ਸਮਰਾਲਾ, 31 ਮਾਰਚ (ਪੰਜਾਬ ਪੋਸਟ – ਕੰਗ) – ਪੂਰੇ ਭਾਰਤ ਵਿੱਚ ਦਲਿਤਾਂ ਕਿਸਾਨਾਂ ਅਤੇ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਰੁਕਣ ਦਾ ਨਾਂ ਨਹੀਂ ਲੈ ਰਹੇ। ਕੇਂਦਰ ਦੀ ਭਾਜਪਾ ਸਰਕਾਰ ਆਰ.ਐਸ.ਐਸ ਨੂੰ ਖੁਸ਼ ਕਰਨ ਲਈ ਲਗਾਤਾਰ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਜ਼ਲੀਲ ਕਰ ਰਹੀ ਹੈ।ਕਾਨੂੰਨ ਨਾਂ ਦੀ ਭਾਰਤ ਵਿੱਚ ਕੋਈ ਚੀਜ਼ ਨਹੀਂ, ਕਿਉਂਕਿ ਸੁਪਰੀਮ ਕੋਰਟ ਦੇ ਜੱਜ ਵੀ ਇਹ ਗੱਲ ਵਾਰ-ਵਾਰ ਮੀਡੀਆ ਵਿੱਚ ਕਹਿ ਚੁੱਕੇ ਹਨ ਕਿ ਸਰਕਾਰ ਦੇ ਮੰਤਰੀ ਅਤੇ ਨੁਮਾਇੰਦੇ ਨਿਆਂਪਾਲਿਕਾ ਨੂੰ ਆਪਣੀ ਤਾਕਤ ਨਾਲ ਪ੍ਰਭਾਵਿਤ ਕਰਦੇ ਹਨ।ਇਸ ਦੀ ਤਾਜਾ ਮਿਸਾਲ ਭਾਰਤ ਦੇ ਸੁਪਰੀਮ ਕੋਰਟ ਵੱਲੋਂ ਆਰ.ਐਸ.ਐਸ ਅਤੇ ਭਾਜਪਾ ਦੀ ਮਿਲੀ ਭੁਗਤ ਦੇ ਨਾਲ ਐਸ.ਸੀ/ ਐਸ.ਟੀ ਐਕਟ ਵਿੱਚ ਤਬਦੀਲੀ ਕਰਕੇ ਦਲਿਤ ਲੋਕਾਂ ਨੂੰ ਆਪਣੇ ਅਧਿਕਾਰ ਤੋਂ ਵਾਂਝੇ ਕੀਤਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਨਿਰਮਲ ਸਿੰਘ ਰਾਜੇਵਾਲ, ਮਨੁੱਖ ਅਧਿਕਾਰੀ ਮੰਚ ਵੱਲੋਂ ਹਰਭਜਨ ਸਿੰਘ ਦੁਲਮਾਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਕੀਤਾ।ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਪੂਰੇ ਭਾਰਤ ਦੇ ਕਿਸਾਨ, ਮਜ਼ਦੂਰ, ਦਲਿਤ ਅਤੇ ਘੱਟ ਗਿਣਤੀ ਫਿਰਕ ਦੇ ਲੋਕ ਇੱਕ ਮੰਚ ਤੇ ਇਕੱਠੇ ਹੋਣ ਤਾਂ ਜੋ ਫਿਰਕੂ ਰੰਗ ਵਿੱਚ ਰੰਗੀ ਹੋਈ ਭਾਜਪਾ ਦੇ ਔਰੰਗਜ਼ੇਬੀ ਰਾਜ ਦਾ ਖਾਤਮਾ ਕੀਤਾ ਜਾ ਸਕੇ।ਉਨ੍ਹਾਂ ਨੇ ਲੋਕਾਂ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਰੱਖੇ ਗਏ 2 ਅਪ੍ਰੈਲ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਖੰਨੇ ਦੇ ਲਲਹੇੜੀ ਚੌਂਕ ਵਿੱਚ ਰੱਖੇ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਜਵੀਰ ਸਿੰਘ ਲਿਬੜਾ ਆਦਿ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media