ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਜਿਸ ਵਿਚ
ਦੀਰਘ ਵਿਚਾਰਾਂ ਕਰਕੇ ਜੋ ਫੈਸਲੇ ਲਏ ਗਏ ਉਨਾਂ ਵਿੱਚ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਇੱਕ ਪਿੰਡ ਇੱਕ ਗੁਰਦੁਆਰਾ ਕਰਨ ਦਾ ਆਦੇਸ਼ ਹੋਇਆ ਹੈ, ਉਸ ਨੂੰ ਲਾਗੂ ਕਰਵਾਉਣ ਲਈ ਪ੍ਰਧਾਨ ਸ਼ੋ੍ਰਮਣੀ ਗੁ: ਪ੍ਰ: ਕਮੇਟੀ ਅਤੇ ਕੁੱਝ ਇੱਕ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਮੈਂਬਰਾਂ ਵੱਲੋਂ ਇਹ ਕਾਰਜ ਪਹਿਲ ਦੇ ਅਧਾਰ `ਤੇ ਆਰੰਭ ਕੀਤਾ ਗਿਆ ਹੈ।ਇਸ ਨੂੰ ਵੱਡੀ ਪੱਧਰ `ਤੇ ਪ੍ਰਚਾਰਨ ਦੀ ਲੋੜ ਹੈ, ਕਿਉਂਕਿ ਸੰਗਤਾਂ ਵੱਲੋਂ ਇਸ ਕਾਰਜ ਲਈ ਕਾਫੀ ਹੁੰਗਾਰਾ ਦਿੱਤਾ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਨਿਤਾਪ੍ਰਤੀ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ ਜੋ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ।ਜਿਆਦਾਤਰ ਘਟਨਾਵਾਂ ਗ੍ਰੰਥੀ ਸਿੰਘ ਜਾਂ ਗੁਰਦੁਆਰਾ ਕਮੇਟੀ ਦੀ ਅਣਗਹਿਲੀ ਕਾਰਨ ਹੋ ਰਹੀਆਂ ਹਨ।ਇਸ ਲਈ ਜਿਥੇ ਵੀ ਗ੍ਰੰਥੀ ਜਾਂ ਗੁਰਦੁਆਰਾ ਕਮੇਟੀ ਦੀ ਅਣਗਹਿਲੀ ਸਾਹਮਣੇ ਆਵੇਗੀ ਉਸ ਦੀ ਘੋਖ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅੱਗੋਂ ਤੋਂ ਉਸ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਦਿੱਤੇ ਜਾਣਗੇ।ਇਹਨਾਂ ਘਟਨਾਵਾਂ ਦੀ ਰੋਕਥਾਮ ਲਈ ਗੁਰਦੁਆਰਾ ਸਾਹਿਬਾਨਾ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਪਹਿਰੇਦਾਰ ਤਾਇਨਾਤ ਕਰਨੇ ਲਾਜਮੀ ਕਰਾਰ ਦਿੱਤੇ ਜਾਂਦੇ ਹਨ।ਹਲਕਾ ਮੈਂਬਰ ਸ਼ੋ੍ਰਮਣੀ ਗੁ: ਪ੍ਰ: ਕਮੇਟੀ ਅਤੇ ਹਲਕਾ ਪ੍ਰਚਾਰਕ ਆਪਣੇ-ਆਪਣੇ ਹਲਕੇ ਦੇ ਸਮੂਹ ਗੁਰਦੁਆਰਾ ਸਾਹਿਬਾਨਾ ਦਾ ਦੌਰਾ ਕਰ ਕੇ ਉਹਨਾਂ ਵਿਚ ਕਮੀਆਂ ਨੂੰ ਦੂਰ ਕਰਾਉਣ ਲਈ ਗੁਰਦੁਆਰਾ ਕਮੇਟੀਆਂ ਨਾਲ ਸਹਿਯੋਗ ਕਰਨ ਅਤੇ ਗੁਰਦੁਆਰਾ ਸਾਹਿਬਾਨ ਵਿਚ ਕਿੰਨੇ ਪਾਵਨ ਸਰੂਪ ਹਨ ਇਹ ਵੀ ਵੇਰਵਾ ਪ੍ਰਾਪਤ ਕੀਤਾ ਜਾਵੇ।ਜਿਸ ਗੁਰਦੁਆਰਾ ਸਾਹਿਬਾਨ ਵਿਚ ਸੇਵਾਵਾਂ ਨਹੀਂ ਨਿਭਾਈਆਂ ਜਾ ਰਹੀਆਂ ਉਥੋਂ ਪਾਵਨ ਸਰੂਪ ਦੂਜੇ ਗੁਰਦੁਆਰਾ ਸਾਹਿਬਾਨ ਵਿੱਚ ਲਿਜਾਏ ਜਾਣ ਅਤੇ ਇਤਲਾਹ ਧਰਮ ਪ੍ਰਚਾਰ ਕਮੇਟੀ ਵਿਖੇ ਦਿੱਤੀ ਜਾਵੇ।
ਹਰਨੇਕ ਸਿੰਘ ਪੁੱਤਰ ਸੋਹਣ ਸਿੰਘ ਵੱਲੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਬੋਲਣ ਹਿਤ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਤਿੰਨ ਵਾਰ ਬੁਲਾਇਆ ਗਿਆ ਸੀ, ਪਰੰਤੂ ਇਹ ਆਪਣੀ ਹਉਮੈ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਪੇਸ਼ ਨਹੀਂ ਹੋਇਆ।ਇਸ ਲਈ ਪੰਜ ਸਿੰਘ ਸਾਹਿਬਾਨਾ ਵੱਲੋਂ ਵਿਚਾਰਾਂ ਕਰਨ ਉਪਰੰਤ ਹਰਨੇਕ ਸਿੰਘ ਨੂੰ ਖਾਲਸਾ ਪੰਥ ਵਿੱਚੋਂ ਛੇਕਿਆ ਜਾਂਦਾ ਹੈ।ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ, ਕਿ ਹਰਨੇਕ ਸਿੰਘ ਨਾਲ ਕਿਸੇ ਵੀ ਕਿਸਮ ਦਾ ਧਾਰਮਿਕ, ਰਾਜਨਿਤਕ ਅਤੇ ਸਮਾਜਿਕ ਸਬੰਧ ਨਾ ਰੱਖਿਆ ਜਾਵੇ।ਇਸ ਦਾ ਜੋ ਵਿਰਸਾ ਨਾਮਕ ਰੇਡੀਓ ਚੱਲ ਰਿਹਾ ਹੈ, ਸੰਗਤਾਂ ਵੱਲੋਂ ਉਸਨੂੰ ਬੰਦ ਕਰਵਾਉਣ ਵਾਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਵਿਚ ਸਪੀਕਰਾਂ ਦੀ ਅਵਾਜ ਗੁਰੂ ਘਰ ਦੇ ਅੰਦਰ ਹੀ ਰਹਿਣੀ ਚਾਹੀਦੀ ਹੈ।ਅਰਦਾਸ ਸਮੇਂ ਸਪੀਕਰ ਦੀ ਅਵਾਜ ਬੰਦ ਕਰ ਦਿੱਤੀ ਜਾਵੇ।ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਵਧੀਆ ਰਿਹਾਇਸ਼ ਬਣਾ ਕੇ ਦੇਣ ਅਤੇ ਗ੍ਰੰਥੀ ਸਿੰਘਾਂ ਦੀ ਆਰਥਿਕ ਹਾਲਤ ਉਚੀ ਚੁਕਣ ਵੱਲ ਵਿਸ਼ੇਸ਼ ਧਿਆਨ ਦੇਣ।ਗ੍ਰੰਥੀ ਸਿੰਘਾਂ ਨੂੰ ਮਾਣ-ਸਨਮਾਨ ਅਤੇ ਯੋਗ ਸੇਵਾ ਫੱਲ ਦਿੱਤਾ ਜਾਵੇ ਤਾਂ ਜੋ ਗ੍ਰੰਥੀ ਸਿੰਘ ਆਪਣੇ ਪਰਿਵਾਰ ਦਾ ਚੰਗਾ ਪਾਲਣ-ਪੋਸ਼ਣ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰ ਸਕਣ।
ਇਤਿਹਾਸਕ ਸਮਾਧਾਂ ਉਪਰ ਅਖੰਡ ਪਾਠ ਕਰਨ ਸਬੰਧੀ ਸ਼ਿਕਾਇਤਾ ਪੁੱਜ ਰਹੀਆਂ ਹਨ, ਜਿਸ ਲਈ ਬਹੁਤ ਛੇਤੀ ਇੱਕ ਕਮਟੀ ਗਠਿਤ ਕੀਤੀ ਜਾਵੇਗੀ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media