ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਕਿਸਾਨਾਂ ਦੀਆਂ ਬਿਜਲੀ ਅਤੇ ਨਹਿਰੀ ਪਾਣੀ ਸਮੱਸਿਆ ਦੇ ਹੱਲ ਲਈ ਨਹਿਰੀ ਵਿਭਾਗ, ਬਿਜਲੀ ਵਿਭਾਗ, ਖੇਤੀਬਾੜੀ ਵਿਭਾਗ, ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨਾਲ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਮੀਟਿੰਗ ਕਰਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕੱਢਣ ਲਈ ਹਦਾਇਤਾਂ ਜਾਰੀ ਕੀਤੀਆਂ।ਮੀਟਿੰਗ ਵਿੱਚ ਸੰਘਾ ਨੇ ਕਿਸਾਨਾਂ ਦੀ ਮੰਗ ਅਨੁਸਾਰ ਬਿਜਲੀ ਦੀ ਸਪਲਾਈ 8 ਘੰਟੇ ਨਿਰਵਿਘਨ ਅਤੇ ਸਬਜੀ ਵਾਲੇ ਏਰੀਏ ਨੂੰ 4 ਘੰਟੇ ਤੋਂ ਵਧਾ ਕੇ 6 ਘੰਟੇ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੂੰ ਆਪਣੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪੇਂਡੂ ਖੇਤਰ ਵਿੱਚ ਬਿਜਲੀ ਦੀ ਸਪਲਾਈ 6 ਘੰਟੇ ਕਰਨ ਲਈ ਕਿਹਾ।
ਇਸ ਮੌਕੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਨਹਿਰਾਂ ਵਿੱਚ ਘੱਟ ਪਾਣੀ ਅਤੇ ਬਿਜਲੀ ਦੀ ਘੱਟ ਸਪਲਾਈ ਕਰਕੇ ਕਿਸਾਨ ਉਹਨਾਂ ਨਾਲ ਸੰਪਰਕ ਕਰ ਰਹੇ ਹਨ। ਉਹਨਾਂ ਵੱਲੋਂ ਇਸ ਮਸਲੇ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਸੀ।ਨਹਿਰੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਹੈ, ਤਾਂ ਉਹ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਪਾਣੀ ਦੀ ਮੰਗ ਕਰ ਸਕਦੇ ਹਨ।ਕਿਸਾਨਾਂ ਵੱਲੋਂ ਮੰਗ ਕਰਨ ਤੇ ਹੀ ਨਹਿਰੀ ਪਾਣੀ ਛੱਡਿਆ ਜਾਵੇਗਾ।ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਸ਼ਹਿਰਾਂ ਵਿੱਚ ਪਾਣੀ ਛੱਡਿਆ ਜਾਵੇ।
ਤੇਜਿੰਦਰ ਸਿੰਘ ਮੋਖਾ ਐਸ.ਡੀ.ਓ ਨਹਿਰੀ ਵਿਭਾਗ ਨੇ ਕਿਹਾ ਕਿ ਸਾਉਣੀ ਸੀਜਨ ਦੌਰਾਨ ਨਹਿਰੀ ਪਾਣੀ ਦੀ ਜਿਆਦਾ ਉਪਲੱਬਧਤਾ ਹੋਣ ਨਾਲ ਕਿਸਾਨਾਂ ਨੂੰ ਜਮੀਨੀ ਪਾਣੀ ਤੇ ਘੱਟ ਨਿਰਭਰ ਹੋਣਾ ਪਵੇਗਾ ਅਤੇ ਉਹਨਾਂ ਦੇ ਖੇਤੀ ਖਰਚੇ ਵੀ ਘੱਟਣਗੇ।ਇਸ ਨਾਲ ਪਾਣੀ ਦੇ ਡਿੱਗਦੇ ਪੱਧਰ ਦੀ ਦਰ ਨੂੰ ਘਟਾਇਆ ਜਾ ਸਕਦਾ ਹੈ।ਇਸ ਮੀਟਿੰਗ ਵਿੱਚ ਕਣਕ ਦੇ ਨਾੜ ਦੇ ਸੜਨ ਦੇ ਸੈਟਾਲਈਟ ਤੋਂ ਪ੍ਰਾਪਤ ਸੁਨੇਹਿਆਂ ਬਾਰੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਐਸ.ਡੀ.ਐਮ ਨਾਲ ਸੰਪਰਕ ਕਰਕੇ ਮੋਨੀਟਰਿੰਗ ਕਰਨ ਲਈ ਕਿਹਾ।ਇਸ ਮੀਟਿੰਗ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੁਪਰਡੈਂਟ ਇੰਜੀਨੀਅਰ ਰਵਿੰਦਰ ਸਿੰਘ ਅਤੇ ਵਧੀਕ ਨਿਗਰਾਨ ਇੰਜੀਨੀਅਰ ਸਤਨਾਮ ਸਿੰਘ, ਮੁਕੇਸ਼ ਕੁਮਾਰ ਜਿਲ੍ਹਾ ਮਾਲ ਅਧਿਕਾਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਹਰਪਾਲ ਸਿੰਘ ਅਤੇ ਐਸ.ਡੀ.ਓ ਸੁਖਦੇਵ ਸਿੰਘ ਅਤੇ ਏ.ਡੀ.ਓ ਗੁਰਦੀਪ ਸਿੰਘ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media