ਭੀਖੀ, 27 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਅਗਾਂਹਵਧੂ ਵਿਦਿਆਰਥੀ ਲਹਿਰ ਦੇ ਮੋਹਰੀ ਆਗੂ ਅਤੇ ਪ੍ਰਗਤੀਵਾਦੀ ਪੰਜਾਬੀ ਕਵਿਤਾ ਉਪਰ ਖੋਜ ਕਰਨ ਵਾਲੇ ਬਲਜਿੰਦਰ ਰਿਸ਼ੀ ਦੀ ਯਾਦ ਵਿੱਚ ਨੇੜਲੇ ਪਿੰਡ ਖੀਵਾ ਕਲਾਂ ਵਿਖੇ ਨਵ ਉਸਾਰੀ ਲਾਇਬ੍ਰੇਰੀ ਦਾ ਉਦਘਾਟਨ ਡਾਕਟਰ ਤੇਜਵੰਤ ਸਿੰਘ ਮਾਨ ਤੇ ਲੈਕਚਰਾਰ ਸੰਤੋਸ਼ ਵਲੋਂ ਕੀਤਾ ਗਿਆ। ਇਸ ਮੌਕੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰੈਡੀਕਲ ਪੀਪਲਜ਼ ਫੋਰਮ ਦੇ ਕਨਵੀਨਰ ਸੁਖਦਰਸ਼ਨ ਨੱਤ, ਆਰ.ਐਮ.ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਅਜੀਤ ਦੇ ਸਹਿ ਸੰਪਾਦਕ ਬਲਜੀਤ ਸਿੰਘ ਬੁੱਟਰ, ਰਿਸ਼ੀ ਦੈ ਨੇੜਲੇ ਸਾਥੀ ਹਰਭਗਵਾਨ ਭੀਖੀ, ਪ੍ਰਸਿੱਧ ਅਲੋਚਕ ਡਾਕਟਰ ਅਰਵਿੰਦਰ ਕੌਰ ਕਾਕੜਾ ਡਿਪਟੀ ਡੀ.ਈ.ਓ ਜਗਦੇਵ ਭਾਰਤੀ, ਹੈਡ ਮਾਸਟਰ ਗੁਰਜੰਟ ਸਿੰਘ ਲੈਕਚਰ ਮੈਡਮ ਸੰਤੋਸ਼ ਤੇ ਡਾ. ਗੁਰਤੇਜ ਖੀਵਾ ਨੇ ਮਹਿਰੂਮ ਬਲਜਿੰਦਰ ਰਿਸ਼ੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਪ੍ਰਗਤੀਵਾਦੀ ਵਿਚਾਰਧਾਰਾ ਤੇ ਵਿਕਾਸਮਈ ਸਮਾਜਿਕ ਬਰਾਬਰਤਾ ਦਾ ਹਾਮੀ ਸੀ, ਜਿਸ ਨੇ ਆਪਣੇ ਸਮੁੱਚੇ ਜੀਵਨ ਨੂੰ ਇਸ ਅਗਾਂਹਵਧੂ ਸੋਚ ਦੇ ਲੇਖੇ ਲਾਇਆ।ਉਨ੍ਹਾਂ ਕਿਹਾ ਬਲਜਿੰਦਰ ਰਿਸ਼ੀ ਦੀ ਯਾਦ ਵਿੱਚ ਲਾਇਬ੍ਰੇਰੀ ਸਥਾਪਤ ਕਰਨੀ ਸਮਾਜ ਨੂੰ ਸਿਰਫ ਅੱਗੇ ਲੈ ਕੇ ਜਾਣਾ ਨਹੀਂ ਬਲਕਿ ਗੰਦੇ ਸੱਭਿਆਚਾਰ ਰਾਹੀਂ ਨੌਜਵਾਨ ਪੀੜ੍ਹੀ ਦੀ ਦੂਸ਼ਿਤ ਕੀਤੀ ਜਾ ਰਹੀ ਸੋਚ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਵੱਡਾ ਹੰਭਲਾ ਹੈ। ਬੁਲਾਰਿਆਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸੱਭਿਅਕ ਤੇ ਉਸਾਰੂ ਸਮਾਜ ਦੀ ਸਿਰਜਣਾ ਲਈ ਨੌਜਵਾਨ ਪੀੜੀ ਨੂੰ ਪ੍ਰਗਤੀਵਾਦੀ ਸਾਹਿਤ ਨਾਲ ਜੋੜਿਆ ਜਾਵੇ।ਉਨ੍ਹਾਂ ਰਿਸ਼ੀ ਦੀ ਯਾਦ ਵਿੱਚ ਬਣੀ ਲਾਇਬ੍ਰੇਰੀ ਨੂੰ ਮਾਲਵੇ ਦੀ ਬੇਹਤਰ ਲਾਇਬ੍ਰੇਰੀ ਬਣਾਉਣ ਦਾ ਵਾਅਦਾ ਕੀਤਾ।
ਸਮਾਗਮ ਦੌਰਾਨ ਬਲਜਿੰਦਰ ਰਿਸ਼ੀ ਦੀਆਂ ਪੁਸਤਕਾਂ ਪ੍ਰਗਤੀਵਾਦੀ ਕਵਿਤਾ ਦਾ ਸੁਹਜ ਸਾਸ਼ਤਰੀ ਅਧਿਐਨ ਤੇ ਪੰਜਾਬੀ ਕਾਵਿ ਦੇ ਅਣਪਛਾਤੇ ਨਕਸ਼ ਰੀਲੀਜ਼ ਕਰਨ ਸਮੇਤ ਰਿਸ਼ੀ ਦੀ ਬੇਟੀ ਸਾਰਾ ਤੇ ਪੜ੍ਹਾਈ ਤੇ ਖੇਡਾਂ ਵਿੱਚ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਲੰਮਾ ਸਮਾਂ ਚੱਲੇ ਸਮਾਗਮ ਦੌਰਾਨ ਪੀਪਲਜ਼ ਥੀਏਟਰ ਲਹਿਰਾਗਾਗਾ ਦੀ ਟੀਮ ਵੱਲੋਂ ਸੈਮੂਅਲ ਜੋਹਨ ਦੀ ਨਿਰਦੇਸ਼ਨਾ ਹੇਠ ਸ਼ੇਰ ਤੇ ਗਧਾ ਨਾਟਕ ਪੇਸ਼ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਛੱਜੂ ਰਾਮ ਰਿਸ਼ੀ, ਮਾਸਟਰ ਬਲਵਿੰਦਰ ਸਿੰਘ, ਐਡਵੋਕੇਟ ਮੰਗਤ ਗੋਇਲ, ਪ੍ਰਿੰਸੀਪਲ ਰਜੇਸ਼ ਖੰਨਾ, ਪ੍ਰਿੰਸੀਪਲ ਕਰਮਜੀਤ ਸਿੰਘ, ਮੈਡਮ ਪੁਸ਼ਪਿੰਦਰ ਕੌਰ, ਡਾਕਟਰ ਸੁਨੀਲ, ਅਮਰਜੀਤ ਸ਼ਰਮਾ ਸਰਪੰਚ, ਡਾਕਟਰ ਪਰਗਟ ਸਿੰਘ, ਅਵਤਾਰ ਸਿੰਘ ਤਾਰੀ, ਬਲਜੀਤ ਰਿਸ਼ੀ, ਲਾਲ ਚੰਦ ਸਰਦੂਲਗੜ੍ਹ, ਪਰਦੀਪ ਗੁਰੂ, ਅਮਰੀਕ ਫਫੜੇ, ਜਸਪਾਲ ਖੋਖਰ, ਕੇਵਲ ਸਿੰਘ, ਅਮਰੀਕ ਸਮਾਓ, ਮਾਸਟਰ ਅੰਮ੍ਰਿਤ, ਜਨਕ ਸਿੰਘ, ਲਾਲ ਸਿੰਘ, ਇਕਬਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਬੁੱਧੀਜੀਵੀ ਅਗਾਂਹਵਧੂ ਲੋਕ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media