Sunday, June 15, 2025
Breaking News

9500 ਤੋਂ ਵੱਧ ਚਲਾਣ ਕੱਟ ਕੇ ਸਵਾ 5 ਲੱਖ ਰੁਪਏ ਦਾ ਜ਼ੁਰਮਾਨਾ ਵਸੂਲਿਆ- ਡਾ. ਸੁਰਿੰਦਰ ਸਿੰਗਲਾ

ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਲਿਆ ਤੰਬਾਕੂ ਦੇ ਖਾਤਮੇ ਦਾ ਪ੍ਰਣ

PPN3106201809ਧੂਰੀ, 31 ਮਈ (ਪੰਜਾਬ ਪੋਸਟ- ਪਰਵੀਨ ਗਰਗ) – ਤੰਬਾਕੂ ਕਾਰਨ ਕੈਂਸਰ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ, ਸਾਹ ਦੀ ਬਿਮਾਰੀਆਂ, ਨਿਮੋਨੀਆ, ਨਿਪੁੰਨਸਕਤਾ, ਦਿਲ ਦੇ ਰੋਗ, ਵਾਰ-ਵਾਰ ਗਰਭਪਾਤ, ਮਰੇ ਬੱਚੇ ਦਾ ਜਨਮ, ਦਿਮਾਗੀ ਬਿਮਾਰੀਆਂ ਆਦਿ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।ਇਸ ਲਈ ਇਹ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀ ਮਿਲ ਕੇ ਸਮਾਜ ਨੂੰ ਤੰਬਾਕੂ ਦੇ ਮੰਦੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਤੰਬਾਕੂ ਵਿਰੋਧੀ ਐਕਟ ਕੋਟਪਾ ਦੀ ਪਾਲਣਾ ਕਰੀਏ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਕਮ ਸਹਾਇਕ ਸਿਵਲ ਸਰਜਨ ਸੰਗਰੂਰ ਡਾ. ਸੁਰਿੰਦਰ ਸਿੰਗਲਾ ਨੇ ਰੋਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਕੀਤੇ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੀਤਾ।ਸਮਾਗਮ ਦੌਰਾਨ ਤੰਬਾਕੂ ਦੇ ਖਾਤਮੇ ਲਈ ਪ੍ਰਣ ਵੀ ਲਿਆ ਗਿਆ।
ਡਾ. ਸੁਰਿੰਦਰ ਸਿੰਗਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਟਪਾ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲਗਾਤਾਰ ਚਲਾਣ ਕੱਟੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕੋਟਪਾ ਦੀ ਉਲੰਘਣਾ ਤਹਿਤ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿੱਚ 9,500 ਤੋਂ ਵੱਧ ਚਲਾਣ ਕੱਟ ਕੇ ਸਵਾ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਵਸੂਲ ਕੀਤਾ ਜਾ ਚੁੱਕਾ ਹੈ।ਡਾ. ਸਿੰਗਲਾ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿੱਚ 12 ਤੋਂ 15 ਫ਼ੀਸਦ ਪੰਜਾਬੀ ਤੰਬਾਕੂ ਦੀ ਜਕੜ ਵਿੱਚ ਹਨ ਅਤੇ 35 ਤੋਂ 40 ਲੱਖ ਪੰਜਾਬੀ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰ ਰਹੇ ਹਨ।ਡਾ. ਸਿੰਗਲਾ ਨੇ ਦੱਸਿਆ ਕਿ ਤੰਬਾਕੂ ਸਦਕਾ ਸਮੁੱਚੇ ਭਾਰਤ ਵਿੱਚ ਰੋਜ਼ਾਨਾ 3500 ਲੋਕਾਂ ਦੀ ਮੌਤ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਮੂੰਹ ਦਾ 90 ਫੀਸਦ ਕੈਂਸਰ ਤੰਬਾਕੂ ਕਾਰਨ ਹੁੰਦਾ ਹੈ ਅਤੇ ਕੁੱਲ ਕੈਂਸਰ ਦੇ ਕੇਸਾਂ ਵਿੱਚੋਂ 40 ਫੀਸਦ ਕੇਸ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਕਾਰਨ ਤੰਬਾਕੂ ਹੁੰਦਾ ਹੈ।ਡਾ. ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ ਕਿਸੇ ਹੋਰ ਦੀ ਬੀੜੀ ਜਾ ਸਿਗਰੇਟ ਤੋਂ ਆਉਣ ਵਾਲੇ ਧੂੰਏ ਨੂੰ ਸਹਿਣ ਕਰਨਾ ਸੈਂਕਿੰਡ ਹੈਂਡ ਸਮੋਕਿੰਗ ਕਹਿਲਾਉਂਦਾ ਹੈ।ਸੈਂਕਿੰਡ ਹੈਂਡ ਸਮੋਕਿੰਗ (ਪੈਸਿਵ ਸਮੋਕਿੰਗ) ਸਿਗਰੇਟ ਨਾ ਪੀਣ ਵਾਲੇ ਵਿਅਕਤੀਆਂ ਅਤੇ ਬੱਚਿਆਂ ਸਭ ਨੂੰ ਨੁਕਸਾਨ ਪਹੁੰਚਾਉਂਦਾ ਹੈ।ਉਨ੍ਹਾਂ ਸਿਗਰੇਟ ਅਤੇ ਤੰਬਾਕੂ ਪ੍ਰੋਡਕਟਸ ਐਕਟ-2003 (ਕੋਟਪਾ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨੂੰਨ ਦੀ ਧਾਰਾ-4 ਅਨੁਸਾਰ ਕੋਈ ਵੀ ਵਿਅਕਤੀ ਜਨਤਕ ਥਾਂ `ਤੇ ਸਿਗਰਟਨੋਸ਼ੀ ਨਹੀਂ ਕਰ ਸਕਦਾ, ਜਿਸ ਦੀ ਉਲੰਘਣਾ ਕਰਨ `ਤੇ 200 ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਧਾਰਾ 5 ਜਿਸ ਤਹਿਤ ਤੰਬਾਕੂ ਉਤਪਾਦਾਂ ਦੀ ਬੋਰਡ, ਟੀ.ਵੀ ਫਿਲਮ, ਪਰਚੇ ਜਾਂ ਹੋਰਡਿੰਗ ਰਾਹੀਂ ਇਸ਼ਤਿਹਾਰਬਾਜ਼ੀ ਦੀ ਮਨਾਹੀ ਕੀਤੀ ਗਈ ਹੈ, ਦੀ ਉਲੰਘਣਾ ਕਰਨ `ਤੇ 5 ਸਾਲ ਦੀ ਕੈਦ ਅਤੇ/ਜਾਂ 5000 ਜ਼ੁਰਮਾਨਾ ਹੋ ਸਕਦਾ ਹੈ।ਧਾਰਾ 6 ਏ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਦੀ ਵਿਕਰੀ ਦੀ ਮਨਾਹੀ ਹੈ, ਜਿਸ ਦੀ ਉਲੰਘਣਾ `ਤੇ 200 ਰੁਪਏ ਤੱਕ ਜ਼ੁਰਮਾਨਾ ਹੋ ਸਕਦਾ ਹੈ।ਧਾਰਾ 6 ਬੀ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਤਹਿਤ ਵਿਦਿਅਕ ਸੰਸਥਾ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ, ਜਿਸ ਦੀ ਪਾਲਣਾ ਨਾ ਕਰਨ `ਤੇ ਦੋਸ਼ੀ ਨੂੰ 200 ਰੁਪਏ ਤੱਕ ਦਾ ਜ਼ੁਰਮਾਨਾ ਹੁੰਦਾ ਹੈ।ਕੋਟਪਾ ਦੀ ਧਾਰਾ 7 ਤਹਿਤ ਸਿਗਰਟ/ਬੀੜੀ ਦੇ ਪੈਕ ਦੇ 85 ਫੀਸਦ ਹਿੱਸੇ ਉੱਤੇ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਸਬੰਧੀ ਤਸਵੀਰ ਵਾਲੀ ਚਿਤਾਵਨੀ ਲਾਜ਼ਮੀ ਹੈ।
ਇਸ ਮੌਕੇ ਨਵਪ੍ਰੀਤ ਕੌਰ, ਪ੍ਰੀਤਿਕਾ, ਪ੍ਰਗਤੀ, ਹਰਲੀਨ ਕੌਰ ਅਤੇ ਨਤੀਗਿਆ ਵਿਦਿਆਰਥਣਾਂ ਵੱਲੋਂ ਤੰਬਾਕੂ ਸਬੰਧੀ ਲੈਕਚਰ ਦਿੱਤੇ ਅਤੇ ਰਵਨੀਤ ਕੌਰ, ਹਰਮਨਪ੍ਰੀਤ ਕੌਰ, ਚੰਨਪ੍ਰੀਤ ਕੌਰ ਅਤੇ ਅਮਨਦੀਪ ਕੌਰ ਨੂੰ ਸਲੋਗਨ ਮੁਕਾਬਲਿਆਂ ਸਬੰਧੀ ਸਨਮਾਨਤ ਕੀਤਾ ਗਿਆ।ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਧੂ ਸ਼ਰਮਾ ਅਤੇ ਵਾਇਸ ਪ੍ਰਿਸ਼ੀਪਲ ਦਿਵਯਾ ਪੰਡਿਤ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਅਤੇ ਐਸ.ਐਮ.ਓ ਧੂਰੀ ਡਾ. ਗੁਰਸ਼ਰਨ ਸਿੰਘ ਨੇ ਧੰਨਵਾਦ ਕੀਤਾ।ਇਸ ਮੋਕੇ ਹੋਰਨਾ ਤੋਂ ਇਲਾਵਾ ਡਾ ਪ੍ਰਗਟ ਸਿੰਘ ਨੋਡਲ ਅਫਸਰ ਧੂਰੀ, ਡਾ. ਅਮਨਪ੍ਰੀਤ ਸਿੰਘ ਨੋਡਲ ਅਫਸਰ, ਵਿਕਰਮ ਸਿੰਘ ਇੰਚਾਰਜ ਮਾਸ ਮਿਡੀਆ ਸੈੱਲ ਸੰਗਰੂਰ ਅਤੇ ਹਰਦੀਪ ਸਿੰਘ ਬਰੜਵਾਲ ਐਮ.ਪੀ.ਐਚ ਡਲਲਿਓ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply