Sunday, March 29, 2026

15ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ 5ਵੇਂ ਦਿਨ ਪੰਜਾਬੀ ਨਾਟਕ ‘ਮਨ ਮਿੱਟੀ ਦਾ ਬੋਲਿਆ’ ਮੰਚਿਤ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸ਼੍ਰੋਮਣੀ ਨਾਟਕਕਾਰ ਸਵ. ਪ੍ਰੋ. ਅਜਮੇਰ ਔਲਖ ਦੀ ਯਾਦ ਨੂੰ ਸਮਰਪਿਤ PPN280220181615 ਵਾਂ ਰਾਸ਼ਟਰੀ ਰੰਗਮੰਚ ਉਤਸਵ ੇ ਚੌਥੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਦੀ ਟੀਮ ਵਲੋਂ ਸ਼ਬਦੀਸ਼ ਦਾ ਲਿਖਿਆ ਅਤੇ ਅਨੀਤਾ ਸ਼ਬਦੀਸ਼ ਦਾ ਡਾਇਰੈਕਟ ਕੀਤਾ ਪੰਜਾਬੀ ਨਾਟਕ ‘ਮਨ ਮਿੱਟੀ ਦਾ ਬੋਲਿਆ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
‘ਮਨ ਮਿੱਟੀ’ ਭਾਰਤੀ ਸਮਾਜ ਵਿੱਚ ਇਸਤਰੀ ਦੀ ਹੋਣੀ-ਅਨਹੋਣੀ ਨੂੰ ਦਰਸਾਉਂਦੀ ਰਚਨਾ ਹੈ।ਇਹ ਨਾਟਕ ਦੇਸ਼-ਵਿਦੇਸ਼ ਦੇ ਵਸੀਹ ਦਾਇਰੇ ਵਿੱਚ ਬਲਾਤਕਾਰ ਦਾ ਸ਼ਿਕਾਰ ਔਰਤਾਂ ਦੀ ਤ੍ਰਾਸਦੀ ਬਿਆਨ ਕਰਦਾ ਹੈ।ਨਾਟਕ ਇਸ ਗੰਭੀਰ ਸਮੱਸਿਆ ਨੂੰ ਮਰਦ-ਪ੍ਰਧਾਨ ਸਮਾਜ ਦੇ ਵਿਸ਼ਵ-ਵਿਆਪੀ ਵਰਤਾਰੇ ਦੇ ਸੰਦਰਭ ਵਿੱਚ ਸਾਕਾਰ ਕਰਦਾ ਹੈ।ਇਹ ਇੱਕ-ਪਾਤਰੀ ਨਾਟਕ ਭਾਸ਼ਨੀ ਮੋਨੋਲਾਗ ਨਹੀਂ ਹੈ, ਬਲਕਿ ਕਥਾਕ੍ਰਮ ਨੂੰ ਸੀਨ-ਦਰ-ਸੀਨ ਅਗਾਂਹ ਤੋਰਦਾ ਹੈ। ਇਸ ਲਈ ਢੁੱਕਵੀਆਂ ਨਾਟਕੀ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਟਕ ਦਾ ਆਗਾਜ਼ ਵਰਜੀਨੀਆ ਵੁਲਫ਼ ਲਈ ਹਵਾਲਾ ਬਣੀ ਕਵਿਤਾ ਨਾਲ਼ ਹੁੰਦਾ ਹੈ, ਜੋ ‘ਟਾਈਮ ਆੱਫ ਐਲਿਜ਼ਾਬੈਥ‘ ਦੇ ਮੱਦੇਨਜ਼ਰ ਸਵਾਲ ਉਠਾਉਂਦੀ ਹੈ ਕਿ ਸਮਾਜ ਦੇ ਗਤੀਸ਼ੀਲ ਵਿਕਾਸ ਵਿੱਚ ਇਸਤਰੀ ਤੇ ਮਰਦ ਦਾ ਭਾਵਨਾਵਾਂ ਦੇ ਪ੍ਰਗਟਾਵੇ ਲਈ ਕਲਮ ਉਠਾ ਕੇ ਲਿਖਣ ਵਿੱਚ ਸਦੀਆਂ ਦਾ ਫ਼ਾਸਲਾ ਕਿਉਂ ਹੈ? ਵਿਕਸਤ ਮੰਨੇ ਜਾਂਦੇ ਦੇਸਾਂ ਦਾ ਇਹ ਫ਼ਾਸਲਾ  ਸੁਚੇਤ ਭਾਰਤੀ ਨਾਰੀ ਦੀ ਪ੍ਰਤੀਨਿਧਤਾ ਕਰਦੇ ਨਾਟਕੀ ਕਿਰਦਾਰ ਨੂੰ ਸੱਚ ਦੀ ਸੋਝੀ ਵੱਲ ਤੋਰਦਾ ਹੈ। ਉਹ ਭਾਰਤ ਦੀ ਕੌਮੀ ਰਾਜਧਾਨੀ ਵਿੱਚ ਹੋਏ ਭਿਆਨਕ ਰੇਪ ਕਾਂਡ ਖ਼ਿਲਾਫ਼ ਪੈਦਾ ਹੋਏ ਵਿਆਪਕ ਵਿਦਰੋਹ ਦੌਰਾਨ ਸਮਾਜ ਅੰਦਰ ਵਾਪਰਦੇ, ਪਰ ਅੱਖਾਂ ਤੋਂ ਪਰੋਖੇ ਰਹਿ ਰਹੇ ਜਿਨਸੀ ਸੋਸ਼ਣ ਦੀ ਪੀੜਾ ਆਪਣੇ ਤਨ ਮਨ ‘ਤੇ ਮਹਿਸੂਸ ਕਰਦੀ ਹੈ।ਇਹ ਜਿਨਸੀ ਸੋਸ਼ਣ ਘਰਾਂ ਅੰਦਰ ਹੁੰਦਾ ਹੈ, ਜਿਸ ‘ਤੇ ਸਾਡਾ ‘ਇੱਜ਼ਤਦਾਰ ਸਮਾਜ‘ ਪਰਦਾਪੋਸ਼ੀ ਕਰਦਾ ਹੈ। ਇਸ ਤਰ੍ਹਾਂ ਕਥਾ ਕੋਲਾਜ ਨਾਰੀ ਦੇ ਹੋਂਦ ਦੇ ਸੰਕਟ ਤੇ ਉਸ ਦੇ ਸੰਘਰਸ਼ ਨੂੰ ਪਰਤ-ਦਰ-ਪਰਤ ਖੁਲ੍ਹਣ ਦੇ ਰਾਹ ਪੈ ਜਾਂਦਾ ਹੈ।ਇਸ ਨਾਟ ਕਥਾ ਵਿੱਚ ਸਮਾਜ ਦੇ ਵੱਖ-ਵੱਖ ਵਰਗ ਦੀਆਂ ਔਰਤਾਂ ਦਾ ਦਰਦ ਹੈ, ਜਿਸ ਵਿੱਚ ਅੰਤਾਂ ਦੀ ਗਰੀਬੀ ਭੋਗਦੇ ਪਰਿਵਾਰਾਂ ਦੀ ਦਲਿਤ ਇਸਤਰੀ ਵੀ ਹੈ ਅਤੇ ਸਿਆਸੀ-ਸਮਾਜੀ ਸਵਾਲਾਂ ਸਰੋਕਾਰਾਂ ਪ੍ਰਤੀ ਸੁਚੇਤ ਤੇ ਸਾਹਿਤਕ ਸੁਭਾਅ ਵਾਲ਼ੀ ਇਸਤਰੀ ਵੀ ਹੈ।ਇੱਕ ਸੁਚੇਤ ਔਰਤ ਜਿਉਂ ਹੀ ਖ਼ੁਦਕੁਸ਼ੀ ਦੇ ਰਾਹ ਪੈਂਦੀ ਹੈ, ਉਸ ਦੇ ਸਾਹਮਣੇ ਪਾਕਿਸਤਾਨ ਦੀ ਮੁਖ਼ਤਾਰਾਂ ਮਾਈ ਆ ਖੜੀ ਹੁੰਦੀ ਹੈ, ਜਿਸ ਨੇ ਗਰੀਬੀ ਦੇ ਬਾਵਜੂਦ ਜ਼ੋਰਾਵਰਾਂ ਦਾ ਸਾਹਮਣਾ ਕਰਦੇ ਹੋਏ ਸੰਘਰਸ਼ ਦੀ ਮਸ਼ਾਲ ਜਗਾ ਰੱਖੀ ਹੈ।ਇਸ ਤਰ੍ਹਾਂ ਨਾਟਕ ਸਿਖ਼ਰ ਵੱਲ ਵਧਦਾ ਹੈ ਤੇ ਮਾਨਵ ਸਮਾਜ ਦੇ ਇਤਿਹਾਸਕ ਸੰਕਟ ਦਾ ਹੱਲ ਚੇਤਨਾ ਦੇ ਵਿਕਾਸ ਵਿੱਚ ਵੇਖਦਾ ਹੈ।ਇਹ ਨਾਟਕ ਪੱਛਮ ਦੇ ਪੂੰਜੀਵਾਦੀ ਨਾਰੀਵਾਦ ਨੂੰ ਸਵਾਲਾਂ ਦੇ ਦਾਇਰੇ ਵਿੱਚ ਰੱਦੇ ਹੋਏ ਇਸਤਰੀ ਜਾਤੀ ਦੀ ਹੋਂਦ ਦੇ ਸੰਘਰਸ਼ ਦੀ ਪੈਰਵਾਈ ਕਰਦਾ ਹੈ।
ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਪ੍ਰੋ. ਡੀ.ਆਰ ਅੰਕੁਰ (ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ), ਅਦਾਕਾਰ ਵਿਵੇਕ ਮਿਸ਼ਰਾ, ਸ੍ਰੀ ਜਤਿੰਦਰ ਬਰਾੜ, ਸਕੱਤਰ ਰਮੇਸ਼ ਯਾਦਵ, ਧਰਵਿੰਦਰ ਸਿੰਘ ਔਲਖ, ਭੁਪਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਰੇਨੂੰ ਸਿੰਘ, ਮੰਚਪ੍ਰੀਤ, ਹਰਦੀਪ ਗਿੱਲ, ਅਨੀਤਾ ਦੇਵਗਨ, ਡਾ. ਸ਼ਿਆਮ ਸੁੰਦਰ ਦੀਪਤੀ, ਦੀਪ ਮਨਦੀਪ, ਨਰਿੰਦਰ ਸਾਂਘੀ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply