ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ
ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਦੇ ਤੌਰ ’ਤੇ ਬਾਬਾ ਬੁੱਢਾ ਜੀ ਵੱਲੋਂ ਨਿਭਾਈ ਗਈ ਉਸਾਰੂ ਭੂਮਿਕਾ ਬਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਹੈਡ ਗ੍ਰੰਥੀ ਭਾਈ ਬਲਦੇਵ ਸਿੰਘ, ਗੁਰੂ ਨਾਨਕ ਕਾਲਜ ਕਪੂਰਥਲਾ ਦੇ ਸਾਬਕਾ ਪਿ੍ਰੰਸੀਪਲ ਡਾ. ਇੰਦਰਜੀਤ ਸਿੰਘ ਵਾਸੂ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਜਸਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਦਿੱਲੀ ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ ਨੇ ਬਾਬਾ ਬੁੱਢਾ ਜੀ ਦੀ ਸਖ਼ਸ਼ੀਅਤ ਨੂੰ ਸਿੱਖ ਇਤਿਹਾਸ ਦੀ ਵਿਦਿਵੱਤਾ ਭਰਪੂਰ ਸਖ਼ਸ਼ੀਅਤ ਕਰਾਰ ਦਿੱਤਾ।
ਵੱਖ-ਵੱਖ ਸਿੱਖ ਗੁਰੂਆਂ ਦੀ ਸੇਵਾ ਕਰਨ ਦੇ ਬਾਵਜੂਦ ਬਾਬਾ ਬੁੱਢਾ ਜੀ ਦੀ ਨਿਮਰਤਾ, ਗਿਆਨ ਅਤੇ ਦੂਰਨਦੇਸ਼ੀ ਨੂੰ ਸਿੱਖ ਇਤਿਹਾਸ ਦੀ ਉਸਾਰੂ ਨੀਂਹ ਨਾਲ ਜੋੜਦੇ ਹੋਏ ਬੁਲਾਰਿਆਂ ਨੇ ਕਈ ਹਵਾਲੇ ਦਿੱਤੇ।ਡਾ. ਜਸਪਾਲ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਬਾਬਾ ਬੁੱਢਾ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਆਦਿ ਗ੍ਰੰਥ ਦੇ ਪ੍ਰਕਾਸ਼ ਉਪਰੰਤ ਸੰਗਤਾਂ ਨੂੰ ਧੁਰ ਕੀ ਬਾਣੀ ਦੇ ਨਾਲ ਜੋੜਨ ਲਈ ਬਾਬਾ ਬੁੱਢਾ ਜੀ ਵੱਲੋਂ ਗੁਰੂ ਸਾਹਿਬਾਨਾ ਨਾਲ ਮਿਲ ਕੇ ਕੀਤੇ ਗਏ ਕਈ ਨਿਵੇਕਲੇ ਸੁਧਾਰਾਂ ਦੀ ਜਾਣਕਾਰੀ ਦਿੱਤੀ।
ਰਾਣਾ ਨੇ ਗ੍ਰੰਥੀ ਸਾਹਿਬਾਨਾਂ ਨੂੰ ਬਾਬਾ ਬੁੱਢਾ ਜੀ ਨੂੰ ਆਪਣਾ ਆਦਰਸ਼ ਮੰਨਣ ਦੀ ਅਪੀਲ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਸੰਗਤਾਂ ਤਕ ਪਹੁੰਚਾਉਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਇਤਿਹਾਸਕ ਗੁਰਦੁਆਰਾ ਦੇ ਹੈਡ ਗ੍ਰੰਥੀ ਗਿਆਨੀ ਰਜਿੰਦਰ ਸਿੰਘ, ਗਿਆਨੀ ਸੁਖਦਰਸ਼ਨ ਸਿੰਘ, ਗਿਆਨੀ ਬਲਵਿੰਦਰ ਸਿੰਘ, ਗਿਆਨੀ ਦਿਲਬਾਗ ਸਿੰਘ, ਦਿੱਲੀ ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ ਅਤੇ ਇਤਿਹਾਸਕਾਰ ਬੀਬੀ ਹਰਬੰਸ ਕੌਰ ਸਾਗੂ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media