Tuesday, April 28, 2026

ਫਿਲਮ ‘ਨਾਨਕ ਸ਼ਾਹ ਫਕੀਰ’ ਵੇਖਣ ਤੋਂ ਪਹਿਲਾਂ ਕਿੰਤੂ ਪ੍ਰੰਤੂ ਠੀਕ ਨਹੀਂ- ਸ਼੍ਰੋਮਣੀ ਕਮੇਟੀ

SGPCਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬੀ ਫ਼ਿਲਮ ‘ਨਾਨਕ ਸ਼ਾਹ ਫਕੀਰ’ ਬਾਰੇ ਸਾਹਮਣੇ ਆ ਰਹੀਆਂ ਟਿੱਪਣੀਆਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਫਿਲਮ ਵਿਚ ਕੁੱਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਨੇ ਇਸ ਦੀ ਸਕਰਿਪਟ ਨੂੰ ਵਾਚਣ ਵਿਚਾਰਨ ਤੋਂ ਬਾਅਦ ਹੀ ਮਨਜ਼ੂਰੀ ਦਿੱਤੀ ਹੈ। ਅੱਜ ਜਾਰੀ ਇਕ ਪ੍ਰੈਸ ਬਿਆਨ ਵਿਚ ਬੁਲਾਰੇ ਨੇ ਕਿਹਾ ਕਿ ਫਿਲਮ ਸਬੰਧੀ ਕਿਸੇ ਕਿਸਮ ਦੇ ਇਤਰਾਜ਼ ਫਿਲਮ ਵੇਖਣ ਤੋਂ ਬਾਅਦ ਹੀ ਦੇਣੇ ਚਾਹੀਦੇ ਹਨ ਅਤੇ ਜੇਕਰ ਇਸ ਵਿਚ ਕੋਈ ਗੁਰਮਤਿ ਵਿਰੋਧੀ ਗੱਲ ਸਾਹਮਣੇ ਆਵੇ ਤਾਂ ਹੀ ਕੋਈ ਗੱਲ ਕੀਤੀ ਜਾਵੇ।ਫਿਲਮ ਨੂੰ ਵੇਖਣ ਤੋਂ ਪਹਿਲਾਂ ਕਿੰਤੂ ਪ੍ਰੰਤੂ ਠੀਕ ਨਹੀਂ ਹੈ।  
ਬੁਲਾਰੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਨੇ ਫਿਲਮ ਦੀ ਸਕਰਿਪਟ ਘੋਖਣ ਸਮੇਂ ਇਤਰਾਜ਼ਯੋਗ ਡਾਇਲਾਗ ਹਟਾ ਦਿੱਤੇ ਸਨ ਅਤੇ ਇਸ ਸਬੰਧੀ ਕੀਤੀ ਰਿਪੋਰਟ ਤੋਂ ਬਾਅਦ ਹੀ 2016 ਵਿਚ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ ਨੇ ਪ੍ਰਵਾਨਗੀ ਪੱਤਰ ਦਿੱਤਾ ਸੀ।ਉਨ੍ਹਾਂ ਕਿਹਾ ਕਿ ਫਿਲਮ ਦਾ ਟਰੇਲਰ ਪਿਛਲੇ ਸਮੇਂ ਜਾਰੀ ਹੋਣ ਤੋਂ ਬਾਅਦ ਵੱਖ-ਵੱਖ ਟੀ.ਵੀ ਚੈਨਲਾਂ ’ਤੇ ਇਸ ਦੀ ਮਸ਼ਹੂਰੀ ਵੀ ਚੱਲ ਰਹੀ ਸੀ, ਪਰ ਅਚਾਨਕ ਸ਼੍ਰੋਮਣੀ ਕਮੇਟੀ ਨੂੰ ਫਿਲਮ ਨਾਲ ਜੋੜ ਕੇ ਸ਼ੋਸ਼ਲ ਮੀਡੀਆ ’ਤੇ ਨੀਵਾਂ ਦਿਖਾਉਣ ਦਾ ਯਤਨ ਠੀਕ ਦਿਸ਼ਾ ਵਿੱਚ ਨਹੀਂ ਹੈ।ਜੇਕਰ ਆਲੋਚਨਾ ਕਰਨੀ ਹੀ ਹੈ ਤਾਂ ਭਾਸ਼ਾ ਸੱਭਿਅਕ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਬਿਨਾ ਦੇਖੇ ਪਰਖੇ ਮਾਮਲੇ ਨੂੰ ਤੂਲ ਨਹੀਂ ਦੇਣੀ ਚਾਹੀਦੀ। ਬੁਲਾਰੇ ਅਨੁਸਾਰ ਸੰਨ 2010 ਵਿਚ ਫਿਲਮਾਂ ਸਬੰਧੀ ਇਕ ਸਬ-ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨ ਕਰਨ ਤੋਂ ਬਾਅਦ ਕੇਸ ਸ਼੍ਰੋਮਣੀ ਕਮੇਟੀ ਪਾਸ ਭੇਜਿਆ ਗਿਆ ਸੀ।ਬੁਲਾਰੇ ਨੇ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਅਨੁਸਾਰ ਸਿੱਖ ਗੁਰੂ ਸਾਹਿਬਾਨ ਨੂੰ ਛੱਡ ਕੇ ਕਿਸੇ ’ਤੇ ਵੀ ਐਨੀਮੇਸ਼ਨ ਫਿਲਮ ਬਣਾਉਣ ਨੂੰ ਸਮੇਂ ਦੀ ਲੋੜ ਦੱਸਿਆ ਗਿਆ ਸੀ।ਇਸੇ ਹੀ ਕਮੇਟੀ ਵੱਲੋਂ ਐਨੀਮੇਸ਼ਨ ਫਿਲਮ ਬਣਾਉਣ ਸਮੇਂ ਗੁਰੂ ਸਾਹਿਬਾਨ ਦੀਆਂ ਪ੍ਰਵਾਨਿਤ ਤਸਵੀਰਾਂ ਵਰਤਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਸੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply