ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਸਾਲਾਨਾ ਕਨਵੋਕੇਸ਼ਨ ਅੱਜ 31 ਮਈ ਨੂੰ
ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਵੇਰੇ 10.45 ਵਜੇ ਕਰਵਾਈ ਜਾ ਰਹੀ ਹੈ।ਦਸਮੇਸ਼ ਆਡੀਟੋਰੀਅਮ ਵਿਖੇ ਕਨਵੋਕੇਸ਼ਨ ਦੀ ਰਿਹਰਸਲ ਕਰਵਾਈ ਗਈ ਜਿਸ ਵਿਚ ਡਿਗਰੀ ਅਤੇ ਮੈਡਲ ਲੈਣ ਵਾਲਿਆ ਨੇ ਭਾਗ ਲਿਆ।ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨਵੋਕੇਸ਼ਨ ਦੀ ਪ੍ਰਧਾਨਗੀ ਪੰਜਾਬ ਦੇ ਗਵਰਨਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ਼੍ਰੀ ਵੀ.ਪੀ. ਸਿੰਘ ਬਦਨੌਰ ਕਰਨਗੇ ਅਤੇ ਭਾਰਤ ਸਰਕਾਰ ਦੇ ਮਾਨਯੋਗ ਮਨੁੱਖੀ ਸਰੋਤ ਵਿਕਾਸ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਇਸ ਮੌਕੇ ਮੁੱਖ ਮਹਿਮਾਨ ਹੋਣਗੇ।ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਯੂਨੀਵਰਸਿਟੀ ਦੇ ਚਾਂਸਲਰ ਤੇ ਗਵਰਨਰ ਪੰਜਾਬ, ਮਾਨਯੋਗ ਮੰਤਰੀ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ। ਇਸ ਮੌਕੇ ਭਾਰਤ ਦੇ ਸਾਬਕਾ ਚੀਫ ਜਸਟਿਸ, ਜਸਟਿਸ (ਰਿਟਾ.) ਜਗਦੀਸ਼ ਸਿੰਘ ਖੇਹਰ ਅਤੇ ਭਾਰਤੀ ਸੈਨਾ ਦੇ ਸਾਬਕਾ ਚੀਫ, ਜਨਰਲ (ਰਿਟਾ.) ਬਿਕਰਮ ਸਿੰਘ ਨੂੰ ਉਨ੍ਹਾਂ ਦੀ ਸਖਸ਼ੀਅਤ ਅਤੇ ਪ੍ਰਾਪਤੀਆਂ ਸਦਕਾ ਆਨਰੇਰੀ ਡਿਗਰੀਆਂ ਪ੍ਰਦਾਨ ਕਰਕੇ ਸਨਮਾਨਿਤ ਵੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਗਵਰਨਰ ਅਤੇ ਮਾਨਯੋਗ ਮੰਤਰੀ ਅਤੇ ਵਾਈਸ ਚਾਂਸਲਰ ਇਸ ਮੌਕੇ ਸਕਾਲਰਜ਼ ਅਤੇ ਅਵਲ ਰਹਿਣ ਵਾਲੇ ਲੱਗ-ਭੱਗ 900 ਵਿਦਿਆਰਥੀਆਂ ਨੂੰ ਪੀ.ਐਚ.ਡੀ, ਐਮ.ਫਿਲ, ਐਮ.ਟੈਕ. ਐਲ.ਐਲ.ਐਮ, ਐਸ.ਐਸ.ਸੀ, ਐਮ.ਬੀ.ਏ, ਐਮ.ਬੀ.ਈ, ਐਮ.ਕਾਮ ਐਮ.ਏ, ਬੀ.ਟੈਕ, ਬੀ.ਐਸ.ਸੀ, ਐਲ.ਐਲ.ਬੀ, ਬੀ.ਸੀ.ਏ, ਬੀ.ਬੀ.ਏ, ਬੀ.ਕਾਮ ਅਤੇ ਬੀ.ਏ ਆਦਿ ਦੀਆਂ ਡਿਗਰੀਆਂ ਅਤੇ ਮੈਡਲਜ਼ ਨਾਲ ਸਨਮਾਨਿਤ ਕਰਨਗੇ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media