ਨਵੀਂ ਦਿੱਲੀ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਮ ਆਦਮੀ ਪਾਰਟੀ ਵਿਧਾਇਕ ਸੌਰਭ ਭਰਦੁਵਾਜ ਵੱਲੋਂ
ਵਿਧਾਨ ਸਭਾ `ਚ ਸਿੱਖ ਇਤਿਹਾਸ ਬਾਰੇ ਕੀਤੀ ਗਈ ਨੁਕਤਾਚੀਨੀ ਨੂੰ ਬੇਲੋੜੀ ਦੱਸਿਆ ਹੈ।ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਆਗੂਆਂ ਦਾ ਸਮਾਜਿਕ ਅਤੇ ਧਾਰਮਿਕ ਪੱਧਰ ਤੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ।
ਦਰਅਸਲ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਧਾਨ ਸਭਾ ਵਿਚ ਦਲਿਤ ਭਾਈਚਾਰੇ ਦੀ ਗੱਲ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਵੱਲੋਂ ਦਲਿਤਾ ਨੂੰ ਦਿੱਤੇ ਗਏ ਬਰਾਬਰੀ ਦਾ ਹਵਾਲਾ ਦਿੱਤਾ ਸੀ।ਸਿਰਸਾ ਨੇ ਭਾਈ ਜੈਤਾ ਜੀ ਦਾ ਹਵਾਲਾ ਦਿੰਦੇ ਹੋਏ ਗੁਰੂ ਸਾਹਿਬ ਵੱਲੋਂ ਭਾਈ ਜੈਤਾ ਨੂੰ ਰੰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦੇ ਕੇ ਸਨਮਾਨਿਤ ਕਰਨ ਦਾ ਜ਼ਿਕਰ ਕੀਤਾ ਸੀ। ਇਸ ਦੌਰਾਨ ਵਿਧਾਇਕ ਸੌਰਭ ਭਰਦੁਵਾਜ ਦੇ ਨਾਲ ਕੁੱਝ ਹੋਰ ਵਿਧਾਇਕਾਂ ਨੇ ਸਿਰਸਾ ਦੇ ਭਾਸ਼ਣ ਨੂੰ ਨੌਟੰਕੀ ਦੱਸਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕਾਲਕਾ ਨੇ ਕਿਹਾ ਕਿ ਸਿਰਸਾ ਨੇ ਸਿੱਖ ਇਤਿਹਾਸ ਦਾ ਹਵਾਲੇ ਨੂੰ ਅੱਜ ਦੇ ਸਮਾਜ਼ਿਕ ਮਾਹੌਲ ਨਾਲ ਜੋੜ ਕੇ ਸਮਾਜ਼ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਸੀ।ਪਰ ਬੌਖਲਾਏ ਆਪ ਆਗੂਆਂ ਨੇ ਸਿੱਖ ਇਤਿਹਾਸ ਨੂੰ ਨੌਟੰਕੀ ਦੱਸ ਕੇ ਦਿਮਾਗੀ ਦੀਵਾਲੀਏਪਨ ਦਾ ਸਬੂਤ ਦਿੱਤਾ ਹੈ।
ਰਾਣਾ ਨੇ ਕਿਹਾ ਕਿ ਇਹ ਸਿੱਖ ਹੀ ਸਨ ਜਿਨ੍ਹਾਂ ਨੇ ਗੁਰੂਆਂ ਵੱਲੋਂ ਦਿਖਾਏ ਗਏ ਬਰਾਬਰੀ ਦੀ ਗੱਲ ਨੂੰ ਨਾ ਕੇਵਲ ਆਪਣੇ ਗੁਰਧਾਮਾਂ ਵਿਚ ਲਾਗੂ ਕੀਤਾ ਸਗੋਂ ਕਦੇ ਵੀ ਦਲਿਤਾ ਨਾਲ ਭੇਦਭਾਵ ਨਹੀਂ ਕੀਤਾ। ਉਕਤ ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਵਿਧਾਇਕਾਂ ਦੀ ਇਸ ਘੱਟੀਆ ਹਰਕਤ ਲਈ ਵਿਧਾਨ ਸਭਾ ’ਚ ਖੜ ਕੇ ਮੁਆਫੀ ਮੰਗਣ ਨਹੀਂ ਤਾਂ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਕਾਰ ਦੇ ਖਿਲਾਫ਼ ਸਮਾਜਿਕ ਅਤੇ ਧਾਰਮਿਕ ਪੱਧਰ ’ਤੇ ਅੰਦੋਲਨ ਛੇੜਨ ਲਈ ਮਜਬੂਰ ਹੋਵੇਗੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media