ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਇਕੱਤਰਤਾ
ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਿਡਾਰੀਆਂ ਅਤੇ ਕਿਸਾਨਾਂ ਦੇ ਲਈ ਖੁਸ਼ਖਬਰੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ
ਜਿਥੇ ਵੱਖ ਵੱਖ ਕੋਰਸਾਂ ਵਿਚ ਪਿਛਲੇ ਸਾਲ ਨਾਲੋਂ ਖਿਡਾਰੀਆਂ ਦਾ ਕੋਟਾ ਦੁਗਣਾ ਕਰ ਦਿੱਤਾ ਹੈ ਉਥੇ ਕਿਸਾਨਾਂ ਨੂੰ ਖੇਤੀਬਾੜੀ ਵਿਗਿਆਨ ਨਾਲ ਜੋੜਨ ਲਈ ਖੇਤੀਬਾੜੀ ਵਿਭਾਗ ਖੋਲ੍ਹਣ ਦਾ ਫੈਸਲਾ ਕਰ ਲਿਆ ਹੈ।ਇਹ ਫੈਸਲਾ ਅੱਜ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਵਿਚ ਕੀਤਾ ਗਿਆ।
ਪੰਜਾਬ ਸਰਕਾਰ ਦੀ ਰਾਖਵਾਂ ਕਰਨ ਨੀਤੀ ਤਹਿਤ ਬੀ.ਸੀ ਵਰਗ ਨੂੰ ਵੱਖ ਵੱਖ ਕੋਰਸਾਂ ਲਈ ਪੰਜ ਤੋਂ 10 ਫੀਸਦੀ ਤਕ ਕੋਟਾ ਵਧਾਉਣ ਦੇ ਕਾਰਨ ਖਿਡਾਰੀਆਂ ਦਾ ਕੋਟਾ ਇਕ ਫੀਸਦ ਕਰ ਦਿੱਤਾ ਗਿਆ ਸੀ ਪਰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਇਕੱਤਰਤਾ ਵਿਚ ਵੱਖ ਵੱਖ ਕੋਰਸਾਂ ਵਿਚ ਖਿਡਾਰੀਆਂ ਦੀਆਂ ਦੋ-ਦੋ ਸੀਟਾਂ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।ਇਸ ਦੇ ਨਾਲ ਵਿਦਿਅਕ ਸੈਸ਼ਨ 2018-19 ਵਿਚ 336 ਦੇ ਲਗਭਗ ਖਿਡਾਰੀਆਂ ਨੂੰ ਦਾਖਲਾ ਮਿਲੇਗਾ।ਜਦੋਂਕਿ ਪਿਛਲੇ ਸਾਲ ਤਿੰਨ ਫੀਸਦੀ ਰਾਖਵੇਂ ਕਰਨ ਦੇ ਕਾਰਨ 139 ਖਿਡਾਰੀਆਂ ਨੂੰ ਦਾਖਲਾ ਮਿਲਿਆ ਸੀ।
ਸਿੰਡੀਕੇਟ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਯੂਨਵਿਰਸਿਟੀ ਹੁਣ ਤਕ ਖੇਡਾਂ ਦੇ ਖੇਤਰ ਵਿਚ ਕਈ ਮੀਲ ਪੱਥਰ ਸਥਾਪਤ ਕਰ ਚੁੱਕੀ ਹੈ।ਦੇਸ਼ ਦੀ ਸਰਵਉਚ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ (ਮਾਕਾ) ਟਰਾਫੀ 22 ਵਾਰ ਜਿੱਤਣ ਦਾ ਮਾਣ ਇਸ ਯੂਨੀਵਰਸਿਟੀ ਨੂੰ ਹਾਸਲ ਹੈ। ਖਿਡਾਰੀਆਂ ਦੀ ਮਿਹਨਤ ਸਦਕਾ ਇਸ ਵਾਰ ਵੀ ਇਹ ਟਰਾਫੀ ਯੂਨੀਵਰਸਿਟੀ ਨੂੰ ਮਿਲਣ ਦੀ ਆਸ ਹੈ।ਇਸ ਲਈ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਖਿਡਾਰੀਆਂ ਨੂੰ ਨਿਰਾਸ਼ ਨਹੀਂ ਹੋਣ ਦੇਣਾ ਚਾਹੁੰਦੇ, ਜਿਸ ਕਰਕੇ ਉਨ੍ਹਾਂ ਨੇ ਹਰੇਕ ਕੋਰਸ ਵਿਚ ਨਿਰਧਾਰਤ ਸੀਟਾਂ ਤੋਂ ਦੋ ਸੀਟਾਂ ਵਧਾ ਕੇ ਖਿਡਾਰੀਆਂ ਲਈ ਰਾਖਵੀਆਂ ਕਰ ਦਿੱਤੀਆਂ ਹਨ।
ਸਿੰਡੀਕੇਟ ਦੀ ਮੀਟਿੰਗ ਤੋਂ ਪਹਿਲਾਂ ਪਹਿਲੀ ਵਾਰ ਬਤੌਰ ਸਹਿਕਾਰਤਾ ਤੇ ਜੇਲ੍ਹ ਮੰਤਰੀ ਅਤੇ ਸਿੰਡੀਕੇਟ ਦੇ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਪੰਜਾਬ ਪੁਲਸ ਦੇ ਜਵਾਨਾਂ ਵੱਲੋਂ ਸਲਾਮੀ ਅਤੇ ਵਾਈਸ ਚਾਂਸਲਰ ਪ੍ਰੋ. ਸੰਧੂ, ਡੀਨ, ਵਿਦਿਅਕ ਮਾਮਲੇ ਪ੍ਰੋ. ਕਮਲਜੀਤ ਸਿੰਘ ਅਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਵਿਧਾਇਕ ਤਰਸੇਮ ਸਿੰਘ ਡੀ.ਸੀ., ਹਰਮਿੰਦਰ ਸਿੰਘ ਗਿੱਲ ਅਤੇ ਪ੍ਰੋ. ਐਸ.ਐਸ. ਜੌਹਲ ਅਤੇ ਹੋਰ ਸਿੰਡੀਕੇਟ ਮੈਂਬਰਾਂ ਨੇ ਬੁੱਕੇ ਦੇ ਕੇ ਸਵਾਗਤ ਕੀਤਾ। ਇਸ ਇਕੱਤਰਤਾ ਦੀ ਪ੍ਰਧਾਨਗੀ ਵਾਈਸ-ਚਾਂਸਲਰ, ਪ੍ਰੋ. ਸੰਧੂ ਨੇ ਕੀਤੀ ਅਤੇ ਏਜੰਡਾ ਪ੍ਰੋ. ਕਾਹਲੋਂ ਨੇ ਪੇਸ਼ ਕੀਤਾ।
ਮੀਟਿੰਗ ਦੇ ਏਜੰਡੇ ਵਿਚ ਜਿਥੇ ਖਿਡਾਰੀਆਂ ਦੇ ਕੋਟੇ ਨੂੰ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ ਉਥੇ ਫੈਸਿਲੀਟੇਸ਼ਨ ਸੈਂਟਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬਰਾਂਡਿੰਗ ਨੂੰ ਪ੍ਰਫੁਲਤ ਕਰਨ ਲਈ ਇੰਟਰਨੈਸ਼ਨਲ ਯੂਨੀਵਰਸਿਟੀਜ਼ ਪੈਟਰਨ `ਤੇ ਸੋਵੀਨਰ ਸ਼ਾਪ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਲਾਭ-ਹਾਨੀ ਮੁਕਤ ਸਮਾਨ ਦਿੱਤਾ ਜਾਵੇਗਾ ਜਿਸ ਵਿਚ ਟੀ-ਸ਼ਰਟ, ਹੈਂਡ ਬੈਗ, ਟੀ ਮੱਗ ਅਤੇ ਹੋਰ ਸਟੇਸ਼ਨਰੀ ਆਈਟਮਾਂ ਸ਼ਾਮਿਲ ਹਨ।ਖੇਤੀਬਾੜੀ ਸਿਖਿਆ ਨੂੰ ਉਤਸ਼ਾਹਿਤ ਕਰਨ ਲਈ ਸਿੰਡੀਕੇਟ ਵੱਲੋਂ ਇਕ ਅਹਿਮ ਫੈਸਲਾ ਲੈਂਦਿਆਂ ਵਿਦਿਅਕ ਸੈਸ਼ਨ 2019-20 ਦੌਰਾਨ ਯੂਨੀਵਰਿਸਟੀ ਵਿਖੇ ਐਗਰੀਕਲਚਰ ਵਿਭਾਗ ਸਥਾਪਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ।ਇਸ ਵਿਚ ਉਹ ਕੋਰਸ ਕਰਾਏ ਜਾਣਗੇ ਜਿਸ ਨਾਲ ਖੇਤੀਬਾੜੀ ਨੂੰ ਆਧੁਨਿਕ ਲੀਹਾਂ `ਤੇ ਲਿਆਉਣ ਦੇ ਨਾਲ ਰੋਜ਼ਗਾਰ ਨਾਲ ਜੋੜਿਆ ਜਾਵੇਗਾ।
ਯੂਨੀਵਰਸਿਟੀ ਤੇ ਕਾਸਟੀਚੁਐਂਟ ਕਾਲਜਾਂ ਵਿਚ ਪ੍ਰਿੰਸੀਪਲਾਂ ਦੀ ਨਿਯੁਕਤੀ ਨਾ ਹੋਣ ਤਕ ਓ.ਐਸ.ਡੀ. ਲਗਾਉਣ ਅਤੇ ਕਾਲਜਾਂ ਦਾ ਲੇਖਾ ਜੋਖਾ ਕਰਨ ਲਈ ਕੰਸਲਟੈਂਟ ਦੀ ਨਿਯੁਕਤੀ ਲਈ ਯੌਗਤਾ ਨੂੰ ਨਿਰਧਾਰਤ ਕੀਤਾ ਗਿਆ। ਬੀ.ਟੈਕ ਕੋਰਸਾਂ ਵਿਚ ਲੇਟਰਲ ਐਂਟਰੀ ਰਾਹੀਂ ਦੂਜੇ ਸਾਲ ਵਿਚ ਦਾਖਲੇ ਮਿਲ ਸਕੇਗਾ। ਪੰਜਾਬ ਸਰਕਾਰ ਵੱਲੋਂ ਯੂਨਵਿਰਸਿਟੀ ਨੂੰ ਇਕ ਹੋਰ ਸਰਕਾਰੀ ਕਾਲਜ ਕਲਾਨੌਰ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਜਿਸ ਦਾ ਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਕਲਾਨੌਰ ਕਰਨ ਕਰਦਿਆਂ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਯੂ.ਜੀ.ਸੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਤਮ ਸ਼੍ਰੇਣੀ ਵਿਚ ਸ਼ਾਮਿਲ ਹੋਣ ਦੇ ਬਾਅਦ ਨਵੇਂ ਕੋਰਸ ਸ਼ੁਰੂ ਕਰਨ ਦੇ ਫੈਸਲ ਨੂੰ ਪ੍ਰਵਾਨਗੀ ਦਿੰਦਿਆਂ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਡਿਗਰੀਆਂ, ਡੀ.ਐਮ.ਸੀ. ਅਤੇ ਹੋਰ ਸਰਟੀਫੀਕੇਟਾਂ ਦੇ ਉਪਰ ਵਿਦਿਆਰਥੀਆਂ ਦੀ ਹੁਣ ਹੋਰ ਵਧੇਰੇ ਜਾਣਕਾਰੀ ਸਮੇਤ ਮਿਲਿਆ ਕਰੇਗੀ। ਇਸ ਤੋਂ ਇਲਾਵਾ ਮੀਟਿੰਗ ਵਿਚ 54 ਪੀ.ਐਚ.ਡੀ. ਡਿਗਰੀਆਂ ਨੂੰ ਵੀ ਪ੍ਰਵਾਨਗੀ ਦੇਣ ਦੇ ਨਾਲ ਨਾਲ ਬੀ.ਏ/ ਬੀ.ਐਸ.ਸੀ ਸਮੈਸਟਰ ਸਿਸਟਮ ਵਿਚ ਵਾਧੂ ਵਿਸ਼ਾ ਲੈਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।
ਇਸ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕੈਬਨਿਟ ਮਨਿਸਟਰਰ ਸੁਖਜਿੰਦਰ ਸਿੰਘ ਰੰਧਾਵਾ ਦੇ ਬਤੌਰ ਸਿੰਡੀਕੇਟ ਮੈਂਬਰ ਸ਼ਾਮਿਲ ਹੋਣ ਨੂੰ ਮਾਣ ਵਾਲੀ ਗੱਲ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਉਪਰਾਲੇ ਕਰ ਦਿੱਤੇ ਗਏ ਹਨ।ਯੂਨੀਵਰਸਿਟੀ ਦੇ ਦੋਵਾਂ ਪਾਸਿਆਂ ਤੇ ਵਾਹਨ ਲਾਉਣ ਲਈ ਪਾਰਕਿੰਗ ਜਲਦ ਸ਼ੁਰੂ ਹੋ ਜਾਵੇਗੀ ਅਤੇ ਫੈਕਲਟੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸਾਈਕਲ ਤੇ ਈ ਰਿਕਸ਼ਾ ਮੁਹਈਆ ਕਰਵਾਏ ਜਾਣਗੇ। ਇਹ ਵੀ ਜਾਣਕਾਰੀ ਦਿੱਤੀ ਗਈ ਯੂਨੀਵਰਸਿਟੀ ਵਿਚ ਪਿਛਲੇ ਸਾਲ ਰਿਕਾਰਡ ਤੋੜ ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ਵਿਚ ਪਲੇਸਮੈਂਟ ਹੋਈ ਹੈ ਇਸ ਨੂੰ ਹੋਰ ਵਧਾਉਣ ਲਈ ਪੀ.ਐਚ.ਡੀ ਚੈਂਬਰ ਆਫ ਕਾਮਰਸ ਦਾ ਦਫਤਰ ਖੋਲ੍ਹਿਆ ਜਾਵੇਗਾ।
ਮੈਂਬਰਾਂ ਨੇ ਪ੍ਰੋ. ਸੰਧੂ ਦੀ ਅਗਵਾਈ ਹੇਠ ਯੂਨੀਵਰਸਿਟੀ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਯੂਨੀਵਰਸਿਟੀ ਕਾਮਯਾਬੀ ਦੀਆਂ ਹੋਰ ਵੀ ਬੁਲੰਦੀਆਂ ਨੂੰ ਛੂਹੇਗੀ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media