10 ਲੈਪਟਾਪ, 7 ਐਲ.ਈ.ਡੀ, 2 ਸਕੈਨਰ, 1 ਇੰਡੀਗੋ ਕਾਰ ਤੇ 1 ਰਿਕਸ਼ਾ ਬਰਾਮਦ
ਬਟਾਲਾ, 9 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਦੁਕਾਨਾਂ ਵਿੱਚ ਰਾਤ ਸਮੇਂ ਸੰਨ੍ਹ ਲਗਾ ਕੇ ਚੋਰੀਆਂ ਕਰਨ ਵਾਲੇ ਗਿਰੋਹ ਨੂੰ
ਆਖਰਕਾਰ ਬਟਾਲਾ ਪੁਲਿਸ ਨੇ ਕਾਬੂ ਕਰ ਲਿਆ ਹੈ।ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁਮੰਣ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 16-17 ਜਨਵਰੀ 2018 ਦੀ ਦਰਮਿਆਨੀ ਰਾਤ ਨੂੰ ਥਾਣਾ ਸਿਟੀ ਬਟਾਲਾ ਦੇ ਏਰੀਏ ਵਿੱਚ ਪੈਂਦੇ ਸੀਤਲਾ ਮੰਦਰ ਬਟਾਲਾ ਦੇ ਪਿਛਲੇ ਪਾਸੇ ਸਥਿਤ ਅਰੁਣ ਨਾਮਕ ਕੰਪਿਊਟਰ ਸਿਸਟਮ ਦੀ ਦੁਕਾਨ ’ਤੇ ਕੁੱਝ ਅਣਪਛਾਤੇ ਵਿਅਕਤੀ ਦੁਕਾਨ ਨੂੰ ਪਾੜ ਲਗਾ ਕੇ 17 ਲੈਪਟਾਪ, 8 ਐਲ.ਈ.ਡੀ, 3 ਸਕੈਨਰ, 2 ਸਪੀਕਰ ਅਤੇ 10 ਬੈਗ, ਕੁੱਲ ਕੀਮਤ 5,25,000 ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਸਨ।ਇਸ ਚੋਰੀ ਦੀ ਵਾਰਦਾਤ ਦਾ ਮੁਕੱਦਮਾ ਮਿਤੀ 17 ਜਨਵਰੀ 2018 ਨੂੰ ਥਾਣਾ ਸਿਟੀ ਵਿੱਚ ਧਾਰਾ 457,380 ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਐਸ.ਐਸ.ਪੀ ਬਟਾਲਾ ਘੁੰਮਣ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਚੋਰੀ ਵਰਗੀਆਂ ਵਾਰਦਾਤਾਂ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਡੀ.ਐਸ.ਪੀ ਸਿਟੀ ਸੁੱਚਾ ਸਿੰਘ ਬੱਲ ਦੀ ਨਿਗਰਾਨੀ ਹੇਠ ਥਾਣਾ ਸਿਟੀ ਦੇ ਐੱਸ.ਐੱਚ.ਓ ਵਿਸ਼ਵਾ ਮਿੱਤਰ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਪਰੋਕਤ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਸੁਦੇਸ਼ ਕੁਮਾਰ ਉਰਫ ਤੋਤੀ ਪੁੱਤਰ ਬਲਦੇਵ ਰਾਜ, ਵਾਸੀ ਭੱਠਾ ਇੰਦਰਜੀਤ, ਕੁਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਲਾਵੇ ਦੀ ਕੋਠੀ ਹਾਲ ਵਾਸੀ ਪਿੰਡ ਧੀਰ, ਗੁਰਮੇਜ ਸਿੰਘ ਉਰਫ ਗੇਜ਼ਾ ਵਾਸੀ ਬੇਰੀਆਵਾਲਾ, ਥਾਣਾ ਫਤਿਹਗੜ੍ਹ ਚੂੜੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਲੈਪਟਾਪ, 7 ਐਲ.ਈ.ਡੀ, 2 ਸਕੈਨਰ, 1 ਇੰਡੀਗੋ ਕਾਰ ਅਤੇ 1 ਰਿਕਸ਼ਾ ਬਰਾਮਦ ਕੀਤਾ ਗਿਆ।ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਦੋਸ਼ੀਆਂ ਦੇ ਮੁਕੱਦਮੇ ਦੇ ਜੁਰਮ ਵਿੱਚ ਧਾਰਾ 411 ਤੇ 413 ਦਾ ਵਾਧਾ ਕੀਤਾ ਗਿਆ ਹੈ।
ਜਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਦੋਸ਼ੀਆਂ ਨੇ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ 3 ਮਹੀਨੇ ਪਹਿਲਾਂ ਕਾਦੀਆਂ ਚੁੰਗੀ ਨੇੜਿਓਂ ਇੱਕ ਛੋਟੀ ਗਲੀ ਵਿਚੋਂ ਕੰਧ ਟੱਪ ਕੇ ਸਿਲੰਡਰ ਅਤੇ ਕੱਪੜੇ ਚੋਰੀ ਕੀਤੇ ਸਨ।ਇਸ ਤੋਂ ਇਲਾਵਾ 2 ਮਹੀਨੇ ਪਹਿਲਾਂ ਅੱਡਾ ਤਾਰਾਗੜ੍ਹ ਤੋਂ 1 ਕਰਿਆਨੇ ਦੀ ਦੁਕਾਨ ਨੂੰ ਪਾੜ ਲਗਾ ਕੇ ਕਰਿਆਨੇ ਦਾ ਸਮਾਨ ਚੋਰੀ ਕੀਤਾ ਸੀ।ਮਹੀਨਾ ਕੁ ਪਹਿਲਾਂ ਇਨ੍ਹਾਂ ਲੋਂ ਹੀ ਕਾਦੀਆਂ ਚੁੰਗੀ ਤੋਂ ਸੈਨੇਟਰੀ ਦੀ ਦੁਕਾਨ ਤੋਂ ਟੁੱਟੀਆਂ, 1 ਐਲ.ਸੀ.ਡੀ, 15 ਗੀਜ਼ਰ ਅਤੇ ਪੈਸੇ ਆਦਿ ਚੋਰੀ ਕੀਤੇ ਗਏ ਸਨ।10/12 ਦਿਨ ਪਹਿਲਾਂ ਅਲੀਵਾਲ ਬਜ਼ਾਰ ਤੋਂ ਸੁਨਿਆਰੇ ਦੀ ਦੁਕਾਨ ਨੂੰ ਪਾੜ ਲਗਾ ਕੇ 7 ਡੱਬੇ ਚਾਂਦੀ ਦੇ ਗਹਿਣੇ ਅਤੇ ਆਰਟੀਫੀਸ਼ਲ ਗਹਿਣੇ ਚੋਰੀ ਕੀਤੇ ਸਨ।
ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਇਨ੍ਹਾਂ ਵਾਰਦਾਤਾਂ ਨੂੰ ਰਾਤ ਸਮੇਂ ਰਿਕਸ਼ੇ ’ਤੇ ਸਵਾਰ ਹੋ ਕੇ ਅੰਜ਼ਾਮ ਦਿੰਦੇ ਸਨ ਅਤੇ ਚੋਰੀ ਕੀਤਾ ਸਮਾਨ ਇੰਡੀਗੋ ਕਾਰ ਰਾਹੀਂ ਵੱਖ-ਵੱਖ ਥਾਵਾਂ ’ਤੇ ਲਿਜਾ ਕੇ ਵੇਚ ਦਿੰਦੇ ਸਨ।ਘੁੰਮਣ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਅਜਿਹੀਆਂ ਵਾਰਦਾਤਾਂ ਦੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ਼ ਹਨ, ਜਿਨ੍ਹਾਂ ਵਿੱਚ ਇਹ ਸਜ਼ਾ ਵੀ ਕੱਟ ਚੁੱਕੇ ਹਨ।ਦੋਸ਼ੀਆਂ ਪਾਸੋਂ ਮਜੀਦ ਪੁੱਛਗਿਛ ਜਾਰੀ ਹੈ, ਜਿਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media