ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ
ਦਲ ਅਤੇ ਹੋਰ ਧਾਰਮਿਕ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਦੇ ਸਹਿਯੋਗ ਨਾਲ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ 16 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਕੀਤੀ ਜਾਵੇਗੀ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦਾ 300 ਸਾਲਾ ਜਨਮ ਦਿਵਸ 3 ਮਈ ਨੂੰ ਆ ਰਿਹਾ ਹੈ ਅਤੇ ਇਸ ਸਬੰਧੀ 22 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਤੱਕ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।ਇਸ ਤੋਂ ਇਲਾਵਾ 21 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਗੁਰਮਤਿ ਸਮਾਗਮ ਹੋਵੇਗਾ।ਉਨ੍ਹਾਂ ਦੱਸਿਆ ਕਿ ਕਰਵਾਏ ਜਾਣ ਵਾਲੇ ਸਮਾਗਮ ਤੇ ਨਗਰ ਕੀਰਤਨ ਸਬੰਧੀ ਇਕੱਤਰਤਾ ਵਿਚ ਨਗਰ ਕੀਰਤਨ ਦੇ ਰੂਟ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ, ਦਿੱਲੀ ਕਮੇਟੀ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੇ ਰਸਤੇ ਵਿਚ ਸਵਾਗਤ, ਲੰਗਰ ਆਦਿ ਦੇ ਪ੍ਰਬੰਧਾਂ ਸਬੰਧੀ ਸੰਗਤਾਂ ਨੂੰ ਪ੍ਰੇਰਿਤ ਕਰਨ ਲਈ ਇਸ ਇਕੱਤਰਤਾ ਵਿਚ ਵਿਉਂਤਬੰਦੀ ਕੀਤੀ ਜਾਵੇਗੀ, ਤਾਂ ਜੋ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਸਕੇ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media