ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਖ਼ਾਲਸਾ ਸਾਜਣਾ ਦਿਵਸ ਸਬੰਧੀ ਪਾਕਿਸਤਾਨ ਗਏ ਜਥੇ ਵਿਚ ਸ਼ਾਮਲ ਇਕ ਮਹਿਲਾ ਵੱਲੋਂ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾਉਣ ਦੀਆਂ ਖ਼ਬਰਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਖ਼ੁਫੀਆਂ ਏਜੰਸੀਆਂ ਦੀ ਨਕਾਮੀ ਦੱਸਿਆ ਗਿਆ ਹੈ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਭੇਜਣ ਲਈ ਸੰਗਤਾਂ ਤੋਂ ਪਾਸਪੋਰਟ ਇਕੱਤਰ ਕਰਕੇ ਸਰਕਾਰਾਂ ਨੂੰ ਜਾਂਚ ਲਈ ਭੇਜੇ ਜਾਂਦੇ ਹਨ ਅਤੇ ਯੋਗ ਕਾਰਵਾਈ ਕਰਕੇ ਸ਼ਰਧਾਲੂਆਂ ਦੀ ਰਿਪੋਰਟ ਕੀਤੀ ਜਾਂਦੀ ਹੈ।ਇਸੇ ਕਰਕੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਂਦੇ ਨਾਵਾਂ ਵਿੱਚੋਂ ਬਹੁਤ ਸਾਰੇ ਸ਼ਰਧਾਲੂਆਂ ਦੇ ਨਾਂ ਕੱਟ ਦਿੱਤੇ ਜਾਂਦੇ ਹਨ।ਉਕਤ ਮਹਿਲਾ ਸਬੰਧੀ ਉਨ੍ਹਾਂ ਕਿਹਾ ਕਿ ਜਦੋਂ ਲੰਮੇ ਸਮੇਂ ਤੋਂ ਉਸ ਦੇ ਪਾਕਿਸਤਾਨੀ ਨਾਗਰਿਕ ਨਾਲ ਸੰਪਰਕ ’ਚ ਹੋਣ ਦੀਆਂ ਖ਼ਬਰਾਂ ਹਨ ਤਾਂ ਅਜਿਹੇ ’ਚ ਦੇਸ਼ ਦੀਆਂ ਖ਼ੁਫ਼ੀਆਂ ਏਜੰਸੀਆਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ।ਬੇਦੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਭਾਰਤ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਮਾਮਲੇ ਦੀ ਤਹਿ ਤੱਕ ਜਾ ਕੇ ਸੱਚ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ।ਬੇਦੀ ਨੇ ਜਥੇ ’ਚ ਗਏ ਕੁੱਝ ਯਾਤਰੂਆਂ ਵੱਲੋਂ ਵਾਪਰਕ ਪਹੁੰਚ ਅਪਨਾਉਣ ਦੀਆਂ ਖ਼ਬਰਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਕਸਟਮ ਵਿਭਾਗ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾਏ ਤਾਂ ਦੋਹਾਂ ਦੇਸ਼ਾਂ ਤੋਂ ਵਪਾਰਕ ਨਜ਼ਰੀਏ ਨਾਲ ਲਿਜਾਇਆ ਜਾਂਦਾ ਸਮਾਨ ਸਰਹੱਦ ਪਾਰ ਨਹੀਂ ਕਰ ਸਕਦਾ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media