ਪਠਾਨਕੋਟ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੰਡੀ ਵਿਚ ਕਿਸਾਨਾਂ ਨੂੰ ਕਣਕ ਦੇ ਮੰਡੀਕਰਨ ਅਤੇ ਤੁਲਾਈ ਸਮੇਂ ਵਧੇਰੇ ਚੌਕਸ ਰਹਿਣਾ ਚਾਹੀਦਾ ਕਿਉਂਕਿ
ਮੰਡੀਕਰਨ ਸਮੇਂ ਕਿਸਾਨਾਂ ਦੁਆਰਾ ਕੀਤੀ ਅਣਗਹਿਲੀ, ਕਈ ਵਾਰ ਵੱਡੇ ਵਿੱਤੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਕਿਸਾਨ ਮੰਡੀਕਰਨ ਜਾਗਰੁਕਤਾ ਮੁਹਿੰਮ ਤਹਿਤ ਦਾਣਾ ਮੰਡੀ ਕਾਨਵਾਂ ਵਿੱਚ ਕਣਕ ਦੀ ਹੋ ਰਹੀ ਤੁਲਾਈ ਸਮੇਂ ਨਾਪ ਤੋਲ ਚੈਕ ਕਰਦਿਆਂ ਇਹ ਵਿਚਾਰ ਡਾ. ਅਮਰੀਕ ਸਿੰਘ ਸਹਾਇਕ ਮੰਡੀਕਰਨ ਅਫਸਰ, ਮੰਡੀਕਰਨ ਸ਼ਾਖਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਹੇ। ਉਨ੍ਹਾਂ ਦੇ ਨਾਲ ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਗੁਰਪ੍ਰੀਤ ਸਿੰਘ ਮਾਂਗਟ ਬਲਾਕ ਟੈਕਨਾਲੋਜੀ ਮੈਨੇਜ਼ਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ ਸਹਾਇਕ ਤਕਨੀਕੀ ਮੈਨੇਜਰ ਹਾਜ਼ਰ ਸਨ।ਦੌਰੇ ਦੌਰਾਨ ਮੰਡੀਆਂ ਵਿੱਚ ਹੋ ਰਹੀ ਤੁਲਾਈ ਦਾ ਮੌਕੇ `ਤੇ ਜਾਇਜ਼ਾ ਲਿਆ ਅਤੇ ਤੋਲ ਚੈਕ ਕੀਤੇ ਗਏ।ਇਸ ਮੌਕੇ ਗੁਰਨਾਮ ਸਿੰਘ ਛੀਨਾ ਪ੍ਰਧਾਨ ਆੜਤ ਐਸੋਸੀਏਸ਼ਨ, ਬਨਾਰਸੀ ਦਾਸ ਮੰਡੀ ਵਾਈਜਰ ਦਾ ਨੁਮਾਇੰਦਾ ਸਵਰਨ ਦਾਸ, ਰਾਕੇਸ਼ ਕੁਮਾਰ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਹਾਜ਼ਰ ਸਨ।
ਇਕੱਤਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿਸਾਨਾਂ ਨੂੰ ਮੰਡੀ ਵਿੱਚ ਦਾਣਿਆਂ ਦੀ ਤੁਲਾਈ ਸਮੇਂ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ।ਉਨਾਂ ਕਿਹਾ ਕਿ ਕਿਸਾਨ ਨੂੰ ਆਪਣੀ ਜਿਨਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣੀ ਚਾਹੀਦੀ ਹੈ, ਜੇਕਰ ਕਿਸਾਨ ਨੂੰ ਲੱਗੇ ਕਿ ਤੁਲਾਈ ਵਧ ਹੋ ਰਹੀ ਹੈ ਤਾਂ ਉਹ ਆਪਣੀ ਤੋਲੀ ਜਿਨਸ ਦੀ 10 ਫੀਸਦੀ ਦੀ ਤੁਲਾਈ ਬਿਨਾਂ ਕਿਸੇੇ ਫੀਸ ਤੋਂ ‘ਪਰਖ ਤੁਲਾਈ’ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਇਹ ਤੁਲਵਾਈ ਮਾਰਕੀਟ ਕਮੇਟੀ ਦੇ ਕਰਮਚਾਰੀ ਜਾਂ ਖੇਤੀਬਾੜੀ ਵਿਭਾਗ ਦੇ ਮੰਡੀਕਰਨ ਸ਼ਾਖਾ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਸਹਾਇਕ ਮੰਡੀਕਰਨ ਅਫਸਰ ਦੀ ਹਾਜ਼ਰੀ ਵਿੱਚ ਹੋਣੀ ਜ਼ਰੂਰੀ ਹੈ। ਉਨਾਂ ਕਿਹਾ ਕਿ ਜੇਕਰ ਤੁਲਵਾਈ ਵੱਧ ਨਿਕਲਦੀ ਹੈ ਤਾਂ ਵਾਧੂ ਤੋਲੀ ਜਿਨਸ ਦੀ ਕੀਮਤ ਲੈਣ ਦਾ ਕਿਸਾਨ ਹੱਕਦਾਰ ਹੁੰਦਾ ਹੈ ਅਤੇ ਪੱਲੇਦਾਰ ਦਾ ਲਾਇਸੈਂਸ ਵੀ ਰੱਦ ਅਤੇ ਜ਼ੁਰਮਾਨਾ ਵੀ ਹੋ ਸਕਦਾ ਹੈ।ਉਨਾਂ ਨੇ ਆੜਤੀਆਂ ਨੂੰ ਕਿਹਾ ਕਿ ਝੋਨੇ ਦੀ ਤੁਲਾਈ ਸਮੇਂ ਤੋਲ ਸਹੀ ਕੀਤਾ ਜਾਵੇ ਤਾਂ ਜੋ ਕਿਸਾਨ ਦਾ ਕੋਈ ਵਿੱਤੀ ਨੁਕਸਾਨ ਨਾ ਹੋ ਸਕੇ ਅਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਤੁਲਾਈ ਸਮੇਂ ਕੰਡਾ ਖੁਦ ਚੈਕ ਕਰਕੇ 30 ਕਿਲੋ ਭਰਤੀ (ਪਲਾਸਟਿਕ) ਦਾ ਤੋਲ 30 ਕਿਲੋ 100 ਗ੍ਰਾਮ ਅਤੇ 50 ਕਿਲੋ ਭਰਤੀ (ਜੂਟ ਬੈਗ) ਦਾ ਤੋਲ 50 ਕਿਲੋ 600 ਗ੍ਰਾਮ ਤੁਲਵਾਈ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ `ਜੇ` ਫਾਰਮ ਜ਼ਰੂਰ ਲਿਆ ਜਾਵੇ, ਜੇਕਰ ਆੜਤੀ `ਜੇ` ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲ੍ਹਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ। ਮੌਕੇ ਤੇ ਵੱਖ-ਵੱਖ ਆੜਤੀਆਂ ਵੱਲੋਂ ਕੀਤੇ ਜਾ ਰਹੇ ਤੋਲ ਦੀ ਚੈਕਿੰਗ ਕੀਤੀ ਗਈ, ਜਿੰਨਾਂ ਆੜਤੀਆਂ ਦੇ ਤੋਲ ਵੱਧ ਪਾਏ ਗਏ ਉਨਾਂ ਤੋਂ ਮੌਕੇ `ਤੇ ਵਾਧੂ ਤੋਲੀ ਜਿਨਸ ਦੇ `ਜੇ` ਫਾਰਮ ਕਟਵਾ ਕੇ ਕਿਸਾਨ ਨੂੰ ਬਣਦਾ ਮੁਆਵਜ਼ਾ ਦਿਵਾ ਦਿੱਤਾ ਗਿਆ ਅਤੇ ਕਿਸਾਨਾਂ ਦੀ ਸਹਿਮਤੀ ਨਾਲ ਦੁਬਾਰਾ ਤੁਲਾਈ ਵੀ ਕਰਵਾਈ ਗਈ ਜਿਸ `ਤੇ ਕਿਸਾਨਾਂ ਨੇ ਤਸੱਲੀ ਪ੍ਰਗਟਾਈ ਅਤੇ ਅਗਲੇਰੀ ਕਾਰਵਾਈ ਲਈ ਸਕੱਤਰ ਮਾਰਕੀਟ ਕਮੇਟੀ ਪਠਾਨਕੋਟ ਨੂੰ ਲਿਖ ਦਿੱਤਾ ਗਿਆ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media