ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) – ਗਰਮੀ ਰੁੱਤ ਦੇ ਮਾਹਾਂ ਦੀ ਕਾਸ਼ਤ ਕਰਕੇ ਕਿਸਾਨ ਜਿਥੇ ਵਧੇਰੇ ਆਮਦਨ ਲੈ ਸਕਦੇ ਹਨ, ਉਥੇ ਜਮੀਨ ਦੀ ਸਿਹਤ ਵੀ ਸਧਾਰੀ ਜਾ ਸਕਦੀ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਅੰਦੋਈ ਵਿੱਚ ਅਗਾਂਹਵਧੂ ਕਿਸਾਨ ਰਾਮ ਕਿਸ਼ਨ, ਦੇ ਖੇਤਾਂ ਵਿੱਚ ਮਨਾਏ ਖੇਤ ਦਿਵਸ ਮੌਕੇ ਇਕੱਤਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ।ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ ਦੇ ਪ੍ਰਬੰਧਾਂ ਹੇਠ ਗਰਮੀ ਰੁੱਤ ਦੇ ਮਾਂਹਾਂ ਦੀ ਫਸਲ ਤੇ ਮਨਾਏ ਖੇਤ ਦਿਵਸ ਮੌਕੇ ਸ਼ਿਵ ਦਾਸ, ਜਸਵੰਤ, ਰਾਮ ਲਾਲ, ਰਾਜੇਸ਼ ਕੁਮਾਰ, ਰਣਜੋਧ ਕੁਮਾਰ, ਸੰਸਾਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਦਾਲਾਂ ਮਨੁੱਖੀ ਖੁਰਾਕ ਦਾ ਬਹੁਤ ਹੀ ਜ਼ਰੁਰੀ ਹਿੱਸਾ ਹਨ।ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫਸਲ਼ੀ ਚੱਕਰ ਅਪਨਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ।ਉਨਾਂ ਕਿਹਾ ਕਿ ਦਾਲਾਂ ਦੀ ਵਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਦਾਲਾਂ ਹੇਠ ਰਕਬਾ ਵਦਾਇਆ ਜਾਣਾ ਚਾਹੀਦਾ ਹੈ।ਜੇਕਰ ਉਦਮੀ ਕਿਸਾਨ ਮਾਹਾਂ ਦੀ ਪੈਦਾਵਾਰ ਨੂੰ ਖੁਦ ਇੱਕ ਕਿਲੋ ਤੋਂ ਪੰਜ ਕਿਲੋ ਤੱਕ ਦੀ ਪੈਕਿੰਗ ਕਰਕੇ ਕਿਸਾਨ ਬਾਜ਼ਾਰ ਰਾਹੀਂ ਖਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਤਾਂ ਹੋਰ ਫਾਇਦਾ ਲਿਆ ਜਾ ਸਕਦਾ।ਉਨਾਂ ਕਿਹਾ ਕਿ ਗਰਮੀ ਰੁੱਤ ਦੇ ਮਾਹਾਂ ਦੀ ਕਾਸ਼ਤ ਕਮਾਦ ਦੀ ਫਸਲ ਵਿੱਚ ਅੰਤਰ ਫਸਲ ਵੱਜੋਂ ਵੀ ਕੀਤੀ ਜਾ ਸਕਦੀ ਹੈ।ਗਰਮੀ ਰੁੱਤ ਦੇ ਮਾਹਾਂ ਦੀ ਕਾਸਤ ਕਰਕੇ ਕਿਸਾਨ ਜਿਥੇ ਵਧੇਰੇ ਆਮਦਨ ਲੈ ਸਕਦੇ ਹਨ, ਉਥੇ ਜਮੀਨ ਦੀ ਸਿਹਤ ਵੀ ਸਧਾਰੀ ਜਾ ਸਕਦੀ ਹੈ।ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਲਗਾਤਾਰ ਗਿਰਾਵਟ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਲਵਾਈ ਦੀ ਮਿਤੀ 20 ਜੂਨ ਮਿਥੀ ਗਈ ਹੈ, ਇਸ ਲਈ ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਹੀ ਕੀਤੀ ਜਾਵੇ।ਅਗਾਂਹਵਧ ਕਿਸਾਨ ਰਾਮ ਕਿਸ਼ਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਸ ਇਲਾਕੇ ਵਿੱਚ ਕਈ ਕਿਸਾਨਾਂ ਨੇ ਟਿਊਬਵੈਲਾਂ ਦੇ ਬੋਰ ਕਰਵਾਏ ਹੋਏ ਹਨ ਪਰ ਕੁਨੈਕਸ਼ਨ ਨਾਂ ਮਿਲਣ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਢੀ ਇਲਾਕੇ ਵਿੱਚ ਟਿਊਬਵੈਲਾਂ ਦੇ ਕੁਨੈਕਸ਼ਨ ਦਿੱਤੇ ਜਾਣ ਜਾਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਟਿਊਬਵੈਲ ਮੁਹੱਈਆ ਕਰਵਾਏ ਜਾਣ।