ਪੰਜਾਬ ਦੇ ਵਪਾਰੀਆਂ ਤੇ ਸਨਅਤਕਾਰਾਂ ਵੱਲੋਂ ਓ.ਪੀ ਸੋਨੀ ਦੇ ਸਨਮਾਨ `ਚ ਸਮਾਗਮ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ‘ਕਿਸੇ ਵੀ ਦੇਸ਼ ਜਾਂ ਖਿੱਤੇ ਦੀ ਤਰੱਕੀ ਵਿਚ ਉਥੋਂ ਦੀ ਸਨਅਤ ਅਤੇ ਵਪਾਰ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵੀ ਇੰਨਾਂ ਦਾ ਮਜ਼ਬੂਤ ਅਧਾਰ ਹੋਣਾ ਜ਼ਰੂਰੀ ਹੈ।ਇਸ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇੰਨਾਂ ਖੇਤਰਾਂ ਨੂੰ ਵੱਡੀ ਤਰਜੀਹ ਦੇ ਰਹੀ ਹੈ।’ ਉਕਤ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ, ਵਾਤਾਵਰਣ ਤੇ ਅਜ਼ਾਦੀ ਘੁਲਾਟੀਏ ਮਾਮਲੇ ਮੰਤਰੀ ਓ.ਪੀ ਸੋਨੀ ਨੇ ਪੰਜਾਬ ਭਰ ਦੇ ਵਪਾਰੀਆਂ ਤੇ ਸਨਅਤਕਾਰਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ਵਿਚ ਬੋਲਦੇ ਕਹੇ।
ਸੋਨੀ ਨੇ ਕਿਹਾ ਕਿ ਮੈਂ ਹਾਲ ਹੀ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ ਵਿਚ ਹਦਾਇਤ ਕੀਤੀ ਹੈ ਕਿ ਸਨਅਤਾਰਾਂ ਨੂੰ ਵਿਭਾਗ ਵੱਲੋਂ ਜਾਰੀ ਹੁੰਦਾ ਇਤਰਾਜ ਨਹੀਂ ਸਰਟੀਫਿਕੇਟ (ਐਨ.ਓ.ਸੀ) 15 ਦਿਨਾਂ ਦੇ ਵਿਚ-ਵਿਚ ਜਾਰੀ ਕੀਤਾ ਜਾਵੇ।ਉਨਾਂ ਕਿਹਾ ਕਿ ਬੋਰਡ ਸਨਅਤਕਾਰਾਂ ਦੀ ਹਰ ਜਾਇਜ਼ ਮੰਗ ਪੂਰੀ ਕਰਨ ਲਈ ਤਿਆਰ ਹੈ, ਪਰ ਪੰਜਾਬ ਦੇ ਵਾਤਾਵਰਣ ਨਾਲ ਕੋਈ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਉਨਾਂ ਕਿਹਾ ਕਿ ਤੁਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਓ ਤਾਂ ਜੋ ਕੋਈ ਸਰਕਾਰੀ ਅਧਿਕਾਰੀ ਤਹਾਨੂੰ ਤੰਗ ਨਾ ਕਰੇ।ਉਨਾਂ ਕਿਹਾ ਕਿ ਜੇਕਰ ਰਾਜ ਦਾ ਸਨਅਤਾਰ ਅਤੇ ਵਪਾਰੀ ਖੁਸ਼ ਨਹੀਂ ਤਾਂ ਕੋਈ ਵੀ ਖੁਸ਼ ਨਹੀਂ ਰਹਿ ਸਕਦਾ, ਕਿਉਂਕਿ ਤਰੱਕੀ ਦਾ ਧੁਰਾ ਹੀ ਸਨਅਤ ਹੈ।
ਪੰਜਾਬ ਭਰ ਦੀਆਂ ਸਨਅਤ ਅਤੇ ਵਪਾਰੀ ਐਸੋਸੀਏਸ਼ਨਾਂ ਵੱਲੋਂ ਸੰਬੋਧਨ ਕਰਦੇ ਪਿਆਰੇ ਲਾਲ ਸੇਠ ਨੇ ਕਿਹਾ ਕਿ ਓ.ਪੀ ਸੋਨੀ ਦੇ ਕੈਬਨਿਟ ਮੰਤਰੀ ਬਣਨ ਨਾਲ ਸਨਅਤ ਨੂੰ ਵੱਡਾ ਹੁੰਗਾਰਾ ਮਿਲੇਗਾ, ਕਿਉਂਕਿ ਸੋਨੀ ਸਨਅਤਕਾਰਾਂ ਦੇ ਮਸਲਿਆਂ ਨੂੰ ਚੰਗੀ ਤਰਾਂ ਸਮਝਦੇ ਹਨ।ਉਨਾਂ ਕਿਹਾ ਕਿ ਪੰਜਾਬ ਦੇ ਵਪਾਰੀ ਤੇ ਸਨਅਤ ਵਰਗ ਨੂੰ ਵੱਡਾ ਉਤਸ਼ਾਹ ਸੋਨੀ ਦੇ ਮੰਤਰੀ ਬਣਨ ਨਾਲ ਮਿਲਿਆ ਹੈ ਅਤੇ ਮਹਿਸੂਸ ਹੋਇਆ ਹੈ ਕਿ ਹੁਣ ਇੰਨਾਂ ਦੀ ਸਾਰ ਲੈਣ ਵਾਲਾ ਨੇਤਾ ਆ ਗਿਆ ਹੈ।
ਇਸ ਮੌਕੇ ਵਿਕਾਸ ਸੋਨੀ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ, ਸੰਤੋਖ ਸਿੰਘ, ਸੰਜੀਵ ਮਹਿਰਾ, ਨਰਿੰਦਰ ਸੂਰੀ, ਤਜਿੰਦਰ ਸਿੰਘ ਬੱਬੂ, ਕਾਂਤੀ ਲਾਲ ਜੈਨ ਤੋਂ ਇਲਾਵਾ ਸਨਅਤ ਅਤੇ ਵਪਾਰ ਦੀਆਂ 34 ਐਸੋਸੀਏਸ਼ਨਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media
