Saturday, February 28, 2026

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ,
ਸਭ ਨੇ ਖੇਡੀ ਹੋਲੀ।
ਭੰਗੜਾ ਪਉਂਦੇ ਨੱਚਦੇ ਗਾਉਂਦੇ,
ਢੋਲ ਵਜਾਉਂਦੇ ਢੋਲੀ।

ਖੁਸ਼ੀਆਂ ਦਾ ਤਿਉਹਾਰ ਪਿਆਰਾ
ਸਭ ਨੂੰ ਚੰਗਾ ਲੱਗੇ.
ਹਰ ਟੋਲੀ ਦੇ ਰੰਗ ਨਿਆਰੇ,
ਨੀਲੇ, ਪੀਲੇ-ਬੱਗੇ।

ਨਵੀਂ ਵਿਆਹੀ ਵਹੁੱਟੀ ‘ਤੇ,
ਭਰ ਮਾਰੀ  ਪਚਕਾਰੀ,
ਦਿਉਰ ਮੇਰਾ ਬੜਾ ਟੁੱਟ ਪੈਣਾ,
ਰੰਗ ਗਿਆ ਕਈ ਵਾਰੀ।

ਲੁੱਕਣ-ਮੀਚੀ ਖੇਡ ਕੇ ਉਹਨੂੰ,
ਕਰ ਲਿਆ ਮੈਂ ਕਾਬੂ,
ਡੱਬ-ਖੜੱਬਾ ਦਿਉਰ ਨੂੰ ਕੀਤਾ,
ਜਿਉਂ ਬੰਬੇ ਦਾ ਬਾਬੂ।

ਚੋਰੀ-ਚੋਰੀ ਨਣਦ ਮੇਰੀ ਨੇ,
ਮੇਰਾ ਭੂਤ ਬਣਾਇਆ,
ਮੈਂ ਵੀ ਉਹਨੂੰ ਫੜਕੇ ਅੜੀਓ,
ਰੰਗਾਂ ਨਾਲ ਸਜਾਇਆ।

ਹੋਲੀ ਖੇਡ ਕੇ ਸਾਡੇ ਘਰ ਦਾ,
ਹੋਇਆ ਰੰਗਲਾ ਵਿਹੜਾ,
ਦਰਾਣੀ ਅਤੇ ਜਠਾਣੀ ਰੰਗੀ,
ਦਸੋ! ਬਚਿਆ ਕਿਹੜਾ।

ਜੱਟ ਨਸ਼ੇ ਵਿੱਚ ਝੂਮਣ ਲੱਗਾ,
ਕਹਿੰਦਾ ਆਈ ਹੋਲੀ,
ਮੈਂ, ਹੈ ਪਉਣਾ ਅੱਜ ਭੰਗੜਾ,
ਜੱਟੀ ਪਾਊਗੀ ਬੋਲੀ।

ਚਾਚਾ-ਚਾਚੀ,ਤਾਇਆ-ਤਾਈ,
ਬੰਨ੍ਹਿਆ ਰੰਗ ਨਿਆਰਾ,
ਵਢੀ ਭਾਬੀ ਰੰਗਣ ਚੜ੍ਹਿਆ,
ਵੇ਼ਖੋ ਛੜਾ ਵਿਚਾਰਾ।

ਅੱਜ ! ਬਾਪੂ ਨੇ ਬੇਬੇ ਰੰਗ ਕੇ,
ਐਸਾ ਰੰਗ ਚੜਾਇਆ,
ਫਿਰ ਸਾਰਾ ਟੱਬਰ ਬਾਪੂ ਜੀ ਦਾ,
ਹੋਇਆ ਦੂਣ ਸਵਾਇਆ।

ਸਾਂਝਾਂ ਦਾ ਤਿਉਹਾਰ ਏ ਹੋਲੀ,
ਰਲ ਕੇ ਖੁਸ਼ੀ ਮਨਾਈਏ,
ਮਿੱਤਰਤਾ ਦਾ ਰੰਗ ਚੜ੍ਹਾ ਕੇ,
ਸਭੇ ਸਾਂਝੀਵਾਲ਼਼ ਸਦਾਈਏ।

`ਸੁਹਲ` ਦਿਲਾਂ ਦੇ ਨੇੜੇ ਹੋ ਕੇ,
ਸਭ ਨੂੰ ਗਲੇ ਲਗਾਉ,
ਹੋਲੀ ਦੇ ਬੜੇ ਰੰਗ ਨਿਆਰੇ,
ਗੀਤ ਹੋਲੀ ਦੇ ਗਾਉ।

Malkiat Suhal

 

 
ਮਲਕੀਅਤ  “ਸੁਹਲ”
 ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ,  
 ਡਾ. ਤਿੱਬੜੀ (ਗੁਰਦਾਸਪੁਰ)
 ਮੋਬਾ -98728-48610

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply