ਡੇਪੋ ਦੇ ਮੈਂਬਰ ਬਣਨ ਲਈ ਜਿਲ਼੍ਹੇ ਦੇ ਯੁਵਕਾਂ `ਚ ਭਾਰੀ ਉਤਸ਼ਾਹ – ਸਿੰਗਲਾ
ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – 23 ਮਾਰਚ ਨੂੰ ਖਟਕੜ ਕਲਾਂ ਤੋਂ ਸ਼ੁਰੂ ਕੀਤੇ ਜਾ ਰਹੇ ਬਹੁਪੱਖੀ ਪ੍ਰੋਗਰਾਮ ‘ਨਸ਼ੇ ਦੀ ਦੁਰਵਰਤੋਂ ਰੋਕਣ ਲਈ ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼ (ਡੇਪੋ) ਲਈ ਮੈਂਬਰਸ਼ਿਪ ਸ਼ੁਰੂ ਹੋ ਚੁੱਕੀ ਹੈ।ਡੇਪੋ ਵਾਲੰਟੀਅਰ ਬਣਨ ਦੇ ਚਾਹਵਾਨ ਫਾਰਮ ਸਾਂਝ ਕੇਂਦਰਾਂ ਜਾਂ ਵੈਬਸਾਈਟ ਤੋਂ ਪ੍ਰਾਪਤ ਕਰਕੇ, ਭਰਨ ਉਪਰੰਤ ਆਪਣੇ ਨੇੜਲੇ ਸਾਂਝ ਕੇਂਦਰਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ।
ਐਸ.ਐਸ.ਪੀ ਦਿਹਾਤੀ ਪਰਮਪਾਲ ਸਿੰਘ ਨੇ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਸਮੂਹ ਸਰਕਾਰੀ ਅਧਿਕਾਰੀਆਂ, ਐਨ.ਜੀ.ਓ, ਆਸ਼ਾ ਅਤੇ ਆਂਗਨਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ 18 ਸਾਲ ਤੋਂ ਉੱਪਰ ਉਮਰ ਦਾ ਕੋਈ ਵੀ ਵਿਅਕਤੀ ਵਾਲੰਟੀਅਰ ਵਜੋਂ ਨਾਮ ਦਰਜ ਕਰਵਾ ਸਕਦਾ ਹੈ।ਵਾਲੰਟੀਅਰਾਂ ਵਲੋਂ ਇਹ ਸੇਵਾ ਸਵੈ-ਇੱਛਾ ਕੀਤੀ ਜਾਵੇਗੀ ਅਤੇ ਇਸ ਲਈ ਕੋਈ ਮਾਣ-ਭੱਤਾ ਨਹੀਂ ਮਿਲੇਗਾ।
ਉਨ੍ਹਾਂ ਕਿਹਾ ਕਿ ਹਰ ਇੱਕ ਡੇਪੋ ਵਲੰਟੀਅਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰੇ, ਨਸ਼ੇ ’ਚ ਫਸੇ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਸਬੰਧੀ ਜਾਣਕਾਰੀ ਦੇਵੇ, ਆਪਣੇ ਇਲਾਕੇ ’ਚ ਖੇਡਾਂ ਜਾਂ ਹੋਰ ਸਕਾਰਾਤਮਕ ਸਰਗਰਮੀਆਂ ਨੂੰ ਉਤਸ਼ਾਹਿਤ ਕਰੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇ।ਚੁਣੇ ਗਏ ਡੇਪੋਜ਼ ਦੀ ਟ੍ਰੇਨਿੰਗ ਹੋਵੇਗੀ ਅਤੇ 23 ਮਾਰਚ ਨੂੰ ਜ਼ਿਲੇ੍ਹ ਭਰ ਵਿਚ ਨਸ਼ਾ ਮੁਕਤੀ ਲਈ ਸਹੰੁ ਚੁਕਾਈ ਜਾਵੇਗੀ।
ਐਸ.ਡੀ.ਐਮ ਅੰਮਿ੍ਰਤਸਰ-1 ਨਿਤਿਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਪੋ ਦੀ ਸ਼ੁਰੂਆਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱੱਦੀ ਪਿੰਡ ਖਟਕੜ ਕਲਾਂ ਤੋਂ ‘ਯੁਵਾ ਸਸ਼ਕਤੀਕਰਣ ਦਿਵਸ’ ਅਤੇ ਰਾਜ ਪੱਧਰੀ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਕਰਨਗੇ ਅਤੇ ਨਾਲ ਹੀ ਸੂਬਾ ਪੱਧਰ ’ਤੇ ਡੇਪੋ ਦੇ ਸਵੈ ਇਛੁਕ ਵਾਲੰਟੀਅਰਾਂ ਅਤੇ ਆਮ ਜਨਤਾ ਨੂੰ ਵੀ ਸਹੁੰ ਚੁਕਾਈ ਜਾਵੇਗੀ।ਉਨਾਂ੍ਹ ਦੱਸਿਆ ਕਿ ਜ਼ਿਲੇ੍ਹ ਅੰਦਰ ਡੇਪੋ ਬਣਨ ਲਈ ਯੁਵਕਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ’ਤੇ ਸੁਚੱਜੇ ਤਰੀਕੇ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਮਿਸ਼ਨ ਟੀਮਾਂ ਵੀ ਬਣਾਈਆਂ ਗਈਆਂ ਹਨ।ਜ਼ਿਲ੍ਹੇ ਦੇ ਡੀ.ਸੀ, ਐਸ.ਐਸ.ਪੀ, ਸਿਵਲ ਸਰਜਨ ਅਤੇ ਹੋਰ ਜ਼ਿਲ੍ਹਾ ਅਫ਼ਸਰ ਇਨ੍ਹਾਂ ਜ਼ਿਲ੍ਹਾ ਪੱਧਰੀ ਟੀਮਾਂ ’ਚ ਸ਼ਾਮਲ ਹੋਣਗੇ।ਇਸ ਤਰ੍ਹਾਂ ਦੀ ਹੀ ਟੀਮਾਂ ਅਗੇ ਸਬ-ਡਵੀਜ਼ਨ ਅਤੇ ਪਿੰਡ ਪੱਧਰ ’ਤੇ ਵੀ ਬਣਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਸ਼ਿਆਂ ਨੂੰ ਖ਼ਤਮ ਕਰਨ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਡੇਪੋ ਵਲੰਟੀਅਰ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਇਸ ਸੈਮੀਨਾਰ ਦੌਰਾਨ ਗੁਰਪ੍ਰਤਾਪ ਸਿੰਘ ਡੀ.ਐਸ.ਪੀ ਜੰਡਿਆਲਾ, ਦੀਪਕ ਬੱਬਰ ਮਿਸ਼ਨ ਆਗਾਜ਼, ਡਾ. ਗਾਂਧੀ, ਡਾ: ਇਸ਼ਾ ਧਵਨ, ਕਰਨਲ ਗੁਰਮੁਖ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਖੁਸ਼ਹਾਲੀ ਦੇ ਰਾਖੇ, ਆਸ਼ਾ ਵਰਕਰ ਤੇ ਆਂਗਨਵਾੜੀ ਵਰਕਰ ਹਾਜ਼ਰ ਸਨ।
Punjab Post Daily Online Newspaper & Print Media