ਨਵੇਂ ਬਣੇ ਥੈਲ਼ਿਆਂ ਦੀ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂਆਤ 1 ਅਪ੍ਰੈਲ ਤੋਂ
ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਾਹਨ ਸਿੰਘ ਪਨੂੰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ
ਦੁਰਵਰਤੋਂ ਨੂੰ ਰੋਕਣ ਲਈ ਰੂਪ ਸਿੰਘ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਇੰਜ: ਜੀ.ਐਸ ਮਜੀਠਾ, ਮੁੱਖ ਵਾਤਵਾਰਣ ਇੰਜਨੀਅਰ, ਇੰਜ: ਹਰਬੀਰ ਸਿੰਘ ਸੀਨੀਅਰ ਵਾਤਾਵਰਣ ਇੰਜੀਨੀਅਰ, ਅਤੇ ਇਂਜ: ਕੰਵਲਜੀਤ ਸਿੰਘ ਸਹਾਇਕ ਵਾਤਾਵਰਣ ਇੰਜਨੀਅਰ ਪੀ.ਪੀ.ਸੀ.ਬੀ ਵੀ ਹਾਜ਼ਰ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਨੂੰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2016 ਵਿੱਚ ਹੀ ਪਲਾਸਟਿਕ ਦੇ ਲਿਫਾਫਿਆਂ ਨੂੰ ਵੇਚਣ ਅਤੇ ਵਰਤਣ ’ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਪ੍ਰੰਤੂ ਅਜੇ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।ਪਲਾਸਟਿਕ ਦੇ ਲਿਫਾਫਿਆਂ ਨਾਲ ਜਿਥੇ ਵਾਤਾਰਵਣ ਖਰਾਬ ਹੁੰਦਾ ਹੈ, ਉਥੇ ਇਹ ਸੀਵਰੇਜ ਰੁੱਕ ਜਾਂਦਾ ਹੈ।
ਪਨੂੰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ ਦੀਆਂ ਚਾਰ ਕੰਪਨੀਆਂ ਨਾਲ ਸਮਝੋਤਾ ਕੀਤਾ ਗਿਆ ਹੈ ਜਿਸ ਤਹਿਤ ਇਹ ਕੰਪਨੀਆਂ ਆਲੂ ਅਤੇ ਮੱਕੀ ਦੇ ਸਟਾਰਚ ਤੋਂ ਥੈਲੇ ਤਿਆਰ ਕਰਨਗੀਆਂ ਅਤੇ ਇਹ ਥੈਲੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਆਪ ਹੀ ਨਸ਼ਟ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਕੰਪਨੀਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਿਫਾਫਿਆਂ ਲਈ ਵਰਤਿਆ ਜਾ ਰਿਹਾ ਕੱਚਾ ਮਾਲ ਵੀ ਇਥੇ ਹੀ ਤਿਆਰ ਕੀਤਾ ਜਾਵੇ।
ਪਨੂੰ ਨੇ ਦੱਸਿਆ ਕਿ ਇਹ ਨਵੇਂ ਥੈਲੇ ਵੀ ਉਨ੍ਹਾਂ ਮਸ਼ੀਨਾਂ ਵਿੱਚ ਹੀ ਤਿਆਰ ਕੀਤੇ ਜਾਣਗੇ ਜਿੰਨਾਂ ਮਸ਼ੀਨਾਂ ਵਿੱਚ ਪਹਿਲਾਂ ਪਲਾਸਟਿਕ ਦੇ ਲਿਫਾਫੇ ਤਿਆਰ ਕੀਤੇ ਜਾਂਦੇ ਸਨ।ਇਸ ਲਈ ਵਪਾਰੀਆਂ ਤੇ ਇਸ ਦਾ ਕੋਈ ਵਾਧੂ ਬੋਝ ਨਹੀਂ ਪਵੇਗਾ।ਪਨੂੰ ਨੇ ਅੱਗੇ ਕਿਹਾ ਕਿ ਇਹ ਕੈਰੀਬੇਗ ਦੀ ਕੀਮਤ ਵੀ ਕੋਈ ਜਿਆਦਾ ਨਹੀਂ ਹੈ ਅਤੇ ਜਿੰਨਾ ਕੈਰੀਬੇਗ ਦਾ ਉਤਪਾਦਨ ਵਧੇਗਾ ਉਸੇ ਤਰ੍ਹਾਂ ਇਸ ਦੀ ਕੀਮਤ ਵਿੱਚ ਗਿਰਾਵਟ ਆਵੇਗੀ।
ਪਨੂੰ ਨੇ ਦੱਸਿਆ ਕਿ ਇਨ੍ਹਾਂ ਥੈਲਿਆਂ ਦੀ ਸ਼ੁਰੂਆਤ 1 ਅਪ੍ਰੈਲ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਪ੍ਰਸ਼ਾਦ ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਹੁਣ ਇਨ੍ਹਾਂ ਥੈਲਿਆਂ ਵਿੱਚ ਮਿਲੇਗਾ।
ਇਸ ਤੋਂ ਪਹਿਲਾਂ ਪਨੂੰ ਵੱਲੋਂ ਮਿਸ਼ਨਰੀ ਖੁਦਾਈ ਖਿਦਮਦਗਾਰਾਂ ਵੱਲੋਂ ਰਣਜੀਤ ਐਵੀਨਿਊ ਵਿਖੇ ਕਰਵਾਏ ਗਏ ਸਮਾਗਮ ਵਿੱਚ ਹਿੱਸਾ ਲਿਆ ਗਿਆ।ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵ, ਜਿਲ੍ਹਾ ਜੰਗਲਾਤ ਅਫਸਰ ਰਾਜੇਸ਼ ਗੁਲਾਟੀ, ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ, ਚੇਅਰਪਰਸਨ ਪਿੰਗਲਵਾੜਾ ਸੁਸਾਇਟੀ ਬੀਬੀ ਇੰਦਰਜੀਤ ਕੌਰ, ਮਿਸ਼ਨਰੀ ਖੁਦਾਈ ਖਿਦਮਦਗਾਰਾਂ ਪਕਾਸ਼ ਸਿੰਘ ਭੱਟੀ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
ਇਸ ਮੌਕੇ ਪਨੂੰ ਨੇ ਕਿਹਾ ਕਿ ਇਸ ਸਮੇਂ ਪੰਜਾਬ ਦਾ ਜੰਗਲਾਤ ਰਕਬਾ ਕੇਵਲ 3.64 ਫੀਸਦੀ ਹੈ ਜੋ ਕਿ ਬਹੁਤ ਘੱਟ ਹੈ ਅਤੇ ਇਸ ਨੂੰ ਵਧਾਉਣ ਦੀ ਬਹੁਤ ਲੋੜ ਹੈ।ਉਨ੍ਹਾਂ ਨੇ ਪ੍ਰਕਾਸ਼ ਸਿੰਘ ਭੱਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ 32 ਲੱਖ ਦੇ ਕਰੀਬ ਪੌਦੇ ਲਗਾਏ ਜਾ ਚੁੱਕੇ ਹਨ ਜੋ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਣ ਲਈ ਲਾਹੇਵੰਦ ਸਾਬਤ ਹੋ ਰਹੇ ਹਨ।ਪਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਰ.ਓ ਦਾ ਪਾਣੀ ਘੱਟ ਤੋਂ ਘੱਟ ਪ੍ਰਯੋਗ ਕਰਨ ਕਿਉਕਿ ਪੰਜਾਬ ਦੇ 80 ਫੀਸਦੀ ਖੇਤਰ ਵਿੱਚ ਆਰ.ਓ ਦੇ ਪਾਣੀ ਦੀ ਜਰੂਰਤ ਨਹੀਂ ਹੈ।
ਕਾਹਨ ਸਿੰਘ ਪਨੂੰ, ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅਤੇ ਐਸ ਸ੍ਰੀ ਵਾਸਤਵ ਪੁਲਿਸ ਕਮਿਸ਼ਨਰ ਵੱਲੋਂ ਅਜਨਾਲਾ ਰੋਡ ਤੇ ਪੌਦੇ ਵੀ ਲਗਾਏ ਗਏ।ਇਸ ਮੌਕੇ ਮਿਸ਼ਨਰੀ ਖੁਦਾਈ ਖਿਦਮਦਗਾਰਾਂ ਵਲੋਂ ਕਾਹਨ ਸਿੰਘ ਪਨੂੰ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media