550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਕੀਤੀ ਅਪੀਲ
ਨਵੀਂ ਦਿੱਲੀ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਸਿੱਖਾਂ ਲਈ ਪਾਕਿਸਤਾਨੀ ਵੀਜ਼ਾ ਖਤਮ ਕਰਨ
ਦੀ ਆਵਾਜ਼ ਬੁਲੰਦ ਕੀਤੀ ਹੈ।ਪਾਕਿਸਤਾਨ ਵਿੱਖੇ ਖਾਲਸਾ ਸਿਰਜਣਾ ਦਿਹਾੜਾ ਮਨਾਉਣ ਲਈ ਦਿੱਲੀ ਕਮੇਟੀ ਵੱਲੋਂ ਅੱਜ 303 ਸਰਧਾਲੂਆਂ ਦਾ ਜੱਥਾ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਰਵਾਨਾ ਕਰਨ ਵੇਲੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਗੱਲ ਦੀ ਵਕਾਲਤ ਕੀਤੀ।ਇਸ ਜੱਥੇ ਦੀ ਅਗਵਾਈ ਕਮੇਟੀ ਮੈਂਬਰ ਦਲਜੀਤ ਸਿਘ ਸਰਨਾ ਕਰ ਰਹੇ ਹਨ।
ਇਸ ਸਮੇਂ ਜੀ.ਕੇ ਨੇ ਦੱਸਿਆ ਕਿ ਕਮੇਟੀ ਨੇ 344 ਵੀਜਾ ਅਰਜ਼ੀਆਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਦਿੱਤੀਆਂ ਸਨ, ਜਿੰਨਾਂ ਵਿਚੋਂ 303 ਯਾਤਰੀਆਂ ਨੂੰ ਵੀਜ਼ਾ ਮਿਲਿਆ ਅਤੇ 41 ਨੂੰ ਵੀਜ਼ੇ ਦੀ ਮਨਾਹੀ ਹੋਈ।ਜੀ.ਕੇ ਨੇ ਕਿਹਾ ਕਿ ਇਹ ਯਾਤਰੀ ਜੱਥਾ 12 ਅਪ੍ਰੈਲ ਨੂੰ ਵਾਘਾ ਬਾਡਰ ਰਾਹੀਂ 2 ਸਪੈਸ਼ਲ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਜਾਏੇਗਾ ਅਤੇ ਖਾਲਸੇ ਦਾ ਸਿਰਜਨਾ ਦਿਹਾੜਾ ਵਿਸਾਖੀ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮਨਾਏਗਾ।ਦਿੱਲੀ ਕਮੇਟੀ ਵੱਲੋਂ 200 ਪ੍ਰਾਣੀਆਂ ਦੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਜਿਸ ਲਈ ਕਮੇਟੀ ਵੱਲੋਂ ਭੇਜੇ ਗਏ 5 ਪਿਆਰੇ ਸਾਹਿਬਾਨ ਅੰਮ੍ਰਿਤ ਪਾਨ ਕਰਵਾਉਣਗੇ।
ਜੀ.ਕੇ ਨੇ ਕਿਹਾ ਕਿ 550 ਸਾਲਾ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਨਵੰਬਰ 2019 ’ਚ ਆ ਰਹੀ ਹੈ।ਉਹ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਤੋਂ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਮੌਕੇ ’ਤੇ ਵੀਜ਼ਾ ਪ੍ਰਣਾਲੀ ਖਤਮ ਕੀਤੀ ਜਾਵੇ ਅਤੇ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰੇ ਹੋ ਸਕਣ ਅਤੇ ਹੋ ਸਕੇ ਤਾਂ ਦੋਨੋਂ ਸਰਕਾਰਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਇੱਕ ਮਹੀਨੇ ਲਈ ਖੋਲ ਦੇੇਣ ਤਾਂ ਕਿ ਗੁਰੂ ਦੀਆਂ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰ ਸਕਣ।10 ਦਿਨਾਂ ਦੀ ਯਾਤਰਾ ਦੌਰਾਨ ਇਹ ਜੱਥਾ ਗੁਰਦੁਆਰਾ ਪੰਜਾ ਸਾਹਿਬ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ, ਗੁ: ਸੱਚਾ ਸੌਦਾ, ਗੁ: ਐਮਨਾਬਾਦ, ਗੁ: ਕਰਤਾਰਪੁਰ ਸਾਹਿਬ ਅਤੇ ਗੁ: ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਦੀਦਾਰੇ ਕਰੇਗਾ।
ਪਰਮਜੀਤ ਸਿੰਘ ਚੰਢੋਕ ਚੇਅਰਮੈਨ ਯਾਤਰਾ ਵਿਭਾਗ ਨੇ ਦੱਸਿਆ ਕਿ ਯਾਤਰਾ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਅਤੇ 12 ਅਪ੍ਰੈਲ ਨੂੰ ਜੱਥੇ ਦੀ ਆਮਦ ਓਕਾਫ਼ ਬੋਰਡ ਦੇ ਐਡੀਸ਼ਨਲ ਸਕੱਤਰ ਤਾਰਿਕ ਵਜੀਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਦੁਪਹਿਰ ਬਾਅਦ ਵਾਘਾ ਸਟੇਸ਼ਨ ’ਤੇ ਕਰਨਗੇ। ਜਰੂਰੀ ਇਮੀਗ੍ਰੇਸ਼ਨ ਤੇ ਕਸਟਮ ਚੈਕ ਤੋਂ ਬਾਅਦ ਯਾਤਰੂ ਸਪੈਸ਼ਲ ਗੱਡੀਆਂ ਰਾਹੀਂ ਗੁ: ਪੰਜਾ ਸਾਹਿਬ ਲਈ ਰਵਾਨਾ ਹੋਣਗੇ ਤੇ ਦੇਰ ਰਾਤ ਤੱਕ ਗੁ: ਪੰਜਾ ਸਾਹਿਬ ਪੁੱਜ ਜਾਣਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media