ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ
ਸੰਬੰਧੀ ਜਾਗਰੁਕ ਕਰਨ ਲਈ ਚਲਾਈ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਬਲਾਕ ਧਾਰਕਲਾਂ ਦੇ ਪਿੰਡ ਰੌਗ ਵਿੱਚ ਉੱਘੇ ਕਿਸਾਨ ਈਸ਼ਰ ਸਿੰਘ ਪਠਾਨੀਆਂ ਦੇ ਫਾਰਮ ਦਾ ਦੌਰਾ ਕੀਤਾ ਗਿਆ ਅਤੇ ਸੁਘੰਧਵਾਲੀਆਂ ਫਸਲਾਂ ਦੀ ਕਾਸ਼ਤ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।ਵਰਨਣਯੋਗ ਹੈ ਕਿ ਈਸ਼ਰ ਸਿੰਘ ਪਠਾਨੀਆਂ ਵੱਲੋਂ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ ਦੀ ਮਦਦ ਨਾਲ ਸਾਲ 2012 ਤੋਂ ਤਕਰੀਬਨ 5 ਏਕੜ ਗੈਰ-ਵਾਹੀਯੋਗ ਰਕਬੇ ਵਿੱਚ ਲੈਮਨ ਗ੍ਰਾਸ ਅਤੇ ਪਾਮਾਰੋਜਾ ਦੀ ਬਾਰਾਨੀ ਰਕਬੇ ਵਿੱਚ ਖੇਤੀ ਕਰਕੇ ਆਮ ਖੇਤੀ ਕਰਨ ਨਾਲੋਂ ਵਧੇਰੇ ਆਮਦਨ ਲਈ ਜਾ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਡਾ. ਹਰਪ੍ਰੀਤ ਸਿੰਘ ਡਿਪਟੀ ਪੀਡੀ ਹਾਜ਼ਰ ਸਨ।
ਸੁਗੰਧੀ ਵਾਲੀਆਂ ਫਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਇਸ਼ਰ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜੰਗਲੀ ਜਾਨਵਰ ਜ਼ਿਆਦਾ ਹੋਣ ਕਾਰਨ ਫਸਲਾਂ ਦਾ ਨੁਕਸਾਨ ਬਹੁਤ ਹੁੰਦਾ ਹੈ।ਉਨਾ ਕਿਹਾ ਕਿ ਜੰਗਲੀ ਜਾਨਵਰਾਂ ਦੇ ਕਾਰਨ ਮੱਕੀ ਦੀ ਪੈਦਾਵਾਰ ਆਮ ਕਰਕੇ 4-5 ਕੁਇੰਟਲ ਪ੍ਰਤੀ ਏਕੜ ਹੀ ਮਿਲਦੀ ਹੈ ਅਤੇ ਬਾਕੀ ਫਸਲਾਂ ਦਾ ਵੀ ਇਹੋ ਹਾਲ ਹੈ।ਉਨਾਂ ਕਿਹਾ ਕਿ ਇਸ ਇਲਾਕੇ ਲਈ ਐਹੋ ਜਿਹੀ ਫਸਲ ਦੀ ਜ਼ਰੂਰਤ ਹੈ ਜਿਸ ਨੂੰ ਜੰਗਲੀ ਜਾਨਵਰ ਨੁਕਸਾਨ ਨਾ ਕਰਨ।ਉਨਾਂ ਕਿਹਾ ਕਿ 2012 ਵਿੱਚ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ ਦੀ ਮਦਦ ਨਾਲ ਲੈਮਨਗ੍ਰਾਸ ਅਤੇ ਪਾਮਾਰੋਜਾ ਦੀ ਖੇਤੀ ਸ਼ੁਰੂ ਕੀਤੀ ਸੀ।ਪਹਿਲਾਂ ਪਹਿਲਾਂ ਤਾਂ ਆਢੀਆਂ ਗੁਆਂਢੀਆਂ ਨੇ ਬਹੁਤ ਮਖੌਲ ਕੀਤੇ ਪਰ ਹੁਣ ਉਹ ਇਸ ਫਸਲ ਬਾਰੇ ਜਾਣਕਾਰੀ ਲੈਣ ਆਉਂਦੇ ਹਨ।ਲੈਮਨਗ੍ਰਾਸ ਤੋਂ ਤੇਲ ਕੱਢਣ ਲਈ ਪਲਾਂਟ ਵੀ ਲਗਾਇਆ ਹੈ।ਤੇਲ ਦੀ ਵਿਕਰੀ ਲਈ ਮਹਾਂਰਾਸ਼ਟਰ ਦੀ ਕਲੇਕਰ ਕੰਪਨੀ ਨਾਲ ਸੰਪਰਕ ਕੀਤਾ ਹੋਇਆ ਹੈ।ਉਨਾਂ ਕਿਹਾ ਕਿ ਇਸ ਫਸਲ ਦੀ ਕਾਸ਼ਤ ਉਨਾਂ ਜ਼ਮੀਨਾਂ ਵਿੱਚ ਹੋ ਸਕਦੀ ਹੈ ਜਿਥੇ ਕੋਈ ਹੋਰ ਫਸਲ ਨਾਂ ਹੁੰਦੀ ਹੋਵੇ।ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕਿਸਾਨ ਮੇਰੇ ਕੋਲੋਂ ਲੈਮਨ ਗ੍ਰਾਸ ਦੀ ਪਨੀਰੀ ਲੈ ਕੇ ਜਾਂਦੇ ਹਨ।ਪਿਛਲੇ ਸਾਲ ਢਾਈ ਲੱਖ ਦੇ ਪੌਦੇ ਵੇਚ ਕੇ ਕਾਫੀ ਫਾਇਦਾ ਹੋਇਆ।ਇਸ ਫਸਲ ਨੂੰ ਕਿਸੇ ਵੀ ਤਰਾਂ ਦਾ ਕੋਈ ਕੀੜਾ ਜਾਂ ਬਿਮਾਰੀ ਨਹੀਂ ਲੱਗਦੀ ਅਤੇ ਨਦੀਨਾਂ ਦੀ ਰੋਕਥਾਮ ਵਿੱਚ ਵੀ ਇਹ ਫਸਲ ਕਾਫੀ ਸਹਾਈ ਹੁੰਦੀ ਹੈ।ਉਨਾਂ ਕਿਹਾ ਕਿ ਇੱਕ ਵਾਰ ਬੀਜੀ ਫਸਲ ਲਗਾਤਾਰ ਅੱਠ ਸਾਲ ਤੱਕ ਕਟਾਈਆਂ ਦਿੰਦੀ ਰਹਿੰਦੀ ਹੈ।ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਵੀਆਂ ਫਸਲਾਂ ਦੀ ਕਾਸ਼ਤ ਬਾਰੇ ਲਗਾਤਾਰ ਜਾਣਕਾਰੀ ਦੇਣ ਲਈ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ।ਉਨਾਂ ਕਿਹਾ ਕਿ ਲੈਮਨ ਗ੍ਰਾਸ ਅਤੇ ਪਾਮਾਰੋਜਾ ਦੀ ਫਸਲ ਦੀ ਕਾਸ਼ਤ, ਇਸ ਇਲਾਕੇ ਲਈ ਵਰਦਾਨ ਸਾਬਿਤ ਹੋ ਸਕਦੀ ਹੈ।ਜੇਕਰ ਇਸ ਇਲਾਕੇ ਵਿੱਚ ਸਿੰਚਾਈ ਦੇ ਸਾਧਨ ਉਪਲੱਬਧ ਕਰਵਾ ਦਿੱਤੇ ਜਾਣ ਤਾਂ ਇਸ ਇਲਾਕੇ ਨੂੰ ਇਸਰਾਈਲ ਵਰਗਾ ਬਣਾਇਆ ਜਾ ਸਕਦਾ। ਜਿਸ ਨਾਲ ਕਿਸਾਨ ਦੀ ਆਮਦ ਨੂੰ ਦੁਗਣਾ ਕਰਨ ਵਿੱਚ ਬਹੁਤ ਮਦਦ ਮਿਲੇਗੀ।ਉਨਾਂ ਸੁਗੰਧੀ ਵਾਲੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media