ਵੱਟਾਂ-ਬੰਨਿਆਂ ’ਤੇ ਪੌਦੇ ਲਗਾਓ ਅਤੇ ਵਾਤਾਵਰਣ ਨੂੰ ਸੰਤੁਲਿਤ ਬਣਾਓ
ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਵੱਧ ਤੋਂ ਵੱਧ ਦਰਖਤ ਲਗਾਉਣ
ਅਤੇ ਬਚਾਉਣ ਦੇ ਮਕਸਦ ਨਾਲ ਰਾਸ਼ਟਰੀ ਜੰਗਲਾਤ ਨੀਤੀ ਤਹਿਤ ਜੰਗਲਾ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ ਦੇ ਵੱਟਾਂ-ਬੰਨਿਆਂ ’ਤੇ ਪੌਦੇ ਲਗਾਉਣ ਅਤੇ ਉਨਾਂ ’ਤੇ ਹੋਣ ਵਾਲੇ ਖਰਚ ਦਾ 50 ਫੀਸਦੀ ਹਿੱਸਾ ਦੇਣ ਦਾ ਫੈਸਲਾ ਕੀਤਾ ਗਿਆ ਹੈ।ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਕੀਮ ਤਹਿਤ ਸਾਲ 2017-18 ਦੌਰਾਨ ਜਿੰਨ੍ਹਾਂ ਕਿਸਾਨਾਂ ਵੱਲੋਂ ਆਪਣੀ ਜਮੀਨ ਅਤੇ ਵੱਟਾਂ ’ਤੇ ਜੋ ਪੌਦੇ ਲਗਾਏ ਜਾਣਗੇ, ਉਹਨਾਂ ਪੌਦਿਆਂ ਦੇ ਲਗਾਉਣ ਅਤੇ ਚਾਰ ਸਾਲਾਂ ਦੀ ਸਾਂਭ ਸੰਭਾਲ ਉਤੇ ਆਉਣ ਵਾਲੇ ਕੁੱਲ ਖਰਚੇ ਦਾ 50 ਪ੍ਰਤੀਸਤ ਹਿੱਸਾ ਸਰਕਾਰ ਵੱਲੋਂ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਰਾਹੀਂ ਦਿੱਤਾ ਜਾਵੇਗਾ ਅਤੇ ਦਰਖਤਾਂ ’ਤੇ ਮਾਲਕਾਨਾ ਹੱਕ ਕਿਸਾਨ ਦਾ ਹੀ ਰਹੇਗਾ।
ਉਨਾਂ ਦੱਸਿਆ ਕਿ ਵੱਟਾਂ ਤੇ ਲਗਣ ਵਾਲੇ ਇਕ ਪੌਦੇ ਦਾ ਕੁੱਲ ਖਰਚਾ 70 ਰੁਪਏ ਤੈਅ ਕੀਤਾ ਗਿਆ ਹੈ, ਜਿਸ ਵਿਚੋਂ ਕਿਸਾਨਾਂ ਨੂੰ 50 ਪ੍ਰਤੀਸ਼ਤ ਭਾਵ 35 ਰੁਪਏ ਪ੍ਰਤੀ ਪੌਦਾ ਚਾਰ ਸਾਲਾਂ ਦੌਰਾਨ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਪਹਿਲੇ ਸਾਲ ਬੂਟੇ ਲਗਾਉਣ ਲਈ 14 ਰੁਪਏ ਅਤੇ ਅਗਲੇ ਤਿੰਨ ਸਾਲਾਂ ਲਈ 7-7 ਰੁਪਏ ਪ੍ਰਤੀ ਜੀਵਤ ਬੂਟੇ ਦੇ ਹਿਸਾਬ ਨਾਲ ਦਿੱਤੇ ਜਾਣਗੇ।
ਵਣ ਮੰਡਲ ਅਫਸਰ ਅੰਮਿ੍ਰਤਸਰ ਸ੍ਰੀ ਰਾਜੇਸ਼ ਕੁਮਾਰ ਗੁਲਾਟੀ ਨੇ ਸਕੀਮ ਬਾਰੇ ਵਿਸਥਾਰ ਦਿੰਦੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਵੇਰਵਾ ਫਰਦ/ ਜਮਾਂਬੰਦੀ, ਅਧਾਰ ਕਾਰਡ ਦੀ ਕਾਪੀ, ਅਧਾਰ ਲਿੰਕਡ ਬੈਂਕ ਦੇ ਖਾਤੇ ਦੀ ਰੱਦ ਕੀਤੇ ਚੈਕ ਦੀ ਕਾਪੀ ਦੇਣੀ ਹੋਵੇਗੀ।ਇਹ ਲਾਭ ਲੈਣ ਲਈ ਕਿਸਾਨ ਬਾਗਬਾਨੀ ਨਾਲ ਸਬੰਧਤ ਪੌਦੇ ਛੱਡ ਕੇ ਹੋਰ ਕਿਸੇ ਵੀ ਕਿਸਮ ਦਾ ਪੌਦਾ ਕਿਸੇ ਵੀ ਨਰਸਰੀ ਤੋਂ ਖਰੀਦ ਸਕਦੇ ਹਨ। 2017-18 ਦਾ ਲਾਭ ਲੈਣ ਲਈ ਇਕ ਅਪ੍ਰੈਲ 2017 ਤੋਂ 31-3-18 ਤੱਕ ਲਗਾਏ ਗਏ ਪੌਦੇ ਮੰਨਣਯੋਗ ਹੋਣਗੇ। ਜਿੰਨ੍ਹਾਂ ਕਿਸਾਨਾਂ ਵੱਲੋਂ ਪੂਰੇ ਖੇਤ ਵਿਚ ਪੌਦੇ ਲਗਾਏ ਜਾਣਗੇ, ਉਹਨਾਂ ਨੂੰ ਵੀ ਬੂਟਿਆਂ ਦੀ ਗਿਣਤੀ ਅਤੇ ਘਣਤਾ ਮੁਤਾਬਿਕ ਨਿਰਧਾਰਿਤ ਲਾਗਤ ਦੇ ਆਧਾਰ ਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਵਣ ਮੰਡਲ ਅਫਸਰ ਨੇ ਦੱਸਿਆ ਕਿ ਕਲੌਨਲ ਸਫੈਦਾ, ਕਲੌਨਲ ਪਾਪੂਲਰ, ਬਰਮਾ ਧਰੇਕ, ਸ਼ੀਸ਼ਮ ਅਤੇ ਹੋਰ ਵਣ ਕਿਸਮਾਂ ਵਣ ਵਿਭਾਗ ਦੀਆਂ ਨਰਸਰੀਆਂ ਵਿਚ ਮੌਜੂਦ ਹਨ। ਉਨਾਂ ਇਸ ਸਕੀਮ ਦਾ ਵਿੱਤੀ ਲਾਹਾ ਲੈਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ। ਉਨਾਂ ਕਿਹਾ ਕਿ ਧਰਤੀ ਦਾ ਇਕ ਤਿਹਾਈ ਹਿੱਸਾ ਵਣਾਂ ਹੇਠ ਹੋਣਾ ਚਾਹੀਦਾ ਹੈ, ਪਰ ਪੰਜਾਬ ਵਿਚ ਇਸ ਦੀ ਵੱਡੀ ਘਾਟ ਹੈ, ਜਿਸ ਨੂੰ ਪੂਰਾ ਕਰਨ ਲਈ ਵੀ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media