ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਠਾਕੁਰ ਸਿੰਘ ਆਰਟ ਗੈਲਰੀ ਵਿਖੇ 7 ਰੋਜਾ
ਨੈਸ਼ਨਲ ਥੀਏਟਰ ਫੈਸਟੀਵਲ ਦੇ ਚੋਥੇ ਦਿਨ ਜਸਵੀਰ ਰਾਣਾ ਦੀ ਲਿਖੀ ਕਹਾਣੀ `ਤੇ ਸੰਗੀਤ ਗੁਪਤਾ ਵਲੋਂ ਨਿਰਦੇਸ਼ਿਤ ਨਾਟਕ `ਖਤ ਲਈ ਸ਼ੁਕਰੀਆ` ਮੰਚਿਤ ਕੀਤਾ ਗਿਆ।ਰੂਪਾਂਕ ਕਲਾ ਥਿਏਟਰ ਵੈਲਫ਼ੇਅਰ ਸੋਸਾਇਟੀ ਚੰਡੀਗੜ ਦੀ ਟੀਮ ਵਲੋਂ ਪੇਸ਼ ਗਏ ਇਸ ਨਾਟਕ ਵਿਚ ਮੈਡਮ ਤਜਿੰਦਰ ਛੀਨਾ ਬਤੌਰ ਮੁੱਖ ਮਹਿਮਾਨ, ਜਦਕਿ ਪ੍ਰਸਿੱਧ ਸੋਸ਼ਲ ਵਰਕਰ ਕਮਲ ਉਪਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਨਾਟਕ ਦੇ ਡਾਇਰੈਕਟਰ ਸੰਗੀਤ ਗੁਪਤਾ ਦਾ ਕਹਿਣਾ ਨਾਟਕ ਵਿੱਚ ਆਧੁਨਿਕ ਸੰਚਾਰ ਸਾਧਨਾਂ ਫੇਸਬੁੱਕ, ਮੋਬਾਈਲ, ਲੈਪਟਾਪ, ਵਟਸਐਪ ਤੇ ਸੋਸ਼ਲ ਮੀਡਿਆ ਨਾਲ ਜੁੜੀ ਉਸ ਨੌਜਵਾਨ ਪੀੜੀ ਦੀ ਗਾਥਾ ਦਾ ਚਿਤਰਣ ਕੀਤਾ ਗਿਆ ਹੈ।ਜਿਸ ਨੌਜਵਾਨ ਪੀੜੀ ਨੇ ਕ੍ਰਾਂਤੀ ਕਰਨੀ ਸੀ, ਉਹੀ ਆਪਣੀ ਸੂਰਬੀਰਤਾ, ਸਿਆਣਪ ਤੇ ਇਸ਼ਕ ਹਕੀਕੀ ਦੀ ਅਮੀਰ ਵਿਰਾਸਤ ਨਾਲੋਂ ਟੁੱਟ ਕੇ ਹਵਾ ਦੇ ਰਾਹ ਤੁਰ ਪਈ ਹੈ।ਰਾਹ ਤੋਂ ਭਟਕੀ ਉਸ ਪੀੜੀ ਨੂੰ ਸੱਚੀ ਮੁਹੱਬਤ ਨਾਲ ਜੋੜਦੀ ਹੈ।ਇਸ ਕਹਾਣੀ ਵਿੱਚਲੀ ਪਾਤਰ ਕੁੜੀ ਰੀਤ ਮਨੁੱਖੀ ਜੀਵਨ ਧਾਰਾ ਨਾਲ ਜੁੜੀ ਖ਼ਤ ਦੀ ਸ਼ਕਤੀਸ਼ਾਲੀ ਪ੍ਰੰਪਰਾ ਨੂੰ ਪੇਸ਼ ਕਰਦੀ ਹੈ।ਉਸ ਪਰੰਪਰਾ ਵਿਚ ਸਾਡੇ ਵਿਰਸੇ ਦੇ ਸੰਘਰਸ਼ ਸਿਆਣਪ, ਇਸ਼ਕ, ਰਿਸ਼ਤੇ-ਨਾਤੇ ਅਤੇ ਇਨਕਲਾਬੀ ਧਾਰਾ ਦਾ ਇਤਿਹਾਸ ਸ਼ਾਮਿਲ ਹੈ।ਨਾਟਕ ਦੀ ਕਹਾਣੀ ਦਾ ਪਾਤਰ ਮੁੰਡਾ ਕਾਠੀ ਆਧੁਨਿਕ ਜੀਵਨ ਸ਼ੈਲੀ ਦੇ ਮਾਰੂ ਪ੍ਰਭਾਵਾਂ ਦੀ ਉਹ ਜਿਉਂਦੀ ਜਾਗਦੀ ਮਿਸਾਲ ਹੈ, ਜਿਸ ਤੋਂ ਅਜੋਕੀ ਨੌਜਵਾਨ ਪੀੜੀ ਦੇ ਇਕੱਲਤਾ, ਬੇਗਾਨਗੀ, ਨਸ਼ੇ, ਫੋਕੀ ਟੋਹਰ, ਆਚਰਣ ਦੀ ਗਿਰਾਵਟ, ਤਣਾਅ ਤੇ ਮਾਨਸਿਕ ਤੋਰ `ਤੇ ਖੰਡਿਤ ਹੋਣ ਦਾ ਪਤਾ ਲੱਗਦਾ ਹੈ।ਇਹ ਨੌਜਵਾਨ ਪੀੜੀ ਜੇਕਰ ਆਪਣੀ ਅਮੀਰ ਵਿਰਾਸਤ ਦੀ ਮੁਹੱਬਤ ਨਾਲ ਜੁੜ ਕੇ ਆਧੁਨਿਕ ਜਿੰਦਗੀ ਦੇ ਰਾਹ ਤੁਰਦੀ ਹੈ ਤਾ ਉਹ ਜਿੰਦਗੀ ਦੇ ਹਰ ਖੇਤਰ ਵਿਚ ਕ੍ਰਾਂਤੀ ਕਰ ਸਕਦੀ ਹੈ।
ਉਨਾਂ ਕਿਹਾ ਕਿ ਕਹਾਣੀ ਖਤ ਵਿਹੂਣੇ ਹਰ ਉਸ ਨੌਜਵਾਨ ਮੁੰਡੇ-ਕੁੜੀ ਦੇ ਹੱਥ, ਅੱਖਾਂ, ਸੋਚ ਤੇ ਦਿਮਾਗ ਵਿੱਚ ਪਹੁੰਚਣੀ ਚਾਹੀਦੀ ਹੈ, ਜਿਸ ਦੇ ਹੱਥ ਵਿਚ ਅੱਜ ਮੋਬਾਈਲ ਹੈ।ਇਸ ਲਈ ਅੱਜ ਦੇ ਨੌਜਵਾਨ ਵਰਗ ਦੀ ਦਸ਼ਾ ਤੇ ਦਿਸ਼ਾ ਨਾਲ ਸੰਵਾਦ ਰਚਾਉਣ ਲਈ ਬਤੋਰ ਇਕ ਪ੍ਰਤੀਬੱਧ ਤੇ ਜਿੰਮੇਵਾਰੀ ਦੇ ਇਸ ਦਾ ਨਾਟਕੀ ਰੂਪ ਤਿਆਰ ਕੀਤਾ ਹੈ।ਨਾਟਕ ਰਾਹੀਂ ਇਹ ਕਹਾਣੀ ਹਰ ਬਸ਼ਿੰਦੇ, ਪਿੰਡ, ਸ਼ਹਿਰ ਤੇ ਅਦਾਰੇ ਤੱਕ ਪਹੁੰਚਾ ਕੇ ਰਹਾਂਗੇ।
ਇਸ ਨਾਟਕ ਦੇ ਕਲਾਕਾਰਾਂ ਵਿਚ ਲਵਲੀ ਕੌਰ, ਗਗਨਦੀਪ ਸਿੰਘ, ਪ੍ਰਸ਼ਾਸਤੀ, ਕੇਸ਼ਵ, ਰਾਧਿਕਾ, ਅਨਮੋਲ ਸਿੰਘ, ਪ੍ਰੀਤ ਸ਼ੇਰਗਿੱਲ, ਚਾਈਨੀਜ਼ ਗਿੱਲ, ਮੁਕੇਸ਼ ਸ਼ਰਮਾ, ਆਸ਼ੀਸ਼, ਵਰਿੰਦਰ ਸਿੰਘ, ਸੋਫੀਆ ਦੂਨ, ਅਸ਼ਵਿੰਦਰ ਸਿੰਘ, ਵਿਜੈ ਕੁਮਾਰ, ਜਸਪ੍ਰੀਤ ਸਿੰਘ ਆਦਿ ਨੇ ਸਟਜ `ਤੇ ਆਪਣੀ ਕਲਾ ਦੇ ਜੌਹਰ ਦਿਖਾਏ।ਇਸ ਮੌਕੇ ਡਾਕਟਰ ਅਰਵਿੰਦਰ ਚਮਕ, ਡਾਕਟਰ ਗੋਪਾਲ ਕਿਰੋਦਿਵਾਲ, ਕਰਮਜੀਤ ਸਿੰਘ, ਸੁਖਪਾਲ ਸਿੰਘ, ਅਤੁੱਲ ਮੇਹਰ, ਕੇਵਲ ਸਹਿਗਲ ਆਦਿ ਹਾਜਰ ਸਨ।ਪੰਜਵੇਂ ਦਿਨ ਕੱਲ ਚਕਰੇਸ਼ ਦਾ ਨਿਰਦੇਸ਼ਿਤ ਨਾਟਕ `ਦੀਵਾਨੇ` ਪੇਸ਼ ਕੀਤਾ ਜਾਵੇਗਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media