ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸ਼੍ਰੋਮਣੀ ਨਾਟਕਕਾਰ ਸਵਰਗੀ ਪ੍ਰੋ. ਅਜਮੇਰ ਔਲਖ ਦੀ ਯਾਦ `ਚ
ਆਯੋਜਿਤ ਕੀਤੇ ਜਾ ਰਹੇ 15ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਦੁਜੇ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਪ੍ਰੋ. ਅਜਮੇਰ ਔਲਖ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਭੱਠ ਖੇੜਿਆਂ ਦਾ ਰਹਿਣਾ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।ਇਹ ਨਾਟਕ ਪ੍ਰੋ. ਅਜਮੇਰ ਔਲਖ ਨੇ 80ਵਿਆਂ ਦੇ ਦਹਾਕੇ ਵਿੱਚ ਉਦੋਂ ਲਿਖਿਆ ਸੀ, ਜਦੋਂ ਪੰਜਾਬ ਵਿੱਚ ਅਗਾਂਹਵਧੂ ਵਿਚਾਰਧਾਰਾ ਵਾਲੇ ਨੌਜਵਾਨਾਂ ਦੀਆਂ ਕਈ ਜਥੇਬੰਦੀਆਂ ਸਮਾਜ ਵਿਚੋਂ ਮਾੜੇ ਅਨਸਰਾਂ ਨੂੰ ਖ਼ਤਮ ਕਰਕੇ, ਸਮਾਜ ਨੂੰ ਨਵੀਆਂ ਲੀਹਾਂ `ਤੇ ਤੋਰਨ ਵਾਸਤੇ ਦਿਨ-ਰਾਤ ਮਿਹਨਤ ਕਰ ਰਹੇ ਸਨ।ਇਹ ਉਹ ਵੇਲਾ ਸੀ ਜਦੋਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਆਪਣੇ ਹੱਕਾਂ ਵਾਸਤੇ ਅਵਾਜ਼ ਬੁਲੰਦ ਕੀਤੀ ਜਾ ਰਹੀ ਸੀ। ਇਹ ਉਹ ਵੇਲਾ ਵੀ ਸੀ, ਜਦੋਂ ਪੁਲਿਸ ਵੱਲੋਂ ਬਹੁਤ ਸਾਰੇ ਨੌਜਵਾਨਾਂ ਤੇ ਦੇਸ਼ ਭਗਤਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਸੀ।ਪਿੰਡਾਂ ਵਿੱਚ ਨੌਜਵਾਨ ਸੰਘਰਸ਼ ਕਰਨ ਦੇ ਰਾਹ ਤੁਰੇ ਸਨ, ਪੁਲਿਸ ਦੇ ਕਿਰਦਾਰ ਦੇ ਕਈ ਰੂਪ ਇਸ ਨਾਟਕ ਵਿੱਚ ਨਜ਼ਰ ਆਉਂਦੇ ਨੇ ਚੰਗੇ ਵੀ ਤੇ ਮਾੜੇ ਵੀ।ਦੋਸਤੀਆਂ ਦੀ ਭਾਵੁਕਤਾ ਵੀ ਹੈ, ਤੇ ਡਿਊਟੀ ਨਿਭਾਉਣ ਵਾਲੇ ਫਰਜ਼ ਵੀ ਨੇ।ਕਈ ਵਾਰ ਵਕਤ ਦੇ ਨਾਲ ਸਮਝੌਤਾ ਵੀ ਕਰਨਾ ਪੈਂਦਾ ਹੈ, ਤੇ ਉਸ ਵੇਲੇ ਦੋਸਤੀਆਂ ਦੇ ਰਿਸ਼ਤੇ ਪਿਛੇ ਛੱਡਣੇ ਪੈਂਦੇ ਨੇ।ਇਨਸਾਨ ਨੂੰ ਆਪਣੇ ਅੰਦਰਲੇ ਇਨਸਾਨੀਅਤ ਮਾਰਕੇ ਵਕਤ ਨਾਲ ਸਮਝੌਤਾ ਵੀ ਕਰਨਾ ਪੈਂਦਾ ਹੈ।
ਨਾਟਕ ਵਿੱਚ ਗੁਰਤੇਜ ਮਾਨ, ਪਰਗਟ ਸਿੰਘ, ਅਸ਼ੋਕ ਭਗਤ, ਸਰਬਜੀਤ ਸਿੰਘ, ਵਿਕਾਸ਼ ਜੋਸ਼ੀ, ਵਿਸ਼ੂ ਸ਼ਰਮਾ, ਗੌਤਮ, ਨਵੀਨ, ਨਰੇਸ਼ ਗਿੱਲ, ਸਾਰਥਕ ਹਾਂਡਾ, ਗੁਨਰਾਜ ਆਹਲੂਵਾਲੀਆਂ, ਹਰਨੂਰ ਆਹਲੂਵਾਲੀਆ ਆਦਿ ਕਲਾਕਾਰਾਂ ਵੱਲੋਂ ਅਦਾਕਾਰੀ ਕੀਤੀ ਗਈ।ਗੀਤ ਸੰਤ ਰਾਮ ਉਦਾਸੀ, ਪਾਸ਼, ਸੁਰਜੀਤ ਪਾਤਰ, ਆਸੀ ਅਤੇ ਮਹਿੰਦਰਪਾਲ ਭੱਠਲ ਵੱਲੋਂ ਲਿਖੇ ਗਏ ਅਤੇ ਇਸ ਦਾ ਸੰਗੀਤ ਲੋਪੋਕੇ ਭਰਾਵਾਂ ਲਖਬੀਰ ਸਿੰਘ ਤੇ ਰਜਿੰਦਰ ਸਿੰਘ ਵੱਲੋਂ ਦਿੱਤਾ ਗਿਆ।ਇਸ ਮੌਕੇ ਯੂ.ਕੇ ਤੋਂ ਪ੍ਰਸਿੱਧ ਵਿਦਵਾਨ ਸਾਧੂ ਬਿਨਿੰਗ, ਅਮਰੀਕਾ ਨਿਵਾਸੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ, ਮਨਿੰਦਰਪਾਲ ਸਿੰਘ ਪਲਾਸੋਰ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਸੁਮੀਤ ਸਿੰਘ, ਅਮਰਜੀਤ ਬਾਈ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਨਾਟਕ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media