Thursday, November 21, 2024

ਮੁੰਬਈ ਵਿਖੇ ਗੁਰੂ ਨਾਨਕ ਦੇਵ ਜੀ ਦਾ ਤਿੰਨ ਰੋਜ਼ਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਪੰਜਾਬ ਸਮੇਤ ਦੇਸ਼ ਭਰ ’ਚ ਗੁਰਮਤਿ ਪ੍ਰਚਾਰ ਦੀ ਲਹਿਰ ਤੇਜ਼ ਕੀਤਾ ਜਾਵੇਗੀ – ਬਾਬਾ ਹਰਨਾਮ ਸਿੰਘ ਖ਼ਾਲਸਾ

PPN2601201807 ਅੰਮ੍ਰਿਤਸਰ (ਮੁੰਬਈ) 26 ਜਨਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਮੁੰਬਈ ਦੇ ਜੰਬੂਰ ’ਚ ਗੁਰਦਵਾਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਵਸਰ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਮਹਾਨ ਕੀਰਤਨ ਗੁਰਮਤਿ ਸਮਾਗਮ ਦੇ ਅੰਤਿਮ ਦਿਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਚੇਚੇ ਪਹੁੰਚ ਕੇ ਹਾਜ਼ਰੀ ਲਵਾਈ।
ਉਹਨਾਂ ਇਸ ਮੌਕੇ ਸਿੱਖ ਸੰਗਤਾਂ ਨੂੰ 2019 ’ਚ ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾ ਰਹੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ’ਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਵੱਸ ਰਹੀਆਂ ਸਿੱਖ ਸੰਗਤਾਂ ਦਾ ਪੰਜਾਬ ਦੀ ਧਰਤੀ ਅਤੇ ਗੁਰਸਿੱਖੀ ਨਾਲ ਅਟੁੱਟ ਰਿਸ਼ਤਾ ਰਿਹਾ ਹੈ।ਉਹ ਹਰ ਸੂਬੇ ਵਿੱਚ ਜਾਣਗੇ ਅਤੇ ਸੰਗਤ ਨੂੰ ਸ਼ਤਾਬਦੀ ਸਮਾਗਮ ਵਿੱਚ ਹੁੰਮ੍ਹ ਹੰਮ੍ਹਾ ਕੇ ਪਹੁੰਚਣ ਦੀ ਅਪੀਲ ਕਰਨਗੇ। ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਖੁਸ਼ਹਾਲੀ ਲਈ ਪੰਜਾਬੀਆਂ ਅਤੇ ਸਿੱਖ ਕੌਮ ਦਾ ਯੋਗਦਾਨ ਸਭ ਤੋਂ ਉਪਰ ਹੈ।ਪੰਜਾਬ ਤੋ ਬਾਹਰ ਸਿੱਖੀ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਹੋਰ ਵਧ ਚੜ ਕੇ ਹੰਭਲਾ ਮਾਰੇਗੀ। PPN2601201808
ਸਥਾਨਕ ਆਗੂਆਂ ਦੀ ਮੰਗ ’ਤੇ ਉਹਨਾਂ ਖ਼ਾਲਸਾ ਕਾਲਜ ਮੁੰਬਈ ’ਚ ਸਿਖਿਆ ਦਾ ਮਿਆਰ ਉੱਚਾ ਕਰਨ ਅਤੇ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆਉਣ ਦਾ ਭਰੋਸਾ ਦਿੱਤਾ।ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸੰਗਤ ਨੂੰ ਸਮਾਗਮਾਂ ਦੀ ਸਫਲਤਾ ਲਈ ਵਧਾਈ ਦਿੰਦਿਆਂ ਅੰਮ੍ਰਿਤਧਾਰੀ ਹੋ ਕੇ ਗੁਰੂ ਘਰ ਨਾਲ ਜੁੜੇ ਰਹਿਣ ਦਾ ਪਾਠ ਪੜਾਇਆ।ਉਹਨਾਂ ਕਿਹਾ ਕਿ ਦਮਦਮੀ ਟਕਸਾਲ ਵੱਲੋਂ ਪੰਜਾਬ ਤੋਂ ਬਾਹਰ ਵੀ ਗੁਰਮਤਿ ਪ੍ਰਚਾਰ ਲਹਿਰ ਚਲਾਈ ਜਾਵੇਗੀ।ਉਹਨਾਂ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਸਮਾਗਮ ਹੈ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਹਿੱਸਾ ਲੈ ਕੇ ਗੁਰੂ ਸਾਹਿਬ ਨੂੰ ਸਿਜ਼ਦਾ ਕੀਤਾ।ਉਹਨਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਵਿਖੇ ਸਥਿਤ ਗੁਰਦਵਾਰਾ ਥੜ੍ਹਾ ਸਾਹਿਬ 28 ਜਨਵਰੀ ਨੂੰ ਸੰਗਤ ਲਈ ਖੋਹਲ ਦਿੱਤਾ ਜਾਵੇਗਾ ਅਤੇ 22 ਨੂੰ ਪਿੰਡ ਰੋਡੇ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦ ’ਚ ਉਸਾਰੇ ਗਏ ਗੁਰਦਵਾਰੇ ਦਾ ਵੀ ਉਦਘਾਟਨ ਕੀਤਾ ਜਾਵੇਗਾ।ਬਾਬਾ ਬੰਤਾ ਸਿੰਘ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸ਼ਹਿਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਗਿਆ।ਗੁਰੂ ਦਾ ਲੰਗਰ ਅਤੁੱਟ ਵਰਤਿਆ। ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਸ਼ਹਿਰ ਦੇ ਪਤਵੰਤਿਆਂ ਉਘੇ ਸਮਾਜਿਕ ਨੇਤਾਵਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਪਹਿਲਾਂ ਭਾਈ ਲੌਂਗੋਵਾਲ ਦਾ ਮੁੰਬਈ ਵਿਖੇ ਪਹਿਲੀ ਵਾਰ ਪਹੁੰਚਣ ’ਤੇ ਸੰਗਤਾਂ ਵੱਲੋਂ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਹਵਾਈ ਅੱਡੇ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ, ਸੁਖਦੇਵ ਸਿੰਘ ਭੂਰਾ ਕੋਨਾ, ਭਾਈ ਜਸਪਾਲ ਸਿੰਘ ਸਿੱਧੂ ਪ੍ਰਧਾਨ ਸਿੱਖ ਕੌਂਸਲ, ਪੂਰਨ ਸਿੰਘ ਪ੍ਰਧਾਨ, ਜਸਮੀਤ ਸਿੰਘ, ਦਲਜੀਤ ਸਿੰਘ ਬੱਲ, ਅਮਰੀਕ ਸਿੰਘ ਪ੍ਰਧਾਨ, ਅਮਰੀਕ ਸਿੰਘ ਜਮੂਰ, ਸਤਨਾਮ ਸਿੰਘ ਮਾਨ, ਹਰਭਜਨ ਸਿੰਘ, ਅਵਤਾਰ ਸਿੰਘ, ਰਾਗੀ ਬਲਵਿੰਦਰ ਸਿੰਘ ਰੰਗੀਲਾ, ਬਾਬਾ ਨਰਿੰਦਰ ਸਿੰਘ ਨੰਦੇੜ, ਬੀਬੀ ਭਾਨੀ ਸਤਸੰਗ ਜਥਾ, ਭਾਈ ਬਲਬੀਰ ਸਿੰਘ ਊਨਾ ਵਾਲੇ, ਭਾਈ ਰਵਿੰਦਰ ਸਿੰਘ ਅੰਮਿ੍ਰਤਸਰ, ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ, ਚਰਨਜੀਤ ਸਿੰਘ ਅਬਰੋਲ, ਮਨਜੀਤ ਸਿੰਘ ਅਬਰੋਲ, ਰਾਜਾ ਸਿੰਘ ਜੌਹਰ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ ਓਬਰਾਏ ਆਦਿ ਮੌਜੂਦ ਸਨ।

Check Also

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ

ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …

Leave a Reply