ਕੁੱਕ ਬੀਬੀਆਂ ਨੂੰ ਦੇਰ ਰਾਤ ਤੱਕ ਕੋਟ ਫੱਤਾ ਥਾਣੇ ਵਿੱਚ ਬੰਦ ਕਰੀਂ ਰੱਖਿਆ

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ) – ਬਾਦਲ ਸਰਕਾਰ ਲੰਮੇ ਸਮੇਂ ਤੋਂ ਦਾਅਵਾ ਕਰਦੀ ਆ ਰਹੀ ਹੈ ਕਿ ਕਿਸੇ ਵੀ ਔਰਤ ਨੂੰ ਪੰਜਾਬ ਦੇ ਥਾਣਿਆਂ ਅੰਦਰ ਅੰਦਰ ਸਨਮਾਨ ਦਿੱਤਾ ਜਾਵੇਗਾ, ਪ੍ਰੰਤੂ ਤਲਵੰਡੀ ਸਾਬੋ ਵਿਖੇ ਪੰਜਾਬ ਪੁਲਿਸ ਦੇ ਧੱਕੇ ਦਾ ਸ਼ਿਕਾਰ ਹੋਈਆਂ ਕੁੱਕ ਬੀਬੀਆਂ ਨੂੰ ਪੁਲਿਸ ਨੇ ਰਾਤ ਤੱਕ ਥਾਣਿਆਂ ਵਿੱਚ ਬਿਨਾਂ ਕਿਸੇ ਕਾਰਨ ਡੱਕੀ ਰੱਖਿਆ। ਥਾਣਾ ਕੋਟ ਫੱਤਾ ਵਿਖੇ ਰਾਤ ਨੂੰ ਥਾਣੇ ਵਿੱਚ ਸੈਂਕੜੇ ਬੀਬੀਆਂ ਨੂੰ ਰਿਹਾ ਕੀਤਾ ਗਿਆ। ਜਿਸ ਕਾਰਨ ਰਿਹਾ ਕੀਤੀਆਂ ਬੀਬੀਆਂ ਅੱਧੀ ਰਾਤ ਤੱਕ ਖੱਜਲ ਖੁਆਰ ਹੋ ਕੇ ਆਪਣੇ ਘਰਾਂ ਤੱਕ ਪਹੁੰਚੀਆਂ। ਥਾਣੇ ਵਿੱਚ ਡੱਕੀਆਂ ਬੀਬੀਆਂ ਨੇ ਥਾਣੇ ਅੰਦਰ ਰੋਸ਼ ਵਜੋਂ ਆਪਣਾ ਜ਼ੋਰਦਾਰ ਪ੍ਰਦਰਸ਼ਨ ਜਾਰੀ ਰੱਖਿਆ। ਇਸ ਮੌਕੇ ਥਾਣੇ ਵਿੱਚ ਬੰਦ ਬੀਬੀਆਂ ਦਾ ਦੋਸ਼ ਸੀ ਕਿ ਉਹ ਤਲਵੰਡੀ ਸਾਬੋ ਵਿਖੇ ਆਪਣਾ ਮੰਗ ਪੱਤਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੂੰ ਦੇਣ ਆਈਆਂ ਸਨ। ਉਨ੍ਹਾਂ ਨੇ ਸ਼ਾਂਤੀ ਪੂਰਵਕ ਤਰੀਕੇ ਨਾਲ ਹੀ ਆਪਣੀਆਂ ਮੰਗਾਂ ਉਠਾਉਣੀਆਂ ਸਨ, ਪਰ ਪੁਲਿਸ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਕਈ ਬੀਬੀਆਂ ਦੇ ਪੁਲਿਸ ਨੇ ਡੰਡੇ ਵੀ ਮਾਰੇ ਹਨ। ਪ੍ਰੁਲਿਸ ਵੱਲੋਂ ਜਬਰੀ ਗ੍ਰਿਫਤਾਰ ਕਰਨ ਦਾ ਵਿਰੋਧ ਕਰ ਰਹੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ‘ਤੇ ਪੁਲਿਸ ਨੇ ਤਸੱਦਦ ਕੀਤਾ ਹੈ। ਜਿਸ ਕਾਰਨ ਪੁਲਿਸ ਖਿਲਾਫ ਬੀਬੀਆਂ ਨੇ ਹੜਕੰਪ ਮਚਾਈ ਰੱਖਿਆ। ਥਾਣਾ ਕੋਟ ਫੱਤਾ ਵਿਖੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਕੌਰ ਲੋਪੇ, ਜਲ ਕੌਰ ਸੌਂਢਾ ਲਹਿਰਾ, ਕੁਲਵੰਤ ਕੌਰ ਕਲਿਆਣ, ਗੁਰਮੀਤ ਕੌਰ ਸਰਦੂਲਗੜ੍ਹ ਆਦਿ ਨੇ ਕਿਹਾ ਕਿ ਉਨ੍ਹਾਂ ਦੀ ਪੁਲਿਸ ਨੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨਾਲ ਗੱਲਬਾਤ ਤੱਕ ਨਹੀਂ ਕਰਵਾਈ। ਇਸ ਮੌਕੇ ਇਕੱਠੀਆਂ ਹੋਈਆਂ ਬੀਬੀਆਂ ਦਾ ਦੋਸ਼ ਸੀ ਕਿ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲੜ ਰਹੀਆਂ ਕੁੱਕ ਬੀਬੀਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਚੁੱਪਧਾਰ ਰੱਖੀ ਹੈ। ਆਗੂਆਂ ਦਾ ਦੋਸ਼ ਸੀ ਕਿ ਪੰਜਾਬ ਸਰਕਾਰ ਗਰੀਬ ਲੋਕਾਂ ‘ਤੇ ਜੁਲਮ ਢਾਹ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੀਆਂ ਬੀਬੀਆਂ ਵਿੱਚ ਵੱਡੀ ਗਿਣਤੀ ਬਜੁਰਗ ਔਰਤਾਂ ਦੀ ਸੀ। ਜਿਨ੍ਹਾਂ ਦੇ ਮਾਣ ਸਨਮਾਨ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੀ ਇਸ ਵਧੀਕੀ ਖਿਲਾਫ 17 ਅਗਸਤ ਨੂੰ ਪਟਿਆਲਾ ਸਹਿਰ ਵਿੱਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਵਿੱਚ ਰੋਪੜ, ਮੁਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਸੰਗਰੂਰ ਜਿਲ੍ਹੇ ਸਮੂਲੀਅਤ ਕਰਨਗੇ। ਥਾਣਾ ਕੋਟ ਫੱਤਾ ਵਿਖੇ ਦੇਰ ਸ਼ਾਮ ਤੱਕ ਰਿਹਾਅ ਕਰਨ ਤੋਂ ਬਾਅਦ ਹੀ ਕੁੱਕ ਬੀਬੀਆਂ ਨੇ ਆਪਣਾ ਪ੍ਰਦਰਸ਼ਨ ਖਤਮ ਕੀਤਾ।
Punjab Post Daily Online Newspaper & Print Media