
ਅੰਮ੍ਰਿਤਸਰ, 12 ਅਗਸਤ (ਪ੍ਰੀਤਮ ਸਿੰਘ) – ਉੱਘੇ ਅਰਥਸ਼ਾਸਤਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕਨਾਮਿਕਸ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ, ਡਾ. ਸ਼ਰਨਜੀਤ ਸਿੰਘ ਢਿੱਲੋਂ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਰਜਿਸਟਰਾਰ ਡਾ. ਇੰਦਰਜੀਤ ਸਿੰਘ ਦੇ ਰਜਿਸਟਰਾਰ ਵਜੋਂ 14 ਅਗਸਤ ਨੂੰ ਸੇਵਾਮੁਕਤ ਹੋਣ ਉਪਰੰਤ ਆਪਣਾ ਕਾਰਜ ਸੰਭਾਲਣਗੇ।
ਰਜਿਸਟਰਾਰ ਵਜੋਂ ਉਨ੍ਹਾਂ ਦੀ ਇਸ ਨਿਯੁਕਤੀ ਨੂੰ ਅੱਜ ਇਥੇ ਹੋਈ ਸਿੰਡੀਕੇਟ ਮੀਟਿੰਗ ਵਿਚ ਪ੍ਰਵਾਨ ਕਰ ਲਿਆ ਗਿਆ। ਡਾ. ਸ਼ਰਨਜੀਤ ਸਿੰਘ ਢਿੱਲੋਂ 30 ਸਾਲਾਂ ਤੋਂ ਅਧਿਆਪਨ ਅਤੇ ਖੋਜ ਦੇ ਖੇਤਰ ਵਿਚ ਕਾਰਜਸ਼ੀਲ਼ ਹਨ। ਉਹ ਯੂਨੀਵਰਸਿਟੀ ਦੇ ਵਿੱਤ ਤੇ ਵਿਕਾਸ ਦੇ ਪ੍ਰੋਫੈਸਰ ਇੰਚਾਰਜ ਦੇ ਅਹੁਦੇ ‘ਤੇ ਵੀ ਕੰਮ ਕਰ ਚੁੱਕੇ ਹਨ। ਡਾ. ਢਿੱਲੋਂ ਦੀ ਇਕਨਾਮਿਕਸ ਆਫ ਡਿਵੈਲਪਮੈਂਟ, ਹਿਊਮਨ ਰਿਸੋਰਸ ਡਿਵੈਲਪਮੈਂਟ, ਇੰਟਰਨੈਸ਼ਨਲ ਫਾਈਨਾਂਸ ਐਂਡ ਐਗਰੀਕਲਚਰਲ ਇਕਨਾਮਿਕਸ ਵਿਚ ਵਿਸ਼ੇਸ਼ਤਾ ਹੈ। ਉਨ੍ਹਾਂ ਵੱਲੋਂ 60 ਖੋਜ ਪਰਚੇ ਦੇਸ਼ ਅਤੇ ਵਿਦੇਸ਼ ਵਿਚ ਪੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ 80 ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕਾਨਫਰੰਸ ਤੇ ਸੈਮੀਨਾਰ ਵਿਚ ਸ਼ਮੂਲੀਅਤ ਕੀਤੀ ਹੈ।ਡਾ. ਢਿੱਲੋਂ ਪੰਜ ਖੋਜਾਰਥੀਆਂ ਨੂੰ ਪੀ.ਐਚ.ਡੀ. ਅਤੇ 42 ਖੋਜਾਰਥੀਆਂ ਨੂੰ ਐਮ. ਫਿਲ, ਕਰਵਾ ਚੁੱਕੇ ਹਨ ਅਤੇ ਅੱਠ ਖੋਜਾਰਥੀ ਪੀ.ਐਚ.ਡੀ. ਕਰ ਰਹੇ ਹਨ। ਉਨ੍ਹਾਂ ਨੇ ਆਈ.ਆਈ.ਟੀ. ਰੁੜਕੀ ਤੋਂ ਇਲਾਵਾ ਹੋਰ ਬਹੁਤ ਸਾਰੇ ਅਦਾਰਿਆਂ ਵਿਚ ਵਿਸ਼ੇਸ਼ ਭਾਸ਼ਣ ਦਿੱਤੇ ਹਨ। ਉਹ ਹੁਣ ਤਕ 9 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ, ਵਰਕਸ਼ਾਪ ਅਤੇ ਰਿਫਰੈਸ਼ਰ ਕੋਰਸਾਂ ਦੇ ਕੋਆਰਡੀਨੇਟਰ ਵਜੋਂ ਕਾਰਜ ਕਰ ਚੁੱਕੇ ਹਨ। ਪ੍ਰੋ. ਢਿੱਲੋਂ ਯੂਨੀਵਰਸਿਟੀ ਦੇ ਸੈਨੇਟ ਦੇ ਮੈਂਬਰ ਵੀ ਲਗਾਤਾਰ ਦੋ ਵਾਰੀ (2008-2012) ਰਹੇ ਹਨ। ਉਹ ਇੰਡੀਅਨ ਇਕਨਾਮਿਕਸ ਸੋਸਾਇਟੀ, ਇੰਡੀਅਨ ਸੋਸਾਇਟੀ ਆਫ ਲੇਬਰ ਇਕਨਾਮਿਕਸ, ਇੰਡੀਅਨ ਸੋਸਾਇਟੀ ਫਾਰ ਐਗਰੀਕਲਚਰ ਡਿਵੈਲਪਮੈਂਟ ਐਂਡ ਪਾਲਿਸੀ, ਇੰਡੀਅਨ ਪੋਲੀਟੀਕਲ ਇਕਾਨਮੀ ਐਸੋਸੀਏਸ਼ਨ, ਇੰਡੀਅਨ ਸੋਸਾਇਟੀ ਆਫ ਐਗਰੀਕਲਚਰ ਇਕਨਾਮਿਕਸ ਦੇ ਵੀ ਲਾਈਫ ਮੈਂਬਰ ਹਨ। ਉਹ ਇੰਡੀਅਨ ਜਰਨਲ ਆਫ ਕੁਆਂਟੀਟੇਟਿਵ ਇਕਨਾਮਿਕਸ ਅਤੇ ਪੰਜਾਬ ਸਕੂਲ ਆਫ ਇਕਨਾਮਿਕਸ ਜਰਨਲ ਜਿਹੜੇ ਕਿ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਦੇ ਵੀ ਐਡੀਟਰ ਹਨ। ਇਸ ਤੋਂ ਇਲਾਵਾ ਉਹ ਬਹੁਤ ਸਾਰੀਆਂ ਕਮੇਟੀਆਂ ਅਤੇ ਸੰਸਥਾਵਾਂ ਦੇ ਵੀ ਮੈਂਬਰ ਹਨ।
ਉਹ ਪੰਜਾਬ ਫੈਡਰੇਸ਼ਨ ਆਫ ਕਾਲਜ ਐਂਡ ਯੂਨੀਵਰਸਿਟੀ ਟੀਚਰਜ਼ ਐਂਡ ਅਰਗੇਨਾਈਜ਼ੇਸ਼ਨ ਦੇ ਵੀ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਅਧਿਆਪਕਾਂ ਦੇ ਉਸਾਰੂ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਵੱਲੋਂ ਯੂ.ਜੀ.ਸੀ. ਵੱਲੋਂ ਛੇਵੇਂ ਤਨਖਾਹ ਕਮਿਸ਼ਨ ਅਧੀਨ ਤਨਖਾਹਾਂ ਨੂੰ ਲਾਗੂ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਗਈ। ਡਾ. ਢਿੱਲੋਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਵਲੋਂ ਕਰਜੇ ਕਰਕੇ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਸਬੰਧੀ ਵਿਸ਼ੇਸ਼ ਖੋਜ ਪ੍ਰੋਜੈਕਟ ‘ਤੇ ਵੀ ਰਿਪੋਰਟ ਪੇਸ਼ ਕੀਤੀ। ਇਸ ਪ੍ਰੋਜੈਕਟ ਨੂੰ 2010 ਤੋਂ 2013 ਵਿਚ ਪ੍ਰੋ. ਢਿੱਲੋਂ ਵੱਲੋਂ ਪ੍ਰਿੰਸੀਪਲ ਇਨਵੈਸਟੀਗੇਟਰ ਵਜੋਂ ਕੀਤਾ ਗਿਆ।
Punjab Post Daily Online Newspaper & Print Media