ਆਦਾਨ-ਪ੍ਰਦਾਨ ਸਮਝੋਤੇ ਕੀਤੇ ਗਏ ਹਨ ਤਾਂ ਜੋ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਵਿਭਿੰਨ ਅਦਾਰਿਆਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮਿਲ ਸਕੇ। ਇਸ ਵਰ੍ਹੇ ਕੀਤੇ ਗਏ ਫੈਸਲੇ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਅਜਿਹੀ ਪਹਿਲੀ ਯੂਨੀਵਰਸਿਟੀ ਹੋਵੇਗੀ ਜੋ ਆਪਣੇ ਵਿਦਿਆਰਥੀਆਂ ਦੇ ਸਲਾਹ ਮਸ਼ਵਰੇ ਨਾਲ ਸਿਲੇਬਸ ਤਿਆਰ ਕਰੇਗੀ। ਯੂਨੀਵਰਸਿਟੀ ਵੱਲੋਂ ਇਸ ਫੈਸਲੇ ਨੂੰ ਅਮਲੀਜਾਮਾ ਪਹਿਨਾਉਣ ਲਈ ਸਿੰਡੀਕੇਟ ਨੇ ਪ੍ਰਵਾਨਗੀ ਦੇ ਦਿੱਤੀ ਹੈ।ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਵੱਲੋਂ ਬੋਰਡ ਆਫ ਸਟੱਡੀਜੳ ਨੂੰ ਇਸ ’ਤੇ ਅਮਲੀ ਤੌਰ ’ਤੇ ਕੰਮ ਕਰਨ ਦੇ ਦਿੱਤੇ ਗਏ ਆਦੇਸ਼ ’ਤੇ ਕੰਮ ਵੀ ਸ਼ੁਰੂ ਹੋ ਗਿਆ ਹੈ।ਯੂਨੀਵਰਸਿਟੀ ਦੇ ਇਸ ਉਪਰਾਲੇ ਦਾ ਭਵਿੱਖ ਵਿਚ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ।ਯੂਨੀਵਰਸਿਟੀ ਵਿਚ ਹੁਣ ਸਿਲੇਬਸ ਤਿਆਰ ਕਰਨ ਲਈ ਵਿਭਾਗ ਆਪਣੇ ਪਹਿਲੇ ਸਥਾਨ ਵਾਲੇ ਵਿਦਿਆਰਥੀਆਂ ਨੂੰ ਕਮੇਟੀ ਦਾ ਹਿੱਸਾ ਬਣਾਵੇਗੀ।ਇਸ ਤੋਂ ਪਹਿਲਾਂ ਸਿਰਫ ਵਿਭਾਗ ਦੇ ਮੁੱਖੀ ਅਤੇ ਹੋਰ ਮਾਹਿਰ ਅਧਿਆਪਕਾਂ ਵੱਲੋਂ ਹੀ ਸਿਲੇਬਸ ਤਿਆਰ ਕੀਤਾ ਜਾਂਦਾ ਸੀ।ਜਿਸ ਨਾਲ ਵਿਦਿਆਰਥੀਆਂ ਨੂੰ ਭਵਿੱਖ ’ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਿੱਚ ਸਥਾਨਕ ਪੱਧਰ ’ਤੇ 36 ਅਕਾਦਮਿਕ ਵਿਭਾਗ ਅਤੇ ਲਗਪਗ 162 ਕਾਲਜ ਜੁੜ ਕੇ ਕੰਮ ਕਰ ਰਹੇ ਹਨ।ਚਾਰ ਰਿਜ਼ਨਲ ਕੈਂਪਸ ਅਤੇ ਵੱਖ-ਵੱਖ ਪੇਂਡੂ ਖੇਤਰਾਂ ਵਿੱਚ 13 ਕਾਂਸਟੀਚੂਐਂਟ/ਯੂਨੀਵਰਸਿਟੀ ਕਾਲਜ ਸਥਾਪਤ ਕਰਕੇ ਜਿੱਥੇ ਯੂਨੀਵਰਸਿਟੀ ਲਗਪਗ ਪੰਜਾਬ ਦੇ ਤੀਜੇ ਹਿੱਸੇ ਨੂੰ ਘਰ-ਘਰ ਵਿੱਚ ਵਿੱਦਿਆ ਪਹਚਾਉਣ ਦੇ ਆਪਣੇ ਟੀਚੇ ਦੀ ਪੂਰਤੀ ਕਰ ਰਹੀ ਹੈ, ਉੱਥੇ ਆਪਣੇ ਪ੍ਰਭਾਵੀ ਅਸਰ ਅੰਦਾਜ ਵਿੱਚ ਪੋਟੈਂਸ਼ੀਅਲ ਫਾਰ ਐਕਸੀਲੈਂਸ ਵਿੱਚ ਐਵਾਰਡ ਹਾਸਿਲ ਕਰ ਚੁੱਕੀ ਹੈ।ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਵਿਕਾਸ ਦੀਆਂ ਹੋਰ ਵੀ ਉਚਾਈਆਂ ਨੂੰ ਛੂਹੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media