ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਜਿਲ੍ਹੇ ਨੂੰ ਨਸ਼ਾ ਮੁੱਕਤ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਅਧਿਕਾਰੀਆਂ,
ਕਰਮਚਾਰੀਆਂ ਦੇ ਨਾਲ-ਨਾਲ ਆਮ ਨਾਗਰਿਕਾਂ ਕੋਲੋਂ ਸਵੈਇੱਛਕ ਸਹਿਯੋਗ ਲੈਣ ਦਾ ਉਪਰਾਲਾ ਸ਼ੁਰੂ ਕੀਤਾ ਹੈ।ਇਸ ਤਹਿਤ ਜਿਲੇ, ਤਹਿਸੀਲ, ਪਿੰਡ ਅਤੇ ਵਾਰਡ ਪੱਧਰ ’ਤੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ, ਨਸ਼ੇ ਦੀ ਸਪਲਾਈ ਰੋਕਣ ਅਤੇ ਨਸ਼ਾ ਕਰਦੇ ਵਿਅਕਤੀਆਂ ਦਾ ਇਲਾਜ ਕਰਵਾਉਣ ਲਈ ‘ਨਸ਼ਾ ਮੁੱਕਤੀ ਅਧਿਕਾਰੀ’ ਨਿਯੁੱਕਤ ਕੀਤੇ ਜਾਣਗੇ ਇਸ ਬਾਰੇ ਅੱਜ ਹੋਈ ਪਲੇਠੀ ਮੀਟਿੰਗ ਵਿਚ ਜਿਲ੍ਹਾ ਪੱਧਰ ’ਤੇ ਅਧਿਕਾਰੀਆਂ ਦਾ ਸਹਿਯੋਗ ਲੈਣ ਦੀ ਇੱਛਾ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਾਰੇ ਜਿਲ੍ਹਾ ਅਧਿਕਾਰੀਆਂ ਨਾਲ ਵਿਸਥਾਰ ਵਿਚ ਇਸ ਯੋਜਨਾ ਦਾ ਖੁਲਾਸਾ ਕਰਦੇ ਸਹਿਯੋਗ ਦੀ ਮੰਗ ਕੀਤੀ।
ਅੱਜ ਦੀ ਮੀਟਿੰਗ ਵਿਚ ਪੁਲਿਸ, ਮਾਲ, ਸਿਹਤ, ਮਿਉਂਸੀਪਲ ਕਾਰਪੋਰੇਸ਼ਨ, ਸਥਾਨਕ ਸਰਕਾਰਾਂ, ਪੰਚਾਇਤ, ਸਿੱਖਿਆ, ਖੁਰਾਕ ਸਪਲਾਈ, ਖੇਤੀ, ਬਾਗਬਾਨੀ, ਖੇਡ, ਯੂਥ ਸਰਵਿਸਜ਼, ਨਹਿਰੂ ਯੁਵਾ ਕੇਂਦਰ, ਇਸਤਰੀ ਤੇ ਬਾਲ ਵਿਕਾਸ ਅਤੇ ਹੋਰ ਵਿਭਾਗਾਂ ਨਾਲ ਉਕਤ ਵਿਉਂਤਬੰਦੀ ਸਾਂਝੀ ਕਰਦੇ ਡਿਪਟੀ ਕਮਿਸ਼ਨਰ ਸੰਘਾ ਨੇ ਕਿਹਾ ਕਿ ਇਸ ਮੁਹਿੰਮ ਵਿਚ ਸਾਰੇ ਸਰਕਾਰੀ ਅਧਿਕਾਰੀ, ਕਰਮਚਾਰੀ, ਆਮ ਨਾਗਰਿਕਾਂ, ਸਮਾਜ ਸੇਵੀ ਸੰਸਥਾਵਾਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ, ਐਨ.ਸੀ.ਸੀ ਵਲੰਟੀਅਰਾਂ, ਪੁਲਿਸ ਸਾਂਝ ਕੇਂਦਰਾਂ ਅਤੇ ਚੁਣੇ ਹੋਏ ਨੁੰਮਾਇਦਿਆਂ ਦਾ ਸਹਿਯੋਗ ਜਿਲ੍ਹੇ ਨੂੰ ਨਸ਼ਾ ਮੁੱਕਤ ਕਰਨ ਲਈ ਲਿਆ ਜਾਵੇਗਾ।
ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ’ਤੇ ਸੁਚੱਜੇ ਤਰੀਕੇ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਮਿਸ਼ਨ ਟੀਮਾਂ ਵੀ ਬਣਾਈਆਂ ਗਈਆਂ ਹਨ। ਸਬੰਧਤ ਜ਼ਿਲ੍ਹੇ ਦੇ ਡੀ.ਸੀ, ਐਸ.ਐਸ.ਪੀ, ਸਿਵਲ ਸਰਜਨ ਅਤੇ ਹੋਰ ਜ਼ਿਲ੍ਹਾ ਅਫ਼ਸਰ ਇਨ੍ਹਾਂ ਜ਼ਿਲ੍ਹਾ ਪੱਧਰੀ ਟੀਮਾਂ ’ਚ ਸ਼ਾਮਲ ਹੋਣਗੇ।ਇਸ ਤਰ੍ਹਾਂ ਦੀ ਹੀ ਟੀਮਾਂ ਅੱਗੇ ਸਬ-ਡਵੀਜ਼ਨ ਅਤੇ ਪਿੰਡ ਪੱਧਰ ’ਤੇ ਵੀ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਸ਼ਿਆਂ ਨੂੰ ਖ਼ਤਮ ਕਰਨ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਡੇਪੋ ਵਲੰਟੀਅਰ ਵਜੋਂ ਆਪਣਾ ਪੰਜੀਕਰਨ ਕਰਵਾ ਸਕਦਾ ਹੈ।ਡੇਪੋ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਇੱਕ ਡੇਪੋ ਵਲੰਟੀਅਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਨਸ਼ਿਆ ਖਿਲਾਫ ਜਾਗਰੂਕਤਾ ਪੈਦਾ ਕਰੇ, ਨਸ਼ੇ ’ਚ ਫਸੇ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਸਬੰਧੀ ਜਾਣਕਾਰੀ ਦੇਵੇ, ਆਪਣੇ ਇਲਾਕੇ ’ਚ ਖੇਡਾਂ ਜਾਂ ਹੋਰ ਸਕਾਰਾਤਮਕ ਸਰਗਰਮੀਆਂ ਨੂੰ ਉਤਸ਼ਾਹਤ ਕਰੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇ।
ਉਨਾਂ ਦੱਸਿਆ ਕਿ ਅੱਜ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ 22 ਮਾਰਚ ਤੱਕ ਪਿੰਡ ਅਤੇ ਵਾਰਡ ਪੱਧਰ ਤੱਕ ਨਿਯੁੱਕਤੀਆਂ ਕਰਕੇ 23 ਮਾਰਚ ਨੂੰ ਤਹਿਸੀਲ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ, ਜਿੱਥੇ ਇਨਾਂ ਅਧਿਕਾਰੀਆਂ ਅਤੇ ਆਮ ਨਾਗਰਿਕਾਂ, ਜੋ ਕਿ ਸਵੈ ਇੱਛਾ ਨਾਲ ਆਪਣੇ ਆਲੇ-ਦੁਆਲੇ ਨੂੰ ਨਸ਼ਾ ਦੇ ਰੋਗ ਤੋਂ ਮੁੱਕਤ ਕਰਵਾਉਣ ਲਈ ਅੱਗੇ ਆਉਣਗੇ, ਕੋਲੋਂ ਨਸ਼ਾ ਮੁੱਕਤੀ ਦਾ ਪ੍ਰਣ ਲਿਆ ਜਾਵੇਗਾ।
ਸੰਘਾ ਨੇ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦਾ ਉਹ ਵਿਅਕਤੀ, ਜੋ ਸਮਾਜ ਲਈ ਕੁੱਝ ਕਰਨਾ ਚਾਹੁੰਦਾ ਹੈ ਅਤੇ ਕਿਸੇ ਅਪਰਾਧਿਕ ਅਤੇ ਨਸ਼ਾ ਵੇਚਣ ਵਾਲੇ ਕੰਮ ਵਿਚ ਸ਼ਾਮਿਲ ਨਹੀਂ ਰਿਹਾ, ਉਹ ਇਸ ਦਾ ਮੈਂਬਰ ਬਣ ਸਕਦਾ ਹੈ।ਉਨਾਂ ਦੱਸਿਆ ਕਿ ਇੰਨਾਂ ਸਾਰੇ ‘ਡੈਪੋ-ਡਰੱਗ ਅਬਿੳੂਸ ਪ੍ਰੀਵੇਨਸ਼ਨ ਆਫੀਸਰ’ ਅਧਿਕਾਰੀਆਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ।ਉਕਤ ਅਧਿਕਾਰੀ ਆਪੋ-ਆਪਣੇ ਖੇਤਰ ਵਿਚ ਲੋਕਾਂ ਨੂੰ ਨਸ਼ੇ ਵਿਰੁੱਧ ਲਾਮਬੰਦ ਕਰਨ ਦੇ ਨਾਲ-ਨਾਲ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਅਤੇ ਨਸ਼ਈ ਵਿਅਕਤੀਆਂ ਦੇ ਇਲਾਜ ਲਈ ਉਪਰਾਲੇ ਕਰਨ ਵਿਚ ਸਰਕਾਰ ਦੀ ਮਦਦ ਕਰਨਗੇ। ਉਨਾਂ ਦੱਸਿਆ ਕਿ ਉਕਤ ਅਧਿਕਾਰੀਆਂ ਨੂੰ ਇਸ ਕੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਅਤੇ ਨਾਲੋ-ਨਾਲ ਕੀਤੇ ਜਾਣ ਵਾਲੇ ਕੰਮ ਦੀ ਰਿਪੋਰਟ ਵੀ ਲਈ ਜਾਵੇਗੀ।ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਪਰਮਪਾਲ ਸਿੰਘ, ਡੀ.ਸੀ.ਪੀ ਅਮਰੀਕ ਸਿੰਘ ਪਵਾਰ, ਏ.ਡੀ.ਸੀ ਰਵਿੰਦਰ ਸਿੰਘ, ਸਾਰੇ ਐਸ.ਡੀ.ਐਮ ਅਤੇ ਜਿਲੇ ਦੇ ਹੋਰ ਵਿਭਾਗਾਂ ਦੇ ਸਾਰੇ ਅਧਿਕਾਰੀ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media