ਨਵੀਂ ਦਿੱਲੀ, 9 ਮਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 12 ਮਈ ਨੂੰ ਬੁਲਾਇਆ ਗਿਆ ਕਮੇਟੀ ਦਾ ਜਰਨਲ ਹਾਊਸ ਪੰਥਕ ਮਸਲਿਆਂ ਦੇ ਹਲ ਦੀ ਦਿਸ਼ਾ ’ਚ ਇਤਿਹਾਸਕ ਰਾਹ ਦਸੇਰਾ ਹੋਵੇਗਾ।ਉਕਤ ਦਾਅਵਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਕੀਤਾ ਗਿਆ ਹੈ।ਮੀਡੀਆ ਨੂੰ ਜਾਰੀ ਆਪਣੇ ਬਿਆਨ ’ਚ ਕਾਲਕਾ ਨੇ ਕਿਹਾ ਕਿ ਜਰਨਲ ਹਾਊਸ ’ਚ ਪੰਥ ਦੇ ਦਰਪੇਸ਼ ਆ ਰਹੀਆਂ ਚੁਨੌਤੀਆਂ ਦਾ ਹਲ ਲੱਭਣ ਲਈ ਠੋਸ ਰਣਨੀਤੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਜਰਨਲ ਹਾਊਸ ਨੂੰ ਲੈ ਕੇ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਵਿਖਾਈ ਜਾ ਰਹੀ ਤੌਖਲੇਬਾਜ਼ੀ ਨੂੰ ਕਾਲਕਾ ਨੇ ਗੈਰਜਰੂਰੀ ਅਤੇ ਪੰਥ ਵਿਰੋਧੀ ਸ਼ਕਤੀਆਂ ਦੇ ਪੱਖ ਪੂਰਨ ਵਾਲੀ ਕਾਰਵਾਈ ਦੱਸਿਆ।
ਕਾਲਕਾ ਨੇ ਕਿਹਾ ਕਿ ਜੇਕਰ ਕਮੇਟੀ ਮੈਂਬਰ ਪੰਜਾਬ ਸਰਕਾਰ ਵੱਲੋਂ ਇਤਿਹਾਸ ਦੀ ਕਿਤਾਬਾਂ ’ਚੋਂ ਸਿੱਖ ਗੁਰੂਆਂ ਦਾ ਇਤਿਹਾਸ ਮਨਫ਼ੀ ਕਰਨ ਦੇ ਕੀਤੇ ਗਏ ਕੋਝੇ ਕਾਰਜ ਖਿਲਾਫ਼ ਅਗਲੇਰੀ ਰਣਨੀਤੀ ’ਤੇ ਵਿਚਾਰ ਕਰਦੇ ਹਨ ਤਾਂ ਸ਼ੰਟੀ ਨੂੰ ਕੀ ਪਰੇਸ਼ਾਨੀ ਹੈ ? ਸ਼ਾਇਦ ਸ਼ੰਟੀ ਨੂੰ ਆਪਣੇ ਪੁਰਾਣੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਕਾਂਗਰਸ ਨਾਲ ਰਹੀ ਦੋਸਤੀ ਦੀ ਰਾਖੀ ਕਰਕੇ ਆਪਣੇ ਸਿਆਸੀ ਵਕਾਰ ਨੂੰ ਬਚਾਉਣ ਦੀ ਚਿੰਤਾ ਸਤਾ ਰਹੀ ਹੈ, ਕਿਉਂਕਿ ਦਿੱਲੀ ਕਮੇਟੀ ਦੀਆਂ ਸਟੇਜਾਂ ਨੂੰ ਇਨ੍ਹਾਂ ਨੇ ਕਾਂਗਰਸ ਨੂੰ ਚੋਣਾਂ ਜਿਤਾਉਣ ਵਾਸਤੇ ਵਰਤਣ ਤੋਂ ਵੀ ਕਦੇ ਗੁਰੇਜ਼ ਨਹੀਂ ਕੀਤਾ ਸੀ।
ਕਾਲਕਾ ਨੇ ਸਵਾਲ ਪੁਛਿਆ ਕਿ ਜੇਕਰ ਦਿੱਲੀ ਕਮੇੇਟੀ ਸਿੱਖ ਕੌਮ ਨੂੰ ਵੱਖਰੇ ਧਰਮ ਦਾ ਦਰਜਾ ਸੰਵਿਧਾਨ ਦੀ ਧਾਰਾ 25 (ਬੀ) ’ਚ ਸੋਧ ਕਰਵਾ ਕੇ ਦਿਵਾਉਣ ਲਈ ਯਤਨਸ਼ੀਲ ਹੈ ਤਾਂ ਸ਼ੰਟੀ ਨੂੰ ਪਰੇਸ਼ਾਨੀ ਕਿਉਂ ਹੋ ਰਹੀ ਹੈ ? 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਦਿੱਲੀ ਕਮੇਟੀ ਦੀ ਗੰਭੀਰਤਾ ’ਤੇ ਸਵਾਲ ਚੁੱਕਣ ਪਿੱਛੇ ਸ਼ੰਟੀ ਦਾ ਕੀ ਸਿਆਸੀ ਸੁਆਰਥ ਹੈ ? ਦਿੱਲੀ ਕਮੇਟੀ ਐਕਟ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਪੰਜਵੇਂ ਤਖਤ ਵੱਜੋਂ ਸ਼ਾਮਿਲ ਕਰਾਉਣਾ ਕੀ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਜਿਮੇਦਾਰੀ ਨਹੀਂ ਬਣਦਾ ?
ਕਾਲਕਾ ਨੇ ਕਿਹਾ ਕਿ ਗੁਰੂ ਹਰਿਕ੍ਰਿਸਨ ਪੱਬਲਿਕ ਸਕੂਲਾਂ ’ਚ ਸਰਨਾ ਅਤੇ ਸ਼ੰਟੀ ਵੱਲੋਂ ਗੈਰਜਰੂਰੀ ਭਰਤੀ ਕਰਕੇ ਪੈਦਾ ਕੀਤੇ ਗਏ ਮਾਲੀ ਸੰਕਟ ਦੇ ਨਿਪਟਾਰੇ ਲਈ ਜੇਕਰ ਕਮੇਟੀ ਫਿਕਰਮੰਦ ਹੈ ਤਾਂ ਸ਼ੰਟੀ ਨੂੰ ਇਸ ਫਿਕਰ ਦੀ ਸ਼ਲਾਘਾ ਕਰਨੀ ਚਾਹੀਦੀ ਸੀ।ਸ਼ੰਟੀ ਨੂੰ ਪਿਛਲੇ ਜਨਰਲ ਹਾਊਸ ’ਚ ਪਾਸ ਕੀਤੇ ਗਏ ਮੱਤਿਆਂ ਦੀ ਜਾਣਕਾਰੀ ਮੰਗਣ ਦੀ ਥਾਂ ਸੰਗਤ ਦੇ ਸਾਹਮਣੇ ਇਸ ਗੱਲ ਦਾ ਖੁਲਾਸਾ ਕਰਨਾ ਚਾਹੀਦਾ ਹੈ ਕਿ ਸ਼ੰਟੀ ਨੇ 2 ਵਾਰ ਜਨਰਲ ਹਾਊਸ ਆਯੋਜਿਤ ਹੋਣ ਦੇ ਬਾਵਜੂਦ ਮੈਂਬਰ ਵੱਜੋਂ ਹਲਫ਼ ਲੈਣ ’ਚ ਦਿਲਚਸਪੀ ਕਿਉਂ ਨਹੀਂ ਦਿਖਾਈ ਸੀ ?
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media