ਮਹਿਤਾ, 6 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ’84 ਦੇ ਸਿੱਖ ਕਤਲੇਆਮ ਦੇ
ਮਾਮਲਿਆਂ ਦਾ ਸਾਹਮਣਾ ਕਰ ਰਹੇ ਜਗਦੀਸ਼ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਉਸ ਦੀ ਸਿਆਸੀ ਪੁਸ਼ਤ ਪਨਾਹੀ ਲਈ ਗਾਂਧੀ ਪਰਿਵਾਰ ’ਤੇ ਕੇਸ ਦਰਜ ਕਰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਉਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ’84 ਦੇ ਕਤਲੇਆਮ ’ਚ 100 ਸਿੱਖਾਂ ਦੇ ਕਤਲ ਪਿੱਛੇ ਹੱਥ ਹੋਣ ਸਬੰਧੀ ਟਾਈਟਲਰ ਦੀ ਇਕਬਾਲੀਆ ਵੀਡੀਉ ਸੀ.ਡੀ ਸਾਹਮਣੇ ਲਿਆਉਣ ਨਾਲ ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਕਾਲਾ ਸੱਚ ਵੀ ਵਿਸ਼ਵ ’ਚ ਬੇਪਰਦ ਹੋ ਗਿਆ ਹੈ।ਉਹਨਾਂ ਕਿਹਾ ਕਿ ਉਕਤ ਵੀਡੀਉ ਰਾਹੀਂ ਹੋਏ ਖ਼ੁਲਾਸੇ ਨੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ’ਚ ਗਾਂਧੀ ਪਰਿਵਾਰ ਵੱਲੋਂ ਰੁਕਾਵਟਾਂ ਖੜੀਆਂ ਕਰਨ ਅਤੇ ਜਾਂਚ ਪੜਤਾਲ ਨੂੰ ਪ੍ਰਭਾਵਿਤ ਕਰਨ ਸੰਬੰਧੀ ਸਿੱਖ ਕੌਮ ਵਲੋਂ ਵਾਰ ਵਾਰ ਕੀਤੇ ਗਏ ਦਾਅਵਿਆਂ ਨੂੰ ਸੱਚ ਸਾਬਤ ਕਰ ਦਿੱਤਾ ਹੈ।ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ’ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਇਸ ਵੀਡੀਉ ਤੋਂ ਪਹਿਲਾਂ ਟਾਈਟਲਰ ਵਲੋਂ ਇਕ ਟੀਵੀ ਇੰਟਰਵਿਊ ’ਚ ’84 ਦੇ ਦੰਗਿਆਂ ਦੌਰਾਨ ਉਹਨਾਂ ਨਾਲ ਖੁਦ ਰਾਜੀਵ ਗਾਂਧੀ ਵਲੋਂ ਸੜਕਾਂ ’ਤੇ ਘੁੰਮਣ ਦਾ ਇਕਬਾਲ ਕੀਤੇ ਜਾਣ ਨਾਲ ਉਕਤ ਕਤਲੇਆਮ ਦਾ ਯੋਜਨਾਬਧ ਹੋਣ ਸੰਬੰਧੀ ਕੋਈ ਭੁਲੇਖਾ ਨਹੀਂ ਸੀ ਰਿਹਾ।
ਇਸੇ ਤਰਾਂ ਹੁਣ ਚਿੱਟੇ ਦਿਨ ਵਾਂਗ ਸਭ ਕੁੱਝ ਸਾਫ਼ ਹੋ ਚੁੱਕਿਆ ਹੈ ਤਾਂ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਪ੍ਰਤੀ ਕੇਸ ਦਰਜ ਕਰ ਕੇ ਉਚ ਪੱਧਰੀ ਜਾਂਚ ਕਰਾਉਂਦਿਆਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ।ਉਹਨਾਂ ਉਕਤ ਮਸਲੇ ’ਤੇ ਵਿਸ਼ਵ ਭਾਈਚਾਰੇ ਨੂੰ ਵੀ ਧਿਆਨ ਦੇਣ ਦੀ ਅਪੀਲ ਕੀਤੀ।ਉਹਨਾਂ ਕਿਹਾ ਇਨਸਾਫ਼ ਲਈ ਸਰਕਾਰ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਦਮਦਮੀ ਟਕਸਾਲ ਸਿੱਖ ਪੰਥ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰਨ ਤੋਂ ਪਿੱਛੇ ਨਹੀਂ ਰਹੇਗੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media