ਜ਼ਿਲ੍ਹਾ ਲੁਧਿਆਣਾ ਦਾ ਨਾਂ ਰੋਸ਼ਨ ਕਰਨ ਵਾਲੀਆਂ ਲੜਕੀਆਂ ਸਨਮਾਨਿਤ
ਸਮਰਾਲਾ, 24 ਮਾਰਚ (ਪੰਜਾਬ ਪੋਸਟ- ਕੰਗ) – ਤਹਿਸੀਲ ਪੱਧਰ ਤੇ `ਬੇਟੀ ਬਚਾਓ, ਬੇਟੀ ਪੜ੍ਹਾਓ` ਪ੍ਰੋਗਰਾਮ ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:) ਇੰਚਾਰਜ `ਬੇਟੀ ਬਚਾਓ, ਬੇਟੀ ਪੜ੍ਹਾਓ` ਮੈਡਮ ਡਿੰਪਲ ਮਦਾਨ ਦੀ ਅਗਵਾਈ ਹੇਠ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਮੈਡਮ ਡਿੰਪਲ ਮਦਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਜੀਤ ਪਾਲ ਸਿੰਘ, ਬਸੰਤ ਸਿੰਘ ਅਤੇ ਜਗੀਰ ਸਿੰਘ ਨੰਬਰਦਾਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿਚ ਬੱਚਿਆਂ ਵੱਲੋਂ ਲੜਕੀਆਂ ਨੂੰ ਬਚਾਉਣ ਅਤੇ ਪੜ੍ਹਾਉਣ ਲਈ ਕਵਿਤਾਵਾਂ, ਗੀਤ, ਕੋਰੀਓਗ੍ਰਾਫ਼ੀ ਆਦਿ ਪੇਸ਼ ਕੀਤੇ। ਮਾ. ਤਰਲੋਚਨ ਸਿੰਘ ਸਟੇਟ ਅਵਾਰਡੀ ਅਧਿਆਪਕ ਨੇ ਆਪਣੀ ਲਿਖੀ ਕਵਿਤਾ ‘ਚੀਖ’ ਸੁਣਾ ਕੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਸਮਾਗਮ ਵਿਚ ਮੈਡਮ ਡਿੰਪਲ ਮਦਾਨ ਨੇ ਬੜੇ ਹੀ ਭਾਵਪੂਰਤ ਸ਼ਬਦਾਂ ਨਾਲ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਸਮਝਣ ਦੀ ਪ੍ਰੇਰਣਾ ਦਿੰਦੇ ਹੋਏ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਵਿੱਚ ਲੜਕੀਆਂ ਦੀ ਗਿਣਤੀ ਵਧਾਉਣ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਗਤੀਵਿਧੀਆਂ ਵਿਚ ਭਾਗ ਦਿਵਾ ਕੇ ਵੱਧ ਤੋਂ ਵੱਧ ਪੁਜੀਸ਼ਨਾਂ ਪ੍ਰਾਪਤ ਕਰ ਕੇ ਲੁਧਿਆਣਾ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਨ ਬਦਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ, ਜਟਾਣਾਂ, ਮਾਛੀਵਾੜਾ-2 ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪੰਜਾਬ ਪੱਧਰ `ਤੇ ਖੇਡਾਂ ਵਿਚ ਲੁਧਿਆਣਾ ਜ਼ਿਲ੍ਹੇ ਦਾ ਨਾਂ ਚਮਕਾਉਣ ਵਾਲੀਆਂ ਲੜਕੀਆਂ ਕੋਮਲਪ੍ਰੀਤ ਕੌਰ ਘੁਲਾਲ, ਹਰਮਨਦੀਪ ਕੌਰ ਘੁਲਾਲ, ਕਿਰਨਦੀਪ ਕੌਰ ਕੋਟਾਲਾ, ਸੀਮਾ ਮਰਾਡੀ ਕੋਟਲਾ ਸ਼ਮਸ਼ਪੁਰ, ਰੁਪਿੰਦਰ ਕੌਰ ਖੀਰਨੀਆਂ ਅਤੇ ਲੜਕੀਆਂ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਵਾਲੀਆਂ ਅਧਿਆਪਕਾਵਾਂ ਵਿਚੋਂ ਮਨਜੀਤ ਕੌਰ ਬੌਂਦਲੀ, ਹਰਦੀਪ ਕੌਰ ਜਟਾਣਾਂ ਅਤੇ ਸੀਮਾ ਦੇਵੀ ਮਾਛੀਵਾੜਾ ਸਾਹਿਬ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।ਅਖੀਰ ਵਿਚ ਸਕੂਲ ਇੰਚਾਰਜ ਮਾ. ਸੰਜੀਵ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ।ਅੱਜ ਦੇ ਸਮੇਂ ਵਿਚ ਲੜਕੀਆਂ ਲੜਕਿਆਂ ਦੇ ਮੁਕਾਬਲੇ ਕਈ ਵੱਡੇ ਅਹੁਦਿਆਂ ਤੇ ਵਿਰਾਜਮਾਨ ਹਨ।ਇਸ ਮੌਕੇ ਬੀ.ਪੀ.ਈ.ਓ ਅਜੀਤ ਪਾਲ ਸਿੰਘ, ਬਸੰਤ ਸਿੰਘ, ਸਮੂਹ ਸੈਂਟਰ ਇੰਚਾਰਜ ਬਲਾਕ ਸਮਰਾਲਾ-1, 2, ਬਲਾਕ ਮਾਛੀਵਾੜਾ ਸਾਹਿਬ ਦੇ ਸੀ.ਐਚ.ਟੀ, ਐਸ.ਐਮ.ਸੀ ਮੈਂਬਰਜ਼, ਮੈਡਮ ਪਰਮਿੰਦਰ ਕੌਰ, ਲਖਵੀਰ ਕੌਰ, ਵਰਿੰਦਰ ਅਗਨੀਹੋਤਰੀ, ਜਗੀਰ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ, ਬੇਅੰਤ ਸਿੰਘ, ਸੁਖਰਾਜ ਸਿੰਘ ਅਤੇ ਬੱਚਿਆਂ ਦੇ ਮਾਤਾ ਪਿਤਾ ਆਦਿ ਹਾਜ਼ਰ ਸਨ।
Punjab Post Daily Online Newspaper & Print Media