ਅੰਮ੍ਰਿਤਸਰ, 12 ਅਪ੍ਰੈਲ- (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਹੋਰ ਵਧੇਰੇ
ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਇਨਾਂ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਮਿਲਣ ਨੂੰ ਯਕੀਨੀ ਬਣਾਉਣ ਲਈ ‘ਖੁਸ਼ਹਾਲੀ ਦੇ ਰਾਖੇ‘ ਪੰਜਾਬ ਸਰਕਾਰ ਦੇ ਅੱਖ ਤੇ ਕੰਨ ਬਣ ਕੇ ਕੰਮ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਸੀਨੀਅਰ ਵਾਈਸ ਚੇਅਰਮੈਨ ਗਾਰਡੀਅਨ ਆਫ਼ ਗਵਰਨੈਸ (ਜੀ.ਓ.ਜੀ) ਤੇ ਸੇਵਾਮੁਕਤ ਲੈਫ਼. ਜਨਰਲ ਟੀ.ਐਸ ਸ਼ੇਰਗਿੱਲ ਨੇ ਪਿੰਡ ਭੱਖਾ ਤਹਿਸੀਲ ਅਜਨਾਲਾ ਵਿਖੇ ਸਾਬਕਾ ਸੈਨਿਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਨਾਂ ਨਾਲ ਜੀ.ਓ.ਜੀ ਦੇ ਵਾਈਸ ਚੇਅਰਮੈਨ ਮੇਜਰ ਜਨਰਲ ਐਸ.ਪੀ.ਐਸ ਗਰੇਵਾਲ, ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ, ਰਜਤ ਓਬਰਾਏ ਅੇਸ.ਡੀ.ਐਮ ਅਜਨਾਲਾ, ਕਰਨਲ ਅੇਸ.ਅੇਸ ਸੰਧੂ ਹੈਡ ਜੀ.ਓ.ਜੀ ਅੰਮ੍ਰਿਤਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੁਸ਼ਹਾਲੀ ਦੇ ਰਾਖੇ ਹਾਜ਼ਰ ਸਨ।
ਲੈਫ਼. ਜਨ. ਟੀ.ਐਸ ਸ਼ੇਰਗਿੱਲ ਨੇ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ ‘ਤੇ ਅਸਰਦਾਰ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਲਈ ਬਣਾਈ ਗਈ ਇਹ ਸਕੀਮ ਪਿਛਲੇ ਕੁੱਝ ਮਹੀਨਿਆਂ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਆਉਂਦੇ ਕੁੱਝ ਮਹੀਨਿਆਂ ‘ਚ ਚੰਗਾ ਅਸਰ ਵੇਖਣ ਨੂੰ ਮਿਲੇਗਾ। ਉਨਾਂ ਸਾਬਕਾ ਸੈਨਿਕਾਂ ਨੂੰ ਬਿਨਾਂ ਕਿਸੇ ਰਾਜਨੀਤੀ ਅਤੇ ਧੜੇਬੰਦੀ ਤੋਂ ਉਪਰ ਉਠ ਕੇ ਇਮਾਨਦਾਰੀ, ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਲੋੜਵੰਦਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਕਿਤੇ ਵੀ ਦੁਰਵਰਤੋਂ ਨਾ ਹੋਵੇ ਅਤੇ ਇਨਾਂ ਦਾ ਲਾਭ ਸਿਰਫ਼ ਲੋੜਵੰਦਾਂ ਤੇ ਸਹੀ ਹੱਥਾਂ ਵਿੱਚ ਪੁੱਜੇ। ਉਨਾਂ ਦੱਸਿਆ ਕਿ ‘ਖੁਸ਼ਹਾਲੀ ਦੇ ਰਾਖੇ‘ ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਰੋਕਣ ਲਈ ਵੀ ਨਿਗਰਾਨੀ ਰੱਖਣਗੇ ਅਤੇ ਇਸ ਸਬੰਧੀ ਪ੍ਰਸਾਸ਼ਨ ਨੂੰ ਰਿਪੋਰਟ ਕਰਨਗੇ।
ਲੈਫ਼. ਜਨ. ਸ਼ੇਰਗਿੱਲ ਨੇ ਉਥੇ ਹਾਜ਼ਰ ਸਕੂਲ ਦੇ ਬੱਚਿਆਂ ਨੂੰ ਨਿੱਕੇ ਰਾਖੇ ਬੋਲਦਿਆਂ ਕਿਹਾ ਕਿ ਉਹ ਵੀ ਆਪਣੇ ਆਲੇ ਦੁਆਲੇ ਦੀ ਰਿਪੋਰਟ ਖੁਸ਼ਹਾਲੀ ਦੇ ਰਾਖਿਆ ਨੂੰ ਦੇਣ ਤਾਂ ਜੋ ਉਸ ਤੇ ਵੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਤੁਹਾਨੂੰ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਾ ਮਿਲਦਾ ਹੈ ਤਾਂ ਉਹ ਇਸ ਸਬੰਧੀ ਸੂਚਨਾ ਵੀ ਖੁਸ਼ਹਾਲੀ ਦੇ ਰਾਖਿਆਂ ਨੂੰ ਦੇਣ।
ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਖੁਸ਼ਹਾਲੀ ਦੇ ਰਾਖਿਆਂ ਨੂੰ ਕਿਹਾ ਕਿ ਕੈਪਟਨ ਸਰਕਾਰ ਨੇ ਤੁਹਾਨੂੰ ਇਹ ਵੱਡੀ ਜਿੰਮੇਵਾਰੀ ਸੌਪੀ ਹੈ ਤੁਸੀਂ ਗਲੀ-ਗਲੀ, ਮੁਹੱਲੇ-ਮੁਹੱਲੇ ਅਤੇ ਪਿੰਡ-ਪਿੰਡ ਜਾ ਕੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੀ ਨਜ਼ਰਸਾਨੀ ਕਰਨੀ ਅਤੇ ਜੇਕਰ ਇਸ ਵਿੱਚ ਕੋਈ ਊਣਤਾਈਆਂ ਪਾਈਆਂ ਜਾਂਦੀਆਂ ਹਨ ਤਾਂ ਉਹ ਸਰਕਾਰ ਦੇ ਧਿਆਨ ਵਿੱਚ ਲਿਆਉਣੀਆਂ ਹਨ।
ਜੀ.ਓ.ਜੀ ਦੇ ਵਾਈਸ ਚੇਅਰਮੈਨ ਮੇਜਰ ਜਨਰਲ ਐਸ.ਪੀ.ਐਸ ਗਰੇਵਾਲ ਨੇ ਵੀ ਸਾਬਕਾ ਸੈਨਿਕਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਉਣ ਅਤੇ ਜ਼ਿਲਾ ਪ੍ਰਸ਼ਾਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ।
ਇਸ ਮੌਕੇ ਰਜਤ ਓਬਰਾਏ ਅੇਸ.ਡੀ:ਐਮ ਅਜਨਾਲਾ ਨੇ ਪੰਜਾਬ ਸਰਕਾਰ ਦੀ ਇਸ ਸਕੀਮ ਨੂੰ ਜ਼ਿਲੇ ‘ਚ ਸਫ਼ਲਤਾ-ਪੂਰਵਕ ਨੇਪਰੇ ਚਾੜਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ‘ਖੁਸ਼ਹਾਲੀ ਦੇ ਰਾਖੇ‘ ਜ਼ਿਲੇ ਦੇ ਸਾਬਕਾ ਸੈਨਿਕ ਵੀ ਮੌਜੂਦ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media