Sunday, June 15, 2025
Breaking News

ਡਿਪਟੀ ਕਮਿਸ਼ਨਰ ਵੱਲੋ ਰਜਿਸਟਰੀ ਫੀਸ ਵਿਚ ਵਾਧਾ ਕਰਨ ਅਤੇ ਬਕਾਇਆ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਦੇ ਆਦੇਸ਼

PPN11081416

ਫਾਜਿਲਕਾ,  11 ਅਗਸਤ (ਵਿਨੀਤ ਅਰੋੜਾ) – ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਹੀਨਾਵਾਰ ਮੀਟਿੰਗ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਭਾਗ ਦੇ ਕੰਮਾਂ ਦਾ ਰੀਵਿਊ ਕੀਤਾ ਗਿਆ।ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਜਿਸਟਰੀ ਫੀਸ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਮਿਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ ਸਕੇ ।ਉਨ੍ਹਾਂ ਕਿਹਾ ਲੋਕਾ ਨੂੰ ਜ਼ਮੀਨ ਦੇ ਸਾਂਝੇ ਖਾਤਿਆਂ ਦੀਆਂ ਰਜ਼ਾਮੰਦਗੀ ਤਕਸੀਮਾ ਲਈ ਵੱਧ ਤੋਂ ਵੱਧ ਪ੍ਰੇਰਿਆ ਜਾਵੇ ਅਤੇ  ਤਕਸੀਮ ਦੇ ਪੈਡਿੰਗ ਪਏ ਕੇਸ ਵੀ ਜਲਦੀ ਨਿਪਟਾਏ ਜਾਣ ਅਤੇ ਸਟਂੈਪ ਡਿਊਟੀ ਵਿਚ ਵਾਧਾ ਕੀਤਾ ਜਾਵੇ । 
ਇਸ ਮੌਕੇ ਉਨ੍ਹਾਂ ਨੇ ਮਾਲ ਵਿਭਾਗ ਦੇ ਕੰਮਾਂ, ਬੈਂਕਾਂ ਦੇ ਕਰਜ਼ਿਆਂ ਦੀ  ਰਿਕਵਰੀਆਂ, ਆਬਿਆਨਾ, ਚੌਕੀਦਾਰਾ, ਖਾਨਗੀ ਤਕਸੀਮਾਂ, ਗਿਰਦਾਵਰੀ, ਦੇ ਬਕਾਇਆ ਕੇਸਾਂ, ਇੰਤਕਾਲ ਆਦਿ ਦੀ ਸਮੀਖਿਆ ਵੀ ਕੀਤੀ। ਸ.ਮਨਜੀਤ ਸਿੰਘ ਬਰਾੜ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਜ਼ਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਖਸਰਾ ਗਿਰਦਾਵਰੀ ਅਤੇ ਖਾਨਗੀ ਤਕਸੀਮਾਂ ਦੇ ਮਾਮਲੇ ਤੁਰੰਤ ਨਿਪਟਾਉਣ ਦੇ ਵੀ ਸਖ਼ਤ ਆਦੇਸ਼ ਦਿੱਤੇ ਅਤੇ ਪੰਚਾਇਤੀ ਜ਼ਮੀਨਾਂ ਦੇ ਨਜਾਇਜ ਕਬਜ਼ਿਆਂ ਨੂੰ ਖਤਮ ਕਰਨ ਦੇ ਆਦੇਸ਼ ਵੀ ਦਿੱਤੇ ।  ਉਨ੍ਹਾਂ  ਸਮੂਹ ਮਾਲ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਵੱਖ-ਵੱਖ ਵਿਭਾਗਾਂ ਦੇ ਲੋਕਾਂ ਜਾਂ ਅਦਾਰਿਆਂ ਵੱਲ ਲੰਬਿਤ ਬਕਾਇਆ ਕਰਜ਼ਿਆਂ ਦੀ ਵਸੂਲੀ ਤੁਰੰਤ ਕਰਵਾਉਣ ਨੂੰ ਗੰਭੀਰਤਾ ਨਾਲ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਨੂੰ ਮਾਲ ਵਿਭਾਗ ਦੇ ਕੰਮਾਂ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀ ਆਉਣੀ ਚਾਹੀਦੀ ਅਤੇ ਇਸ ਸਬੰਧੀ ਅਨੁਸ਼ਾਸ਼ਨਹੀਣਤਾਂ ਬਰਦਾਸ਼ਤ ਨਹੀ ਕੀਤੀ ਜਾਵੇਗੀ। 
ਜਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਲ੍ਹੇ ਦੇ ਸਾਰੇ ਸ਼ਹਿਰਾਂ ਲਈ ਟ੍ਰੈਫ਼ਿਕ ਪਲਾਨ ਤਿਆਰ ਕੀਤਾ ਜਾਵੇ ਅਤੇ ਰੇਹੜੀਆਂ ਅਤੇ ਵਾਹਣਾਂ ਦੀ ਪਾਰਕਿੰਗ ਲਈ ਵਿਸ਼ੇਸ਼ ਥਾਂਵਾ ਨਿਸ਼ਚਿਤ ਕੀਤੀਆਂ ਜਾਣ । ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੇ ਚੌਂਕਾਂ ਦਾ ਨਵੀਨੀਕਰਨ ਕਰਕੇ ਇਹਨਾਂ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਕਾਰਜਕਾਰੀ ਇੰਜੀਨੀਅਰ ਰਾਸ਼ਟਰੀ ਰਾਜ ਮਾਰਗ ਨਾਲ ਮਿਲ ਕੇ ਰਾਸ਼ਟਰੀ ਰਾਜ ਮਾਰਗ ਦੇ ਕਿਨਾਰਿਆਂ ਤੋਂ ਨਜਾਇਜ ਕਬਜੇ ਹਟਾਉਣਗੇ ।  ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਜਿਲ੍ਹੇ ਅੰਦਰ ਸਿੱਖਿਆ ਸੰਸਥਾਵਾਂ, ਆਮ ਲੋਕਾਂ, ਟਰੱਕ ਅਤੇ ਟੈਂਪੂ ਯੂਨੀਅਨਾਂ ਵਿਚ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਸੜਕ ਦੁਰਘਟਨਾਂਵਾ ਨੂੰ ਰੋਕਿਆ ਜਾ ਸਕੇ ।  ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿਚ ਬਾਲ ਮਜਦੂਰੀ ਰੋਕਣ ਲਈ ਲੇਬਰ ਵਿਭਾਗ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਵੀ ਸਮੀਖਿਆ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਖੁਰਾਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੂਰੇ ਜਿਲ੍ਹੇ ਵਿਚ ਖਾਣ-ਪੀਣ ਦੀਆਂ ਵਸਤਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਮਿਲਾਵਟ ਖੋਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਖੁਰਾਕ ਸੁਰੱਖਿਆ ਐਕਟ ਅਧੀਨ ਹਲਵਾਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਬਨਾਉਣ ਵਾਲਿਆ ਦੀ ਰਜਿਸ਼ਟਰੇਸ਼ਨ ਕੀਤੀ ਜਾਵੇ ।ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਕੈਪਟਨ ਕਰਨੈਲ ਸਿੰਘ ਐਸ.ਡੀ.ਐਮ. ਫਾਜਿਲਕਾ, ਸ.ਗੁਰਜੀਤ ਸਿੰਘ  ਐਸ.ਡੀ.ਐਮ ਜਲਾਲਾਬਾਦ, ਸ੍ਰੀ ਰਾਜਪਾਲ ਸਿੰਘ ਐਸ.ਡੀ.ਐਮ. ਅਬੋਹਰ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ(ਜ), ਸ.ਜਸਵੰਤ ਸਿੰਘ ਢਿੱਲੋਂ ਡੀ.ਟੀ.ਓ.  ਸਮੇਤ ਮਾਲ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply