Tuesday, August 11, 2026

ਭਗੋੜੇ ਪੰਜਾਬੀ ਲਾੜਿਆਂ ਦੇ ਪਾਸਪੋਰਟ ਜ਼ਬਤ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

Manjit Singh GKਨਵੀਂ ਦਿੱਲੀ, 13 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਧੀਆਂ ਨੂੰ ਛੱਡ ਕੇ ਭਗੋੜੇ ਹੋਏ ਪੰਜਾਬੀ ਲਾੜਿਆਂ ਦੇ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰਣਾਇਕ ਜੰਗ ਛੇੜ ਦਿੱਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਖੇਤਰੀ ਪਾਸਪੋਰਟ ਦਫ਼ਤਰ, ਚੰਡੀਗੜ੍ਹ ਨੂੰ ਭੇਜੇ ਪੱਤਰ ’ਚ ਭਗੋੜੇ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਹੈ।
    ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਪੰਜਾਬ ਦੀ ਧੀਆਂ ਅੱਜ ਆਪਣੇ ਵਿਦੇਸ਼ਾਂ ’ਚ ਵੱਸਦੇ ਲਾੜਿਆਂ ਦੇ ਵਾਪਸ ਵਤਨ ਨਾ ਪਰਤਣ ਕਰਕੇ ਸਮਾਜਿਕ ਤੌਰ ’ਤੇ ਨਰਕ ਵਰਗੀ ਜਿੰਦਗੀ ਜਿਉਣ ਨੂੰ ਮਜਬੂਰ ਹਨ। ਇਨ੍ਹਾਂ ਦੀ ਮਜਬੂਰੀ ਨੂੰ ਧਿਆਨ ’ਚ ਰੱਖ ਕੇ ਹੀ ਕਮੇਟੀ ਵੱਲੋਂ ਬੀਤੇ ਦਿਨੀਂ ਐਨ.ਆਰ.ਆਈ ਸੈਲ ਦੀ ਸਥਾਪਨਾ ਕੀਤੀ ਗਈ ਸੀ।ਜਿਸ ਉਪਰੰਤ ਪੀੜਿਤ ਲੜਕੀਆਂ ਦੀਆਂ ਸ਼ਿਕਾਇਤਾਂ ਸਾਡੇ ਕੋਲ ਵੱਡੀ ਗਿਣਤੀ ’ਚ ਪੁੱਜਣੀਆਂ ਸ਼ੁਰੂ ਹੋ ਗਈਆਂ।ਕਈ ਮਾਮਲਿਆਂ ’ਚ ਪੀੜਿਤਾਂ ਨੂੰ ਅਦਾਲਤ ਤੋਂ ਕੇਸ ਜਿੱਤਣ ਦੇ ਬਾਵਜੂਦ ਆਪਣੇ ਪਤੀ ਨੂੰ ਵਾਪਸ ਵਤਨ ਲਿਆਉਣ ’ਚ ਕਾਮਯਾਬੀ ਨਹੀਂ ਮਿਲੀ।ਇਸ ਕਰਕੇ ਪੀੜਿਤ ਲੜਕੀਆਂ ਦੇ ਸੰਬੰਧਿਤ ਦਸਤਾਵੇਜਾਂ ਦੇ ਨਾਲ ਕੇਂਦਰੀ ਵਿਦੇਸ਼ ਮੰਤਰੀ ਨੂੰ ਇਸ ਸਬੰਧ ’ਚ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
    ਜੀ.ਕੇ ਨੇ ਕਿਹਾ ਕਿ ਇਸ ਮਾਮਲੇ ’ਚ ਜਾਂਚ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਕੇ ਭਗੋੜੇ ਲਾੜਿਆਂ ਦਾ ਪਾਸਪੋਰਟ ਜ਼ਬਤ ਕਰਨ ਦੇ ਨਾਲ ਹੀ ਉਨ੍ਹਾਂ ਦੀ ਵੀਜ਼ਾ ਮਿਆਦ ਵਧਾਉਣ ਦੀ ਦਿੱਤੀ ਜਾਂਦੀ ਅਰਜੀ ਨੂੰ ਵੀ ਰੱਦ ਕਰਨਾ ਚਾਹੀਦਾ ਹੈ।ਨਾਲ ਹੀ ਭਾਰਤ ਵਾਪਸ ਲਿਆਉਣ ਵਾਸਤੇ ਵਿਦੇਸ਼ਾਂ ’ਚ ਸਥਿਤ ਭਾਰਤੀ ਦੂਤਾਵਾਸਾਂ ਅਤੇ ਖੇਤਰੀ ਪਾਸਪੋਰਟ ਦਫ਼ਤਰਾਂ ’ਚ ਤਾਲਮੇਲ ਨੂੰ ਵਧਾਉਣਾ ਜਰੂਰੀ ਹੈ।
    ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੀ ਧੀਆਂ ਦਾ ਜੀਵਨ ਬਰਬਾਦ ਕਰਨ ਵਾਲੇ ਪਰਿਵਾਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ।ਸਿਰਸਾ ਨੇ ਕਿਹਾ ਕਿ ਦੂਸਰੇ ਦੀ ਧੀਅ ਦਾ ਘਰ ਬਰਬਾਦ ਕਰਨ ਵਾਲੇ ਸਮਾਜ ’ਚ ਇੱਜਤ ਦੀ ਜਿੰਦਗੀ ਜੀਉਣ ਦਾ ਹੱਕ ਨਹੀਂ ਰੱਖਦੇ।ਇਸ ਲਈ ਪੰਜਾਬੀਆਂ ਨੂੰ ਇਸ ਸਮਾਜਿਕ ਬੁਰਾਈ ਦੇ ਪੈਰੋਕਾਰਾਂ ਨੂੰ ਹਕੀਕਤ ਦੇ ਦਰਸ਼ਨ ਕਰਾਉਣੇ ਲਾਜਮੀ ਹਨ।
 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply