ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸੰਗਮ ਵਲੋਂ `ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੀ ਲੜੀ ਤਹਿਤ ਸ੍ਰੀਮਤੀ ਜਗੀਰ ਕੌਰ ਮੀਰਾਂਕੋਟ ਦੀ ਨਵ-ਪ੍ਰਕਾਸ਼ਿਤ ਕਥਾ-ਪੁਸਤਕ ‘ਪਿੰਜਰਾ’ ਲੋਕ ਅਰਪਿਤ ਕੀਤੀ ਗਈ।ਜ਼ਿਲ੍ਹਾ ਲਾਇਬ੍ਰੇਰੀ ਵਿੱਚ ਸਥਾਨਕ ਸਾਹਿਤ ਸਭਾਵਾਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਹੋਏ ਇਸ ਸਾਹਿਤਕ ਸਮਾਗਮ ਦੀ ਸ਼ੁਰੂਆਤ ਮਨਮੋਹਨ ਸਿੰਘ ਢਿੱਲੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਸ਼ਾਇਰ ਮਲਵਿੰਦਰ ਵਲੋਂ ਪੁਸਤਕ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਪੁਸਤਕ ’ਤੇ ਹੋਈ ਅਰਥ ਭਰਪੂਰ ਵਿਚਾਰ ਚਰਚਾ `ਚ ਹਿੱਸਾ ਲੈਂਦਿਆਂ ਡਾ. ਇਕਬਾਲ ਕੌਰ ਸੌਂਧ ਨੇ ਕਿਹਾ ਕਿ ਕਹਾਣੀਕਾਰ ਕੋਲ ਕਹਾਣੀ ਕਹਿਣ ਦੀ ਗਹਿਰੀ ਸਮਝ ਹੈ ਅਤੇ ਉਹ ਆਪਣੀ ਪ੍ਰੋੜ ਦ੍ਰਿਸ਼ਟੀ ਨਾਲ ਕਥਾ ਦੀਆਂ ਬਰੀਕੀਆਂ ਬਿਆਨਦੀ ਹੈ।ਡਾ. ਇੰਦਰਾ ਵਿਰਕਾ ਨੇ ਕਿਹਾ ਕਿ ਕਥਾ ਪੁਸਤਕ ਦੀਆਂ ਸਮੁੱਚੀਆਂ ਕਹਾਣੀਆਂ ਵਿਚ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਮਸਲਿਆਂ ਨੂੰ ਉਭਾਰਦੀਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਅਮੀਰ ਭਾਸ਼ਾ ਸ਼ੈਲੀ ਕਰਕੇ ਹਰ ਕਹਾਣੀ ਮਨ ਨੂੰ ਟੁੰਬਦੀ ਹੈ।ਸ਼ਾਇਰਾ ਅਰਤਿੰਦਰ ਸੰਧੂ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਸਤਕ ਵਿਚਲੀਆਂ ਕਹਾਣੀਆਂ ਨਵਾਂ ਸੰਵਾਦ ਰਚਾਉਂਦੀਆਂ ਹਨ। ਸਮੁੱਚੀ ਚਰਚਾ ਨੂੰ ਸਮੇਟਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਪੁਸਤਕ ‘ਪਿੰਜਰਾ’ ਵਿਚਲੀਆਂ ਕਹਾਣੀਆਂ ਜੀਵਨ ਦੇ ਹੰਢਾਏ ਗਹਿਰੇ ਅਨੁਭਵ ਵਿਚੋਂ ਨਿਕਲੀਆਂ ਹਨ, ਜਿਨ੍ਹਾਂ ਦੀਆਂ ਕਥਾ ਜੁਗਤਾਂ, ਘਟਨਾਵਾਂ ਦੀ ਬਿਰਤਾਂਤਕਾਰੀ ਅਤੇ ਭਾਸ਼ਾ ਸ਼ੈਲੀ ਕਿਤੇ ਵੀ ਓਪਰੀ ਨਹੀਂ ਲਗਦੀ। ਜਸਬੀਰ ਸਿੰਘ ਝਬਾਲ, ਡਾ. ਹਜ਼ਾਰਾ ਸਿੰਘ ਚੀਮਾ, ਧਰਵਿੰਦਰ ਔਲਖ ਅਤੇ ਹਰਭਜਨ ਖੇਮਕਰਨੀ ਨੇ ਕਿਹਾ ਕਿ ਲੇਖਕਾ ਕੋਲ ਵਿਗਿਆਨਕ ਸੂਝ ਹੈ, ਜਿਹੜੀ ਹਰ ਕਹਾਣੀ ਵਿਚ ਦ੍ਰਿਸ਼ਟੀਗੋਚਰ ਹੈ। ਡਾ. ਪ੍ਰਭਜੋਤ ਕੌਰ ਨੇ ਧੰਨਵਾਦੀ ਸ਼ਬਦ ਕਹੇ।
ਇਸ ਸਮੇਂ ਹੋਏ ਕਵੀ ਦਰਬਾਰ ਵਿਚ ਜਗਤਾਰ ਗਿੱਲ, ਕਲਿਆਣ ਅੰਮ੍ਰਿਤਸਰੀ, ਪੂਨਮ, ਬਲਵਿੰਦਰ ਕੌਰ ਰੰਧਾਵਾ, ਚੰਨ ਅਮਰੀਕ, ਪ੍ਰੋ. ਮਧੂ ਸ਼ਰਮਾ, ਰਜਵੰਤ ਬਾਜਵਾ, ਅਜੀਤ ਸਿੰਘ ਨਬੀਪੁਰ, ਡਾ. ਭੁਪਿੰਦਰ ਫੇਰੂਮਾਨ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸੰਧੂ, ਡਾ. ਕਾਬਲ ਸਿੰਘ, ਸੁਮੀਤ ਸਿੰਘ, ਪ੍ਰੋ: ਮੋਹਨ ਸਿੰਘ, ਜਸਬੀਰ ਕੌਰ, ਪਿ੍ਰੰ: ਨਰੋਤਮ ਸਿੰਘ, ਰਾਜ ਖੁਸ਼ਵੰਤ ਸਿੰਘ ਸੰਧੂ, ਰਨਬੀਰ ਰਾਣਾ ਅਤੇ ਪ੍ਰਿੰ: ਕੁਲਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media