ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੋਸ਼ਲ ਮੀਡੀਆ ’ਤੇ ਸਿੱਖ ਸਾਇਕਲਿਸ਼ਟ ਜਗਦੀਪ ਸਿੰਘ ਪੁਰੀ ਨੂੰ ਦਸਤਾਰ ਸਣੇ ਸਾਇਕਲ ਮੁਕਾਬਲਿਆਂ ’ਚ ਹਿੱਸਾ ਨਾ ਲੈਣ ਦਾ ਜਿੰਮੇਵਾਰ ਸਾਇਕਲ ਫੈਡਰੇਸ਼ਨ ਆੱਫ ਇੰਡੀਆ ਨੂੰ ਦੱਸੇ ਜਾਣ ਦੀਆਂ ਚਲ ਰਹੀਆਂ ਪੋਸਟਾਂ ’ਤੇ ਫੈਡਰੇਸ਼ਨ ਦੀ ਸਫ਼ਾਈ ਸਾਹਮਣੇ ਆਈ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਾਇਕਲ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਨ੍ਹਾਂ ਸੰਦੇਸ਼ਾਂ ਨੂੰ ਝੂਠਾ ਦੱਸਿਆ ਹੈ।ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੋਣ ਦੌਰਾਨ ਜੀ.ਕੇ ਨੇ ਕਿਹਾ ਕਿ ਫਰਾਂਸ ਦੇ ਸਾਇਕਲ ਕਲੱਬ ਓਡੇਕਸ ਕਲੱਬ ਪੈਰੀਸ਼ੀਅਨ ਦੀ ਭਾਰਤੀ ਸਹਿਯੋਗੀ ਓਡੇਕਸ ਇੰਡੀਆ ਰੈਨਡੋਨਰਸ ਨੇ ਦਰਅਸਲ ਪੁਰੀ ਨੂੰ ਦਸਤਾਰ ਸਣੇ ਸਾਇਕਲ ਮੁਕਾਬਲੇ ਤੋਂ ਹਿੱਸਾ ਲੈਣ ਤੋਂ ਰੋਕਿਆ ਸੀ।ਪਰ ਕੁੱਝ ਸਿਆਸੀ ਲੋਕਾਂ ਨੇ ਜਾਣਬੁੱਝ ਕੇ ਸਾਇਕਲ ਫੈਡਰੇਸ਼ਨ ਆਫ ਇੰਡੀਆ ਨੂੰ ਇਸ ਲਈ ਜਿੰਮੇਵਾਰ ਠਹਿਰਾ ਦਿੱਤਾ।ਜਦਕਿ ਓਡੇਕਸ ਇੰਡੀਆ ਨੂੰ ਪੈਰਿਸ ਦੇ ਕਲੱਬ ਵੱਲੋਂ ਮਾਨਤਾ ਦਿੱਤੀ ਗਈ ਹੈ।ਜੀ.ਕੇ ਨੇ ਸਾਫ ਕੀਤਾ ਕਿ ਸਾਇਕਲ ਫੈਡਰੇਸ਼ਨ ਆਫ ਇੰਡੀਆ ਕੋਲ ਜੇਕਰ ਕੋਈ ਸਿੱਖ ਖਿਡਾਰੀ ਦਸਤਾਰ ਸਣੇ ਮੁਕਾਬਲੇ ’ਚ ਭਾਗ ਲੈਣ ਦੀ ਇੱਛਾ ਜਤਾਉਂਦਾ ਹੈ ਤਾਂ ਫੈਡਰੇਸ਼ਨ ਉਸ ਨੂੰ ਸ਼ਰਤਾਂ ਨਾਲ ਮੁਕਾਬਲੇ ’ਚ ਭਾਗ ਲੈਣ ਦੀ ਮਨਜੂਰੀ ਦਿੰਦੀ ਹੈ।ਖਿਡਾਰੀ ਕੋਲੋਂ ਹਲਫ਼ਨਾਮਾ ਲਿਆ ਜਾਂਦਾ ਹੈ ਕਿ ਮੁਕਾਬਲੇ ਦੌਰਾਨ ਹੇਲਮੇਟ ਨਾ ਪਾਉਣ ਕਰਕੇ ਹੋਣ ਵਾਲੇ ਕਿਸੇ ਹਾਦਸੇ ਲਈ ਫੈਡਰੇਸ਼ਨ ਜਿੰਮੇਵਾਰ ਨਹੀਂ ਹੋਵੇਗੀ।ਓਡੇਕਸ ਇੰਡੀਆ ਵੱਲੋਂ ਦਸਤਾਰ ਸਣੇ ਪੁਰੀ ਨੂੰ ਮੁਕਾਬਲੇ ’ਚ ਹਿੱਸਾ ਲੈਣ ਦੀ ਨਹੀਂ ਦਿੱਤੀ ਗਈ ਮਨਜੂਰੀ ’ਤੇ ਹੈਰਾਨੀ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ’ਚ ਸਿੱਖ ਨੂੰ 1200 ਸੀ.ਸੀ ਦੀ ਬਾਇਕ ਚਲਾਉਣ ਲਈ ਹੇਲਮੇਟ ਪਾਉਣ ਦੀ ਲੋੜ ਨਹੀਂ ਹੈ, ਪਰ ਸਾਇਕਲ ਚਲਾਉਣ ਲਈ ਹੈ।ਇਸ ਤੋਂ ਵੱਡਾ ਮਜ਼ਾਕ ਕੁਝ ਨਹੀਂ ਹੋ ਸਕਦਾ।ਜੀ.ਕੇ ਨੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ’ਚ ਸੁਪਰੀਮ ਕੋਰਟ ’ਚ ਦਸਤਾਰ ਦੀ ਲੋੜ ਅਤੇ ਧਾਰਮਿਕ ਪਰੰਪਰਾ ਬਾਰੇ ਜਾਣਕਾਰੀ ਦੇਣ ਲਈ ਕੇਸ ਦਾਇਰ ਕਰਨ ਦੀ ਵੀ ਜਾਣਕਾਰੀ ਦਿੱਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media