ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਪਾਠ ਪੁਸਤਕ ਵਿਚੋਂ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਖਤਮ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ `ਚ ਮੁਆਫ਼ੀ ਮੰਗਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਸੱਭਿਆਚਾਰ ਤੇ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਗੁਰੂ ਸਾਹਿਬਾਨ ਸਮੇਤ ਸਿੱਖ ਸੂਰਬੀਰਾਂ ਦੇ ਯੋਗਦਾਨ ਨੂੰ ਅੱਖੋਂ ਉਹਲੇ ਕਰ ਕੇ ਬਦਲੀ ਗਈ ਪੰਜਾਬ ਦੇ ਇਤਿਹਾਸ ਦੀ ਪੁਸਤਕ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।ਲੌਂਗੋਵਾਲ ਨੇ ਕਿਹਾ ਕਿ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਤੋਂ ਬਗੈਰ ਪੰਜਾਬ ਦਾ ਇਤਿਹਾਸ ਅਧੂਰਾ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਇਹ ਭੁੱਲਣਾ ਨਹੀਂ ਚਾਹੀਦਾ।ਉਨ੍ਹਾਂ ਕਿਹਾ ਕਿ ਖ਼ਿੱਤੇ ਦੀ ਵਿਰਾਸਤ ਨੂੰ ਨੌਜਵਾਨੀ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਅਤੇ ਜੇਕਰ ਸਰਕਾਰਾਂ ਹੀ ਸ਼ੱਕੀ ਭੂਮਿਕਾ ਨਿਭਾਉਣ ਲੱਗ ਜਾਣ ਤਾਂ ਫਿਰ ਭਵਿੱਖ ਦੀਆਂ ਪੀੜੀਆਂ ਕਿਹੋ ਜਿਹੇ ਗਿਆਨ ਦੀਆਂ ਧਾਰਨੀ ਹੋਣਗੀਆਂ, ਇਹ ਸਮਝਣਾ ਮੁਸ਼ਕਿਲ ਨਹੀਂ ਹੈ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲੋਂ ਨੌਜਵਾਨੀ ਨੂੰ ਤੋੜਨ ਲਈ ਪੰਜਾਬ ਦੀ ਕੈਪਟਨ ਸਰਕਾਰ ਸਿੱਧੇ ਤੌਰ `ਤੇ ਦੋਸ਼ੀ ਹੈ ਅਤੇ ਇਸ ਮਾਮਲੇ ਵਿੱਚ ਕੈਪਟਨ ਦੇ ਬਿਆਨ ਨੇ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ।ਲੌਂਗੋਵਾਲ ਨੇ ਕਿਹਾ ਕਿ ਇਕ ਪਾਸੇ ਇਸ ਮਾਮਲੇ ਨੂੰ ਲੈ ਕੇ ਸਿੱਖ ਜਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਦਕਿ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਸਬੰਧਤ ਕਿਤਾਬ ਵਿਚ ਕੁੱਝ ਵੀ ਨਹੀਂ ਬਦਲਿਆ ਗਿਆ।ਕੈਪਟਨ ਵੱਲੋਂ ਮਾਮਲੇ ਸੰਬੰਧੀ ਜਾਂਚ ਕਰਵਾਉਣ ਅਤੇ ਪੁਸਤਕ `ਤੇ ਪਾਬੰਦੀ ਲਗਾਉਣ ਦੀ ਥਾਂ ਹਮਾਇਤ ਵਿੱਚ ਉਤਰਨਾ ਪੰਜਾਬ ਸਰਕਾਰ ਦੇ ਸਿੱਖ ਵਿਰੋਧੀ ਮਨਸੂਬਿਆਂ ਦੀ ਤਸਦੀਕ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਿਨਾਂ ਦੇਰੀ ਸਰਕਾਰ ਇਸ ਵਿਵਾਦਤ ਪੁਸਤਕ ’ਤੇ ਪਾਬੰਦੀ ਲਗਾਵੇ ਅਤੇ ਸਿੱਖਾਂ ਵਿਰੁੱਧ ਕੀਤੀ ਗਈ ਸ਼ਾਜਿਸ ਲਈ ਸਿੱਖ ਜਗਤ ਪਾਸੋਂ ਮੁਆਫ਼ੀ ਵੀ ਮੰਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media