ਕਿਹਾ ਅਟਾਰੀ ਸਟੇਸ਼ਨ ਤੇ ਆਈ.ਸੀ.ਪੀ ਦਾ ਨਾਂ ਵੀ ਸ: ਅਟਾਰੀਵਾਲਾ ਦੇ ਨਾਂ ਤੇ ਹੋਵੇ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਨੇ ਸ: ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਅਤੇ ਸ਼ਹੀਦੀ ਉਤੇ ਚਾਨਣਾ ਪਾਉਂਦਾ
ਅਧਿਆਇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।ਇਸ ਤੋਂ ਇਲਾਵਾ ਅਟਾਰੀ ਰੇਲਵੇ ਸਟੇਸ਼ਨ ਅਤੇ ਆਈ.ਸੀ.ਪੀ ਅਟਾਰੀ ਦਾ ਨਾਂ ਸ: ਸ਼ਾਮ ਸਿੰਘ ਅਟਾਰੀਵਾਲਾ ਦੇ ਨਾਂ ਉਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ।’ਉਕਤ ਐਲਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਰਾਇਣਗੜ੍ਹ ਸਥਿਤ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਇਸ ਮੌਕੇ ਸ਼ਹੀਦ ਦੇ ਆਦਮਕੱਦ ਬੁੱਤ ਉਤੇ ਫੁੱਲ ਮਲਾਵਾਂ ਭੇਟ ਕੀਤੀਆਂ।
ਇਸ ਉਪਰੰਤ ਮੁੱਖ ਮੰਤਰੀ ਸ: ਸ਼ਾਮ ਸਿੰਘ ਅਟਾਰੀਵਾਲਾ ਦੀ ਅਟਾਰੀ ਸਥਿਤ ਸਮਾਧ ਉਤੇ ਰਖਵਾਏ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਲ ਹੋਏ ਅਤੇ ਉਥੇ ਭਾਰਤੀ ਫੌਜ ਵਲੋਂ ਦਿੱਤੇ ਗਏ ਵਿਜਯੰਤਾ ਟੈਂਕ ਨੂੰ ਸਥਾਪਿਤ ਕਰਨ ਦੀ ਘੁੰਡ ਚੁੱਕਾਈ ਵੀ ਕੀਤੀ।ਇਸ ਮੌਕੇ ਉਨ੍ਹਾਂ ਸ਼ਹੀਦ ਦੀ ਯਾਦ ਵਿੱਚ ਅਜਾਇਬਘਰ ਅਤੇ ਖੇਡ ਮੈਦਾਨ ਬਣਾਉਣ ਲਈ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਉਨ੍ਹਾਂ ਕਿਹਾ ਕਿ ਛੇਤੀ ਹੀ ਇਥੇ ਮਿਗ ਜਹਾਜ਼ ਸਥਾਪਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ: ਅਟਾਰੀਵਾਲਾ ਜੀ ਦੀ ਜੀਵਨੀ `ਤੇ ਵਿਸਥਾਰ ਵਿੱਚ ਚਾਨਣਾ ਪਾਉਂਦਾ ਇਕ ਲੇਖ ਆਪਣੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ ਜਿਸ ਤੋਂ ਬੱਚੇ ਦੇਸ਼ਭਗਤੀ ਦੀ ਪ੍ਰੇਰਨਾ ਲੈ ਸੱਕਣ।ਉਨ੍ਹਾਂ ਦੱਸਿਆ ਕਿ ਇਹ ਲੇਖ ਸ਼ਾਮਲ ਕਰਨ ਲਈ ਐਨ.ਸੀ.ਈ ਆਰ ਟੀ ਨੂੰ ਵੀ ਪੱਤਰ ਲਿਖਿਆ ਜਾਵੇ।
ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰਾਲਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਰ ਸਾਲ ਅਟਾਰੀ ਵਿੱਚ ਪੱਛਮੀ ਕਮਾਂਡ ਦੇ ਸਾਬਕਾ ਫੌਜੀਆਂ ਦੀ ਰੈਲੀ ਕਰਵਾਇਆ ਕਰਨ।ਉਨ੍ਹਾਂ ਕਿਹਾ ਕਿ ਹਰ ਸਾਲ ਅਟਾਰੀ ਆਉਂਦੇ ਲੱਖਾਂ ਸੈਲਾਨੀਆਂ ਨੂੰ ਵੇਖਦੇ ਹੋਏ ਅਟਾਰੀ ਪਿੰਡ ਨੂੰ ਵਾਈ ਫਾਈ ਜੌਨ ਬਣਾਉਣ ਲਈ ਸੰਚਾਰ ਮੰਤਰਾਲਾ ਨੂੰ ਪੱਤਰ ਲਿੱਖਿਆ ਗਿਆ ਹੈ।
ਉਨ੍ਹਾਂ ਇਸ ਮੌਕੇ ਅਟਾਰੀ ਸਥਿਤ ਸਰੋਵਰ ਵਿੱਚ ਹਰ ਸਾਲ ਖੇਡ ਮੇਲਾ ਕਰਾਉਣ ਦੀ ਹਦਾਇਤ ਵੀ ਖੇਡ ਵਿਭਾਗ ਨੂੰ ਕੀਤੀ। ਸ: ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਟਰੱਸਟ ਵਲੋਂ ਕੀਤੀ ਮੰਗ ਉੱਪਰ ਉਨ੍ਹਾਂ ਨੇ ਅਟਾਰੀ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਬਤੌਰ ਗਾਈਡ ਅਟਾਰੀ ਵਿਖੇ ਲਗਾਉਣ ਲਈ ਵੀ ਨਾਮ ਪੰਜਾਬ ਹੈਰੀਟੇਜ ਅਤੇ ਟੂਰਿਜਮ ਬੋਰਡ ਨੂੰ ਭੇਜਣ ਦੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ਸ: ਸ਼ਾਮ ਸਿੰਘ ਅਟਾਰੀਵਾਲਾ ਦੇਸ਼ ਅਤੇ ਕੌਮ ਲਈ ਕੀਤੀ ਗਈ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਸਲਾਮੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸੁਖਬਿੰਦਰ ਸਿੰਘ ਸਰਕਾਰੀਆ, ਓ.ਪੀ ਸੋਨੀ, ਡਾ: ਰਾਜਕੁਮਾਰ ਵੇਰਕਾ, ਇੰਦਰਜੀਤ ਸਿੰਘ ਬੁਲਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਹਰਮਹਿੰਦਰ ਸਿੰਘ ਗਿੱਲ, ਤਰਸੇਮ ਸਿੰਘ ਡੀਸੀ, ਸੰਤੋਖ ਸਿੰਘ ਭਲਾਈਪੁਰਾ, ਸੁਨੀਲ ਦੱਤੀ, ਸੁਖਵਿੰਦਰ ਸਿੰਘ ਡੈਨੀ, ਡਾ: ਧਰਮਵੀਰ ਅਗਨੀਹੋਤਰੀ (ਸਾਰੇ ਵਿਧਾਇਕ ਸਹਿਬਾਨ), ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਐਸ.ਐਸ ਸ੍ਰੀਵਾਸਤਵ, ਪ੍ਰੋ: ਦਰਬਾਰੀ ਲਾਲ, ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਦੇਹਾਤੀ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਜਸਬੀਰ ਸਿੰਘ ਡਿੰਪਾ, ਹਰਜਿੰਦਰ ਸਿੰਘ ਠੇਕੇਦਾਰ, ਸੁਖਦੇਵ ਸਿੰਘ ਚਾਹਲ, ਗੁਰਦੇਵ ਸਿੰਘ ਝੀਤਾ ਅਤੇ ਹੋਰ ਹਾਜ਼ਰ ਸਨ।
ਜਿਕਰਯੋਗ ਹੈ ਕਿ ਅਟਾਰੀ ਵਿਖੇ ਰੱਖੇ ਗਏ ਪ੍ਰੋਗਰਾਮ ਦੌਰਾਨ ਕੁਰਸੀਆਂ ਖਾਲੀ ਦੇਖ ਕੇ ਕੈਪਟਨ ਅਮਰਿੰਦਰ ਬਿਨਾਂ ਸੰਬੋਧਨ ਦੇ ਹੀ ਉਥੋਂ ਪਰਤ ਗਏ, ਲੇਕਿਨ ਪ੍ਰਸਾਸ਼ਨ ਨੇ ਕਿਹਾ ਹੈ ਕਿ ਅਟਾਰੀ ਵਿੱਚ ਸੰਬੋਧਨ ਦਾ ਕੋਈ ਪ੍ਰੋਗਰਾਮ ਨਹੀਂ ਸੀ।ਮੁੱਖ ਸਮਾਗਮ ਨਰੈਣਗੜ ਵਿਖੇ ਹੀ ਉਲੀਕਆ ਗਿਆ ਸੀ।
Check Also
ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ – ਰਿੰਕੂ ਨਰੂਲਾ
ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ …
Punjab Post Daily Online Newspaper & Print Media