ਨਵੀਂ ਦਿੱਲੀ, 4 ਮਈ (ਪੰਜਾਬ ਪੋਸਟ ਬਿਊਰੋ) – ਕਲਿਆਣਪੁਰੀ ’ਚ ਸਿੱਖ ਨੌਜਵਾਨ ਨਾਲ ਬੀਤੇ ਦਿਨੀਂ ਹੋਈ ਮਾਰਕੁੱਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਤੋਂ ਬਾਅਦ ਦਿੱਲੀ ਪੁਲਿਸ ਨੇ ਆਪਣੇ 2 ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰਦੇ ਹੋਏ 3 ਹੋਰਨਾਂ ਦੇ ਖਿਲਾਫ਼ ਵਿਜ਼ਿਲੈਂਸ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਕਮੇਟੀ ਦਫ਼ਤਰ ਪੁੱਜ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ।ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਇਲਾਕੇ ਤੋਂ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ ਵੀ ਮੌਜੂਦ ਸਨ।
ਜੀ.ਕੇ ਨੇ ਕਿਹਾ ਕਿ ਸਿੱਖ ਨੌਜਵਾਨ ਨਾਲ ਹੋਈ ਮਾਰਕੁੱਟ ਦੇ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਉਪਰੰਤ ਹੀ ਕਮੇਟੀ ਹਰਕਤ ’ਚ ਆ ਗਈ ਸੀ।ਸਿੱਖਾਂ ਦੇ ਖਿਲਾਫ਼ ਦਿੱਲੀ ਪੁਲਿਸ ਦੀ ਅਜਿਹੀ ਪਹਿਲੀ ਘਟਨਾ ਨਹੀਂ ਹੈ। 1980-90 ਦੇ ਦਹਾਕੇ ਦੌਰਾਨ ਸਿੱਖ ਨੋਜਵਾਨਾਂ ਨਾਲ ਪੁਲਿਸ ਅਜਿਹਾ ਵਤੀਰਾ ਪਹਿਲੇ ਵੀ ਕਰਦੀ ਰਹੀ ਹੈ। ਦੇਸ਼ ਦੀ ਰਾਜਧਾਨੀ ਦੀ ਪੁਲਿਸ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵੇਲੇ ਆਪ ਹੀ ਆਪਣੀ ਜਿੰਮੇਵਾਰੀਆਂ ਨੂੰ ਭੁੱਲ ਜਾਂਦੀ ਹੈ।ਜੀ.ਕੇ ਨੇ ਘਟਨਾ ਦੀ ਨਿਖੇਧੀ ਕਰਦੇ ਹੋਏ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਪੀੜਿਤ ਨੌਜਵਾਨ ਨੂੰ ਇਨਸਾਫ਼ ਮਿਲਣ ਦੀ ਆਸ਼ ਜਤਾਈ।
ਰਾਣਾ ਨੇ ਕਮੇਟੀ ਦੇ ਕਾਨੂੰਨੀ ਵਿਭਾਗ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਕਰਕੇ ਪੁਲਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਦਾ ਦਾਅਵਾ ਕੀਤਾ। ਜੌਲੀ ਨੇ ਕਿਹਾ ਕਿ ਪੁਲਿਸ ਵੱਲੋਂ ਨੌਜਵਾਨ ਨੂੰ ਕੇਸ਼ਾਂ ਤੋਂ ਫੜ੍ਹਕੇ ਮਾਰਨਾ ਗਲਤ ਸੀ, ਇਹ ਸਿੱਧੇ ਤੌਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਹੈ। ਇਸ ਲਈ ਕਮੇਟੀ ਇਸ ਮਾਮਲੇ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ’ਚ ਲੈ ਕੇ ਜਾਵੇਗੀ। ਦੋਸ਼ੀ ਨੂੰ ਸਜਾ ਦੇਣ ਦਾ ਅਧਿਕਾਰ ਕੋਰਟ ਕੋਲ ਹੈ, ਪਰ ਅਕਸਰ ਪੁਲਿਸ ਖੁੱਦ ਹੀ ਸਜਾ ਦੇਣ ਵੱਲ ਤੁਰ ਪੈਂਦੀ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media