ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਵਿਦਿਆਰਥੀ ਸਨਮਾਨ ਸਮਾਰੋਹ ਆਯੋਜਿਤ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਲ ਤੇ ਸਵੱਛਤਾ ਪ੍ਰਬੰਧ ਰਾਜ ਮੰਤਰੀ ਭਾਰਤ ਸਰਕਾਰ ਮਾਨਯੋਗ ਐਸ. ਐਸ ਆਹਲੂਵਾਲੀਆ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਗੀਤ ਅਤੇ ਨ੍ਰਿਤ ਕਲਾ ਦੀ ਖੁਸ਼ਬੂ ਕਿਸੇ ਵੀ ਦੇਸ਼ ਦੇ ਇਤਰ ਨੂੰ ਮਾਤ ਕਰ ਸਕਦੀ ਹੈ।ਭਾਰਤੀ ਸੰਗੀਤ ਅਤੇ ਨ੍ਰਿਤ ਦੀ ਅਮੀਰ ਪਰੰਪਰਾ ਤੋਂ ਜਾਣ ਪਹਿਚਾਣ ਕਰਾਉਂਦਿਆਂ ਕਿਹਾ ਕਿ ਭਾਰਤ ਤਾਨਸੇਨ, ਬੈਜੂ ਬਾਵਰਾ, ਮੀਰਾ ਅਤੇ ਅਮਰਪਾਲੀ ਦਾ ਦੇਸ਼ ਹੈ ਅਤੇ ਇਸ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦਾ ਸੰਗੀਤ ਸੰਥੈਟਿਕ ਸੰਗੀਤ ਹੈ ਅਤੇ ਸਾਨੂੰ ਕੁਦਰਤੀ ਸੰਗੀਤ `ਅਨਹਦ ਨਾਦ` ਦਾ ਆਨੰਦ ਮਾਣਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਨੌਜੁਆਨ ਪੀੜ੍ਹੀ ਨੂੰ ਕੁਦਰਤੀ ਸੰਗੀਤ ਨੇੜੇ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।ਰੁਝੇਵੇਂ ਭਰੇ ਪਿਛੋਕੜ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਵੰਡ ਵੇਲੇ ਭਾਰਤ ਆ ਕੇ ਬੰਗਾਲ ਵੱਸ ਗਏ ਅਤੇ ਪੰਜਾਬੀ ਭਾਸ਼ਾ ਤੋਂ ਦੂਰੀ ਹੀ ਰਹੀ, ਜੋ ਕੁੱਝ ਉਨ੍ਹਾਂ ਪੰਜਾਬੀ ਬਾਰੇ ਸਿਖਿਆ ਉਹ ਉਨ੍ਹਾਂ ਦੀ ਮਾਤਾ ਦੀ ਦੇਣ ਹੈ।ਉਨ੍ਹਾਂ ਕਿਹਾ ਕਿ ਪੁਰਸ਼ ਅਤੇ ਇਸਤਰੀ ਸਮਾਜ ਦੇ ਦੋ ਅੰਗ ਹਨ ਅਤੇ ਉਨ੍ਹਾਂ ਦੋਵਾਂ ਦਾ ਇਕੱਠਿਆਂ ਚੱਲਣਾ ਹੀ ਸਮਾਜ ਲਈ ਲਾਹੇਵੰਦ ਹੈ।
ਆਹਲੂਵਾਲੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੁਲਾਣਾ ਵਿਖੇ ਨਾਰਥ-ਜ਼ੋਨ ਅਤੇ ਰਾਂਚੀ ਵਿਖੇ ਕਰਵਾਏ ਅੰਤਰ-ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਦੌਰਾਨ ਜਿੱਤ ਹਾਸਲ ਕਰਨ ਵਾਲੇ ਵਿਦਿਆਰਥੀ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਇਕ ਵਿਸ਼ੇਸ਼ ਸਮਾਗਮ ਵਿਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ `ਤੇ ਆਏ ਹੋਏ ਸਨ।ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤੀ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਪ੍ਰੋ. ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਇਸ ਮੌਕੇ ਹਾਜ਼ਰ ਸਨ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ।ਆਹਲੂਵਾਲੀਆ ਅਤੇ ਪ੍ਰੋ. ਸੰਧੂ ਨੇ ਯੂਨੀਵਰਸਿਟੀ ਟੀਮ ਦੇ ਵਿਦਿਆਰਥੀਆਂ ਤੋਂ ਇਲਾਵਾ ਸਬੰਧਿਤ ਕਾਲਜਾਂ, ਕਾਲਜਾਂ ਦੇ ਟੀਚਰਜ਼, ਪ੍ਰਿੰਸੀਪਲ ਅਤੇ ਯੂਨੀਵਰਸਿਟੀ ਕੈਂਪਸ ਦੇ ਡੀਨ ਵਿਦਿਆਰਥੀ ਭਲਾਈ ਨੂੰ ਸਨਮਾਨਿਤ ਕੀਤਾ।
ਇਨ੍ਹਾਂ ਫੈਸਟੀਵਲਾਂ ਦੌਰਾਨ ਯੂਨੀਵਰਸਿਟੀ ਟੀਮ ਨੇ ਸੰਗੀਤ, ਥੀਏਟਰ, ਡਾਂਸ, ਲਿਟਰੇਰੀ ਤੇ ਫਾਈਨ ਆਰਟਸ ਦੀਆਂ ਵੱਖ-ਵੱਖ ਆਇਟਮਾਂ ਵਿਚ ਹਿੱਸਾ ਲੈਂਦੇ ੳੋਵਰਆਲ ਚੈਂਪੀਅਨਸ਼ਿਪ ਟਰਾਫੀ, ਸੰਗੀਤ ਟਰਾਫੀ ਅਤੇ ਫਾਈਨ ਆਰਟਸ ਟਰਾਫਿਆਂ ਜਿੱਤੀਆਂ।ਫੈਸਟੀਵਲਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਵਿਦਿਆਰਥੀ ਕਲਾਕਾਰਾਂ ਨੂੰ ਨਕਦ ਪੁਰਸਕਾਰ, ਮੈਡਲ ਤੇ ਸਰਟੀਫਿਕੇਟ ਨਾਲ ਨਵਾਜ਼ਿਆ ਗਿਆ।ਪ੍ਰਿੰਸੀਪਲ, ਟੀਚਰਜ਼ ਅਤੇ ਯੂਨੀਵਰਸਿਟੀ ਡੀਨ ਯੁਵਕ ਭਲਾਈ ਵਿਭਾਗ ਨੂੰ ਦਾ ਵੀ ਸਨਮਾਨ ਕੀਤਾ ਗਿਆ।ਸਮਾਰੋਹ ਦੌਰਾਨ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
Punjab Post Daily Online Newspaper & Print Media