ਵਕੀਲਾਂ ਦੇ ਪੇਸ਼ੇਵਰ ਸਕਿੱਲ ਵਿਚ ਸੁਧਾਰ ਲਈ ਵਰਕਸ਼ਾਪ ਦਾ ਉਦਘਾਟਨ
ਅੰਮਿ੍ਤਸਰ, 18 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਵਕੀਲਾਂ ਲਈ ਐਡਵੋਕੇਟ ਵੈਲਫੇਅਰ ਫੰਡ ਵਿਚੋ ਬੀਮਾ ਸਕੀਮ ਸ਼ੁਰੂ ਕਰਨ ਲਈ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਸੁਝਾਅ ਦਿੱਤਾ ਹੈ, ਜੋ ਇਸ ਵੇਲੇ ਕੇਵਲ ਵਕੀਲਾਂ ਦੇ ਵਾਰਸਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਤੱਕ ਹੀ ਸੀਮਤ ਹੈ।
ਬਾਰ ਕੋਸਲ ਆਫ ਇੰਡੀਆ ਵਲੋ ਵਕੀਲਾਂ ਦੇ ਪੇਸੇਵਰ ਸਕਿੱਲ ਵਿਚ ਸੁਧਾਰ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਕੀਤੀ ਦੋ ਰੋਜਾ ਵਰਕਸ਼ਾਪ ਦੇ ਉਦਘਾਟਨ ਮੌਕੇ ਸੰਬੋਧਨ ਕਰਦੇ ਅਤੁਲ ਨੰਦਾ ਨੇ ਕਿਹਾ ਕਿ ਉਕਤ ਫੰਡ ਵਕੀਲਾਂ ਦੀ ਭਲਾਈ ਲਈ ਖਰਚ ਕੀਤਾ ਜਾਣਾ ਚਾਹੀਦਾ ਹੈ। ਉਨਾਂ ਨੇ ਵਕੀਲਾਂ ਦੀ ਪੇਸ਼ੇਵਰ ਪਹੁੰਚ ਵਿਚ ਸੁਧਾਰ ਲਈ ਅਕੈਡਮੀ ਸਥਾਪਤ ਕਰਨ ਦੀ ਲੋੜ `ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਜਦੋ ਅਸੀ ਇਕ ਵਲੰਟੀਅਰ ਵਜੋ ਬਾਰ ਕੋਸਲ ਦੀ ਸਹਾਇਤਾ ਨਾਲ ਫੰਡ ਇਕੱਠਾ ਕਰਕੇ ਆਪਣੀ ਅਕੈਡਮੀ ਸਥਾਪਤ ਕਰਾਂਗੇ ਤਾਂ ਉਸ ਨੂੰ ਕਾਮਯਾਬ ਕਰਨ ਲਈ ਵੀ ਸਮਾਂ ਦੇਵਾਂਗੇ।ਉਨਾਂ ਕਿਹਾ ਕਿ ਇਸ ਲਈ ਰਾਜ ਸਰਕਾਰ ਕੋਲੋ ਜਗਾਂ੍ਹ ਅਤੇ ਹੋਰ ਯੋਗਦਾਨ ਲਿਆ ਜਾ ਸਕਦਾ ਹੈ।
ਨੰਦਾ ਵਲੋ ਦਿੱਤੇ ਇਸ ਸੁਝਾਅ ਦੀ ਪੋ੍ਰੜਤਾ ਕਰਦੇ ਜਸਟਿਸ ਮਹੇਸ਼ ਗਰੋਵਰ ਨੇ ਕਿਹਾ ਕਿ ਜਦ ਤੱਕ ਇਹ ਅਕੈਡਮੀ ਸਥਾਪਤ ਨਹੀ ਹੁੰਦੀ ਉਦੋ ਤੱਕ ਚੰਡੀਗੜ ਜੂਡੀਸ਼ੀਅਲ ਅਕੈਡਮੀ ਦੀ ਵਰਤੋ ਕੀਤੀ ਜਾ ਸਕਦੀ ਹੈ। ਉਨਾਂ ਅੱਗੇ ਕਿਹਾ ਕਿ ਵਕੀਲਾਂ ਵਾਸਤੇ ਕੀਤਾ ਗਿਆ ਇਹ ਇਕ ਚੰਗਾ ਉਪਰਾਲਾ ਹੈ ਅਤੇ ਆਸ ਹੈ ਕਿ ਵਕੀਲ ਇਥੋਂ ਗਿਆਨ ਹਾਸਿਲ ਕਰਨਗੇ। ਉਨਾਂ ਕਿਹਾ ਕਿ ਵਕੀਲਾਂ ਦੀ ਸਿਖਲਾਈ ਲਈ ਅਕੈਡਮੀਆਂ ਖੋਲ੍ਹਣੀਆਂ ਚਾਹੀਦੀਆਂ ਹਨ। ਉਨਾਂ ਨਵੇਂ ਵਕੀਲਾਂ ਨੂੰ ਸੀਨੀਅਰ ਵਕੀਲਾਂ ਤੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਅਨਿਲ ਖੇਤਰਪਾਲ ਨੇ ਕਿਹਾ ਕਿ ਸੀਨੀਅਰ ਵਕੀਲਾਂ ਨੂੰ ਨਵੇ ਆਏ ਵਕੀਲਾਂ ਦੀ ਸਰਪ੍ਰਸਤੀ ਕਰਨ ਦੇ ਨਾਲ ਸਿਖਲਾਈ ਵੀ ਦੇਣੀ ਚਾਹੀਦੀ ਹੈ ਤਾਂ ਕਿ ਨਿਆਂ ਪ੍ਰਣਾਲੀ ਵਿਚ ਮਜ਼ਬੂਤੀ ਆ ਸਕੇ।ਉਨਾਂ ਕਿਹਾ ਕਿ ਵਕੀਲ ਅਦਾਲਤ ਵਿਚ ਆਪਣੀ ਗੱਲ ਤੱਥਾਂ ਦੇ ਅਧਾਰ ’ਤੇ ਹੀ ਕਰਨ, ਕਿਉਂਕਿ ਨਿਆਂ ਤੱਥਾਂ ਦੇ ਅਧਾਰ ’ਤੇ ਕੀਤਾ ਜਾਂਦਾ ਹੈ।ਮੁੱਖ ਮਹਿਮਾਨ ਜਸਟਿਸ ਮਹੇਸ਼ ਗਰੋਵਰ ਵੱਲੋਂ ਵਕਾਲਤ ਵਿਚ 50 ਸਾਲ ਬਿਤਾਉਣ ਵਾਲੇ ਵਕੀਲਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਮੰਨਣ ਕੁਮਾਰ ਮਿਸ਼ਰਾ ਚੇਅਰਮੈਨ ਬਾਰ ਕੌਂਸਲ ਇੰਡੀਆ, ਅਮਿਤ ਰਾਣਾ ਕੋ-ਚੇਅਰਮੈਨ ਬਾਰ ਕੌਂਸਲ ਆਫ ਇੰਡੀਆ, ਜੈਵੀਰ ਯਾਦਵ ਸਾਬਕਾ ਚੇਅਰਮੈਨ ਬਾਰ ਕੋਲ ਪੰਜਾਬ ਅਤੇ ਹਰਿਆਣਾ, ਸੀਨੀਅਰ ਐਡਵੋਕੇਟ ਜਨਰਲ ਹਰਿਆਣਾ ਬਲਦੇਵ ਰਾਜ ਮਹਾਜਨ, ਹਰਪ੍ਰੀਤ ਸਿੰਘ ਬਰਾੜ ਚੇਅਰਮੈਨ ਪ੍ਰਸ਼ਾਸਕੀ ਕਮੇਟੀ ਬਾਰ ਕੌਂਸਲ, ਵਿਜੇਂਦਰ ਸਿੰਘ ਅਹਿਲਾਵਤ ਚੇਅਰਮੈਨ ਬਾਰ ਕੌਂਸਲ, ਕਰਨਜੀਤ ਸਿੰਘ ਵਾਈਸ ਚੇਅਰਮੈਨ ਬਾਰ ਕੌਂਸਲ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਜਿਲ੍ਹਾ ਤੇ ਸੈਸ਼ਨ ਜੱਜ ਕੇ.ਐਸ.ਕੰਗ ਅਤੇ ਸ੍ਰੀ ਪ੍ਰਦੀਪ ਸੈਣੀ ਪ੍ਰਧਾਨ ਬਾਰ ਕੌਂਸਲ ਅੰਮ੍ਰਿਤਸਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …